ਪੰਜਾਬ ਸਰਕਾਰ ਨਿਯੁਕਤੀ ਪੱਤਰ ਵਿੱਚ ਦਰਜ ਸੇਵਾ ਸ਼ਰਤਾ ਅਤੇ ਲਾਭਾ ਸੰਬੰਧੀ ਲਿਖਤੀ ਵਾਅਦਿਆਂ ਤੋਂ ਮੁੱਕਰੀ
ਗੁਰਦਾਸਪੁਰ, 24 ਅਕਤੂਬਰ (ਸਰਬਜੀਤ ਸਿੰਘ)– ਕੰਪਿਊਟਰ ਅਧਿਆਪਕ ਯੂਨੀਅਨ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਪਿੰਦਰ ਸਿੰਘ ਅਤੇ ਜਨਰਲ ਸਕੱਤਰ ਨਰਿੰਦਰਪਾਲ ਦੀ ਅਗੁਵਾਈ ਹੇਠ ਪੰਜਾਬ ਸਰਕਾਰ ਦੇ ਲਾਰੇ ਲੱਪੇ ਤੇ ਢਿੱਲ ਮੱਠ ਨੀਤੀ ਦਾ ਵਿਰੋਧ ਕਰਦਿਆਂ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂੰਕਿਆ ਗਿਆ ਅਤੇ ਸ਼ਹਿਰ ਦੇ ਮੁੱਖ ਬਜਾਰਾਂ ਵਿੱਚ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਨਾਲ ਹੀ ਸਿੱਖਿਆ ਮੰਤਰੀ ਵੱਲੋਂ ਕੰਪਿਊਟਰ ਅਧਿਆਪਕਾਂ ਤੇ ਪਿੱਛਲੇ ਸਾਲ ਦੀਵਾਲੀ ਤੇ ਤੋਹਫੇ ਵਜੋਂ ਪੇਅ ਕਮਿਸ਼ਨ ਅਤੇ ਸੀ.ਐਸ.ਆਰ ਰੂਲਜ ਲਾਗੂ ਕਰਨ ਦੇ ਐਲਾਨ ਨਾਮੇ ਦੇ ਪੈਂਫਲੈਟ ਵੰਡੇ ਗਏ ਜੋ ਕਿ ਅਜੇ ਵੀ ਇੱਕ ਸਾਲ ਬੀਤਣ ਦੇ ਬਾਵਜੂਦ ਅਧੂਰਾ ਹੈ। ਇਸ ਮੌਕੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਮੇਂ ਸਿਰ ਪੂਰਾ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ ਕਰਨਗੇ।
ਇਸ ਮੌਕੇ ਨਾਅਰੇਬਾਜੀ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕੀ ਭਾਵੇ ਸਾਲ 2011 ਵਿੱਚ ਪਿਕਟਸ ਸੋਸਾਇਟੀ ਚ ਕੰਪਿਊਟਰ ਅਧਿਆਪਕਾਂ ਨੂੰ ਸਿਵਲ ਸਰਵਿਸਜ਼ ਰੂਲਜ ਤਹਿਤ ਰੈਗੂਲਰ ਕੀਤਾ ਗਿਆ ਸੀ, ਪਰ ਰੈਗੂਲਰ ਹੋਣ ਤੋਂ 12 ਸਾਲ ਬਾਅਦ ਵੀ ਅਧਿਆਪਕਾਂ ਦੀ ਰੈਗੂਲਰ ਨਿਯੁਕਤੀ ਪੱਤਰ ਵਿੱਚ ਲਿਖੀਆਂ ਸ਼ਰਤਾਂ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਈ ਨਵੀਂ ਮੰਗ ਨਹੀਂ ਹੈ। ਉਨ੍ਹਾਂ ਦੀ ਮੁੱਖ ਮੰਗਾਂ ਛੇਵੇ ਤਨਖਾਹ ਕਮਿਸ਼ਨ ਨੂੰ ਲਾਗੂ ਕਰਨਾ, ਪੰਜਾਬ ਸਿਵਲ ਸਰਵਿਸਜ਼ ਰੂਲਜ ਲਾਗੂ ਕਰਨਾ ਅਤੇ ਕਿਸੇ ਕਾਰਨ ਆਪਣੀ ਜਾਨ ਗੁਆ ਚੁੱਕੇ ਕੰਪਿਊਟਰ ਅਧਿਆਪਕਾਂ ਦੇ ਆਸ਼ਰਿਤਾਂ ਨੂੰ ਰੋਜਗਾਰ ਦੇਣਾ ਹੈ।
ਵਰਣਯੋਗ ਹੈ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 15 ਸਤੰਬਰ 2022 ਨੂੰ ਕੰਪਿਊਟਰ ਅਧਿਆਪਕਾਂ ਨੂੰ ਲਾਭ ਦੇਣ ਦਾ ਐਲਾਨ ਕੀਤਾ ਸੀ ਅਤੇ ਪਿਛਲੇ ਸਾਲ ਦੀਵਾਲੀ ਦੇ ਮੌਕੇ ਇਸ ਨੂੰ ਕਈ ਵਾਰ ਅਖਬਾਰਾਂ ਸੋਸ਼ਲ ਮੀਡੀਅ ਤੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟ ਫਾਰਮਾਂ ਤੇ ਪ੍ਰਕਾਸ਼ਿਤ ਕੀਤਾ ਗਿਆ ਸੀ। ਇਕ ਸਾਲ ਬਾਅਦ ਵੀ ਅਧੂਰਾ ਹੈ। ਇਸ ਮੌਕੇ ਪੰਜਾਬ ਸਰਕਾਰ ਦੀ ਪੱਖਪਾਤੀ ਨੀਤੀ ਦੀ ਸਖਤ ਆਲੋਚਨਾ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ 29 ਅਕਤੂਬਰ ਨੂੰ ਆਰ-ਪਾਰ ਦੇ ਸੰਘਰਸ਼ ਦਾ ਐਲਾਨ ਕਰਕੇ ਗੁਪਤ ਐਕਸ਼ਨ ਕੀਤਾ ਜਾਵੇਗਾ। ਇਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਸਟੇਟ ਕਮੇਟੀ ਮੈਂਬਰ ਪਰਮਿੰਦਰ ਸਿੰਘ ਘੁਮਾਣ, ਗੁਰਪ੍ਰੀਤ ਸਿੰਘ ਬੰਦੇਸ਼ਾ, ਗੁਰਜਿੰਦਰ ਸਿੰਘ, ਜਗਦੀਸ਼ ਸਿੰਘ, ਨਰੇਸ਼ ਕੁਮਾਰ, ਰਵਿੰਦਰ ਸਿੰਘ, ਗੁਰਪ੍ਰੀਤ ਸੋਹਲ, ਸਲਵਿੰਦਰ ਕੁਮਾਰ, ਸੁਖਦੇਵ ਸਿੰਘ, ਅਸ਼ੋਕ ਕੁਮਾਰ, ਇੰਦਰਜੀਤ ਸਿੰਘ, ਦੀਪਕ ਕੁਮਾਰ, ਨਰਿੰਦਰ ਕੁਮਾਰ, ਮਨਪ੍ਰੀਤ ਸਿੰਘ, ਕੇਵਲ ਕ੍ਰਿਸ਼ਨ, ਸੁਖਦੀਪ ਸਿੰਘ, ਸਤਨਾਮ ਸਿੰਘ, ਸਤੀਸ਼ ਕੁਮਾਰ, ਬਲਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।