ਪੰਜਾਬ ਅਤੇ ਕੇਂਦਰ ਸਰਕਾਰਾਂ ਦੀ ਰੋਜ਼ਗਾਰਹੀਣ ਨੀਤੀ ਕਾਰਣ ਗਰੀਬ ਪਰਿਵਾਰ ਰੋਟੀ ਤੋਂ ਵੀ ਆਤਰੇ-ਬੱਖਤਪੁਰਾ
ਗੁਰਦਾਸਪੁਰ, 22 ਨਵੰਬਰ (ਸਰਬਜੀਤ ਸਿੰਘ)– ਅੱਜ ਮਜ਼ਦੂਰ ਮੁਕਤੀ ਮੋਰਚਾ ਅਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਵਲੋਂ ਮਾਈਕਰੋ ਫਾਈਨਾਂਸ ਕੰਪਨੀਆਂ ਦੀ ਧਕੇਸਾਹੀ ਵਿਰੁੱਧ ਨਹਿਰੂ ਪਾਰਕ ਵਿਖੇ ਹਜ਼ਾਰਾਂ ਲੋਕਾਂ ਦੀ ਰੈਲੀ ਕੀਤੀ ਅਤੇ ਬਾਜ਼ਾਰਾਂ ਵਿਚ ਪ੍ਰਦਰਸ਼ਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਦੇ ਦਫਤਰ ਮੂਹਰੇ ਧਰਨਾ ਦਿੱਤਾ ਗਿਆ।
ਇਸ ਸਮੇਂ ਬੋਲਦਿਆਂ ਮਜ਼ਦੂਰਾਂ ਦੇ ਸੂਬਾ ਆਗੂ ਵਿਜੇ ਕੁਮਾਰ ਸੋਹਲ, ਗੁਲਜ਼ਾਰ ਸਿੰਘ ਭੁੰਬਲੀ, ਦਲਬੀਰ ਭੋਲਾ ਮਲਕਵਾਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਬੇਜ਼ਮੀਨੇ ਅਤੇ ਗਰੀਬ ਲੋਕਾਂ ਨੂੰ ਮਾਈਕਰੋ ਫਾਈਨਾਂਸ ਕੰਪਨੀਆਂ ਨੇ ਬੁਰੀ ਤਰ੍ਹਾਂ ਕਰਜ਼ਾ ਜਾਲ ਵਿਚ ਫਸਾ ਰੱਖਿਆ ਹੈ ਜੋ ਕਰਜ਼ਾ ਪੀੜਤ ਲੋਕ ਹੁਣ ਕਰਜ਼ੇ ਦੀਆਂ ਕਿਸ਼ਤਾਂ ਦੇਣ ਤੋਂ ਅਸਮਰਥ ਹਨ ਪਰ ਕੰਪਨੀਆਂ ਦੇ ਕਰਿੰਦੇ ਗਰੀਬਾਂ ਦੇ ਘਰਾਂ ਵਿੱਚ ਜਬਰੀ ਦਾਖਲ ਹੋ ਕੇ ਜਬਰੀ ਕਿਸ਼ਤਾਂ ਦੀ ਉਗਰਾਹੀ ਕਰ ਰਹੇ ਹਨ ਜੋ ਸਰਾਸਰ ਗੈਰ ਕਾਨੂੰਨੀ ਹੈ। ਆਗੂਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰਾਂ ਦੀ ਰੋਜ਼ਗਾਰਹੀਣ ਨੀਤੀ ਕਾਰਣ ਗਰੀਬ ਪਰਿਵਾਰ ਰੋਟੀ ਤੋਂ ਵੀ ਆਤਰ ਹਨ ਜਿਸ ਕਾਰਨ ਉਹ ਤਰ੍ਹਾਂ ਤਰ੍ਹਾਂ ਦੇ ਕਰਜ਼ੇ ਵਿੱਚ ਫ਼ਸ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਚੋਣਾਂ ਸਮੇਂ ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਗਰੰਟੀ ਦਿਤੀ ਸੀ, ਇਹ ਵੀ ਗਰੰਟੀ ਦਿੱਤੀ ਸੀ ਕਿ ਹਰ ਔਰਤ ਨੂੰ 1000 ਰੁਪਏ ਮਹੀਨਾ ਸਹਾਇਤਾ ਦਿੱਤੀ ਜਾਵੇਗੀ, ਬੁਢਾਪਾ ਵਿਧਵਾ ਪੈਨਸ਼ਨ 2500 ਰੁਪਏ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ ਪਰ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਗਰੰਟੀਆ ਦਾ ਜ਼ਿਕਰ ਕਰਨਾ ਹੀ ਛੱਡ ਦਿੱਤਾ ਹੈ। ਮਜ਼ਦੂਰ ਆਗੂਆਂ ਮਾਈਕਰੋ ਫਾਈਨਾਂਸ ਕੰਪਨੀਆਂ ਵਲੋਂ ਜਬਰੀ ਕਿਸ਼ਤਾਂ ਦੀ ਉਗਰਾਹੀ ਬੰਦ ਕਰਨ ਲਈ ਕਿਹਾ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਜਬਰੀ ਕਿਸ਼ਤਾਂ ਲੈਣੀਆਂ ਕੰਪਨੀਆਂ ਨੇ ਬੰਦ ਨਾ ਕੀਤੀਆਂ ਤਾਂ ਕੰਪਨੀਆਂ ਦੇ ਦਫ਼ਤਰਾਂ ਦੇ ਘਿਰਾਓ ਕੀਤੇ ਜਾਣਗੇ। ਇਹ ਵੀ ਮੰਗ ਕੀਤੀ ਗਈ ਕਿ ਸਰਕਾਰ ਮਾਈਕਰੋ ਫਾਈਨਾਂਸ ਕੰਪਨੀਆਂ ਦਾ ਕਰਜ਼ਾ ਸਰਕਾਰ ਆਪਣੇ ਜੁਮੇਂ ਲਵੇ ਕਿਉਂਕਿ ਗਰੀਬ ਬੇਰੁਜ਼ਗਾਰੀ ਦੀ ਹਾਲਤ ਕਰਜ਼ੇ ਦਾ ਭੁਗਤਾਨ ਨਹੀਂ ਕਰ ਸਕਦੇ। ਬੁਲਾਰਿਆਂ ਕਿਹਾ ਕਿ ਭਵਿੱਖ ਵਿਚ ਮਜ਼ਦੂਰਾਂ ਨੂੰ ਕਰਜ਼ੇ ਜਾਲ ਚੋਂ ਬਾਹਰ ਕੱਢਣ ਲਈ ਮਨਰੇਗਾ ਵਰਗੇ ਰੋਜ਼ਗਾਰ ਨੂੰ ਹਰ ਮਜ਼ਦੂਰ ਪਰਿਵਾਰ ਤੱਕ ਪੁੱਜਦਾ ਕਰਨ ਲਈ ਠੋਸ ਅਤੇ ਸਥਾਈ ਪ੍ਰਬੰਧ ਕੀਤੇ ਜਾਣ।ਇਸ ਸਮੇਂ ਕੁਲਦੀਪ ਰਾਜੂ, ਸੁਖਦੇਵ ਸਿੰਘ ਭਾਗੋਕਾਵਾਂ, ਹਜ਼ਾਰਾ ਸਿੰਘ,ਸਕੰਦਰ ਸਾਂਭੀ, ਰਮਨਪ੍ਰੀਤ ਪਿਡੀ, ਪਿੰਟਾ ਤਲਵੰਡੀ ਭਰਥ, ਗੋਪਾਲ ਕ੍ਰਿਸ਼ਨ ਪਾਲਾ, ਗੁਰਵਿੰਦਰ ਸਿੰਘ ਬੋਪਾਰਾਏ, ਕੁਲਦੀਪ ਕੱਟੜ, ਪਰਮਜੀਤ ਕੌਰ ਦਮੋਦਰ, ਬਲਵਿੰਦਰ ਪ੍ਰਾਚਾ, ਬਲਵੰਤ ਕੌਰ ਵਡਾਲਾ ਬਾਂਗਰ ਅਤੇ ਨੀਲਮ ਬਦੋਵਾਲ ਵੀ ਹਾਜ਼ਰ ਸਨ


