ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਆਪਣੇ 19 ਮਹੀਨਿਆਂ ਦੇ ਕਾਰਜਕਾਲ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਵਾਈ ਜਹਾਜ਼ ‘ਚ ਬਿਠਾ ਕੇ ਚੋਣਾਂ ਵਾਲੇ ਸੂਬਿਆਂ ‘ਚ ਪਹੁੰਚਾਉਣ ‘ਤੇ ਕਰੀਬ 50 ਕਰੋੜ ਰੁਪਏ ਖ਼ਰਚ ਕੀਤੇ।
ਚੰਡੀਗੜ, ਗੁਰਦਾਸਪੁਰ, 9 ਨਵੰਬਰ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਆਪਣੀ ਸੀਨੀਅਰ ਲੀਡਰਸ਼ਿਪ ਦੇ ਆਰਾਮ ਅਤੇ ਪਾਰਟੀ ਵਿਸਥਾਰ ‘ਤੇ ਪੰਜਾਬ ਦੇ ਖਜ਼ਾਨੇ ਨੂੰ ਬਰਬਾਦ ਕਰਨ ਲਈ ਤਿੱਖੀ ਆਲੋਚਨਾ ਕੀਤੀ ਹੈ। ਇਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਆਪਣੇ 19 ਮਹੀਨਿਆਂ ਦੇ ਕਾਰਜਕਾਲ ਦੌਰਾਨ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਵਾਈ ਜਹਾਜ਼ਾਂ ਰਾਹੀਂ ਚੋਣਾਂ ਵਾਲੇ ਸੂਬਿਆਂ ‘ਚ ਪਹੁੰਚਾਉਣ ਲਈ ਲਗਭਗ 50 ਕਰੋੜ ਰੁਪਏ ਖਰਚ ਕੀਤੇ ਹਨ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਸਿਰਫ ਪਾਰਟੀ ਦੇ ਵਿਸਥਾਰ ਅਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਚੋਣ ਰੈਲੀਆਂ ‘ਚ ਲਿਜਾਣ ਲਈ ਫਿਕਸਡ ਵਿੰਗ ਜਹਾਜ਼ ਕਿਰਾਏ ‘ਤੇ ਲਿਆ ਸੀ। ਬਾਜਵਾ ਨੇ ਕਿਹਾ ਕਿ ਗੁਜਰਾਤ ਵਿੱਚ ਦੋ ਰੋਜ਼ਾ ਚੋਣ ਰੈਲੀਆਂ ਵਿੱਚ ਪੰਜਾਬ ਸਰਕਾਰ ਨੇ ਇੱਕ ਨਿੱਜੀ ਜਹਾਜ਼ ‘ਤੇ ਲਗਭਗ 45 ਲੱਖ ਰੁਪਏ ਖਰਚ ਕੀਤੇ। ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਪਹਿਲਾਂ ਹੀ ਹੈਲੀਕਾਪਟਰ ਹੈ। ਇਸ ਤੋਂ ਇਲਾਵਾ ਇਸ ਨੇ ਫਿਕਸਡ ਵਿੰਗ ਜਹਾਜ਼ ਵੀ ਕਿਰਾਏ ‘ਤੇ ਲਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਪਿਛਲੀਆਂ ਸਰਕਾਰਾਂ ਦਾ ਸਾਲਾਨਾ ਜਹਾਜ਼ ਖਰਚ 7-8 ਕਰੋੜ ਰੁਪਏ ਸੀ। ਬਾਜਵਾ ਨੇ ਕਿਹਾ ਕਿ ਸਰਕਾਰ ਨੇ ਥੋੜ੍ਹੇ ਦਿਨ ਪਹਿਲਾਂ ਹੀ 1950 ਰੁਪਏ ਦਾ ਕਰਜ਼ਾ ਲਿਆ। ਓਹ ਇੱਕ ਪਾਸੇ ਤਾਂ ਕਰਜ਼ਾ ਲੈ ਰਹੇ ਹਨ ਤੇ ਦੂਜੇ ਪਾਸੇ ਪੈਸੇ ਬਰਬਾਦ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਵਿੱਤੀ ਸਾਲ 2022-23 ‘ਚ ਸੂਬੇ ‘ਤੇ ਕਰਜ਼ੇ ਦਾ ਬੋਝ ਪਹਿਲਾਂ ਹੀ 3 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ। ਵਿੱਤੀ ਸਾਲ 2023-24 ਦੇ ਅੰਤ ਤੱਕ ਇਸ ਦੇ ਵਧ ਕੇ 3,47,542.39 ਕਰੋੜ ਰੁਪਏ ਹੋਣ ਦੀ ਉਮੀਦ ਹੈ। ਪੰਜਾਬ ਦੀ ਆਰਥਿਕਤਾ ਦਾ ਖ਼ੂਨ ਵਗ ਰਿਹਾ ਹੈ। ਅਜਿਹੀ ਸਥਿਤੀ ਵਿੱਚ ‘ਆਪ’ ਸਰਕਾਰ ਦਾ ਇਹ ਜਹਾਜ਼ ਕਿਰਾਏ ‘ਤੇ ਲੈਣ ਦਾ ਫ਼ੈਸਲਾ ਕਿੰਨਾ ਘਾਤਕ ਹੈ। ਪੰਜਾਬ ਦੇ ਮੁੱਖ ਮੰਤਰੀ ਦਾ ਮਜ਼ਾਕ ਉਡਾਉਂਦੇ ਹੋਏ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਭਗਵੰਤ ਮਾਨ ਸਿਰਫ ਸਾਰਥੀ ਦੀ ਭੂਮਿਕਾ ਤੱਕ ਹੀ ਸੀਮਤ ਹੋ ਗਏ ਹਨ, ਜਿਨ੍ਹਾਂ ਦਾ ਇਕੋ ਇਕ ਕੰਮ ਬਿਨਾਂ ਕੋਈ ਸਵਾਲ ਪੁੱਛੇ ਆਪਣੇ ਮਾਲਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣਾ ਹੈ।