ਪੰਜਾਬ ਸਰਕਾਰ ਸੂਬੇ ’ਚ ਕਿਸੇ ਵੀ ਸਿਹਤ ਸਬੰਧੀ ਸੰਕਟ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ – ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ

ਇੰਫਲੁਐਂਜ਼ਾ/ ਸਾਹ ਸਬੰਧੀ ਗੰਭੀਰ ਬਿਮਾਰੀਆਂ ਦੇ ਵਾਇਰਸ ਦੇ ਫੈਲਾਅ ਨਾਲ ਨਜਿੱਠਣ ਲਈ ਡਾਕਟਰਾਂ, ਮੈਡੀਕਲ ਸਟਾਫ਼ ਦੀ ਕੋਈ ਕਮੀ ਨਹੀਂ : ਰਮਨ ਬਹਿਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ

ਗੁਰਦਾਸਪੁਰ, 21 ਦਸੰਬਰ (ਸਰਬਜੀਤ ਸਿੰਘ)– ਇੰਫਲੁਐਂਜ਼ਾ ਵਰਗੀ ਬਿਮਾਰੀ/ਸਾਹ ਲੈਣ ਸਬੰਧਤ ਗੰਭੀਰ ਬਿਮਾਰੀ (ਆਈ.ਐੱਲ.ਆਈ./ਐੱਸ.ਏ.ਆਰ.ਆਈ.) ਜਿਵੇਂ ਕਿ ਕੋਵਿਡ-19, ਸਬੰਧੀ ਰਿਪੋਰਟਾਂ ਸਾਹਮਣੇ ਆਉਣ ਦੇ ਨਾਲ, ਪੰਜਾਬ ਦਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਜਿਹੀ ਕਿਸੇ ਵੀ ਤਰਾਂ ਦੀ ਸੰਕਟਕਾਲੀ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸੂਬਾ ਸਰਕਾਰ ਹਸਪਤਾਲਾਂ ਵਿੱਚ ਲੋੜੀਂਦੇ ਬੈੱਡਾਂ ਅਤੇ ਵੈਂਟੀਲੇਟਰਾਂ ਤੋਂ ਇਲਾਵਾ ਵਾਇਰਸ ਦੇ ਫੈਲਾਅ ਨਾਲ ਨਜਿੱਠਣ ਲਈ ਪੀਪੀਈ ਕਿੱਟਾਂ, ਮਾਸਕ ਅਤੇ ਟੈਸਟਿੰਗ ਕਿੱਟਾਂ ਦੀ ਉਪਲਬਧਤਾ ਅਤੇ ਢੁਕਵੇਂ ਪ੍ਰਬੰਧਾਂ ਨਾਲ ਪੂਰੀ ਤਰਾਂ ਤਿਆਰ ਹੈ।

ਉਨਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ ਸਿਹਤ ਸਹੂਲਤਾਂ ਵਿੱਚ ਲੋੜੀਂਦੇ ਡਾਕਟਰ ਅਤੇ ਮੈਡੀਕਲ ਸਟਾਫ਼ ਮੌਜੂਦ ਹੈ। ਇਸ ਤੋਂ ਇਲਾਵਾ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਾਰੇ ਆਕਸੀਜਨ ਪਲਾਂਟ ਅਤੇ ਐਮਰਜੈਂਸੀ ਸਿਸਟਮ ਸਰਗਰਮ ਹਨ।

ਹਾਲਾਂਕਿ ਸਥਿਤੀ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਪਰ ਬਾਵਜੂਦ ਇਸਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਨੇ ਲੋਕਾਂ ਨੂੰ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਵਾਰ-ਵਾਰ ਹੱਥ ਧੋਣ ਅਤੇ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।

ਉਨਾਂ ਕਿਹਾ, “ਲੋਕਾਂ, ਖਾਸ ਤੌਰ ’ਤੇ ਜਿੰਨਾਂ ਦੀ ਇਮਿਊਨਟੀ ਘੱਟ ਹੈ (ਇਮਿਊਨੋਕੰਪਰੋਮਾਈਜ਼ਡ) ਜਾਂ ਜਿੰਨਾਂ ਨੂੰ ਕੋਵਿਡ ਦੇ ਲੱਛਣ ਜਿਵੇਂ ਜ਼ੁਕਾਮ ਜਾਂ ਖੰਘ ਹਨ, ਨੂੰ ਆਪਣਾ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਜਦੋਂ ਤੱਕ ਕੋਈ ਜ਼ਰੂਰੀ ਕੰਮ ਨਾ ਹੋਵੇ, ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ।  

Leave a Reply

Your email address will not be published. Required fields are marked *