ਅਗਨੀ ਵੀਰ ਦੀ ਬਜਾਏ ਪੱਕੀ ਫੌਜੀ ਭਰਤੀ ਸ਼ੁਰੂ ਕਰਨ ਦੀ ਮੰਗ-ਨੱਤ
ਮਾਨਸਾ, ਗੁਰਦਾਸਪੁਰ, 17 ਅਕਤੂਬਰ (ਸਰਬਜੀਤ ਸਿੰਘ)– ਅੱਜ ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਪਿੰਡ ਨੰਗਲ ਕਲਾਂ ਵਿਖੇ ਨਕਸਲਬਾੜੀ ਲਹਿਰ ਦੌਰਾਨ ਪੁਲਸ ਵਲੋਂ ਦਿਨ ਦਿਹਾੜੇ ਅਗਵਾ ਕਰਕੇ ਸ਼ਹੀਦ ਕਰ ਦਿੱਤੇ ਗਏ ਕਾਮਰੇਡ ਰਣਜੀਤ ਸਿੰਘ ਪੀ ਟੀ ਮਾਸਟਰ ਦੀ 52ਵੀਂ ਮੌਕੇ ਉਨਾਂ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ।
ਸਮਾਗਮ ਦੌਰਾਨ ਪਾਰਟੀ ਆਗੂਆਂ ਨੇ ਸ਼ਹੀਦ ਰਣਜੀਤ ਸਿੰਘ ਦੇ ਨਾਲ ਜੁੜੇ ਰਹੇ ਪਿੰਡ ਦੇ ਦੋ ਬਜ਼ੁਰਗ ਸਾਥੀਆਂ ਕਾਮਰੇਡ ਬੁੱਗਰ ਖਾਨ, ਕਾਮਰੇਡ ਮੋਦਨ ਸਿੰਘ ਅਤੇ ਸ਼ਹੀਦ ਦੇ ਭਤੀਜਿਆਂ ਕੁਲਵੀਰ ਸਿੰਘ ਤੇ ਸੁਖਵੀਰ ਸਿੰਘ ਦਾ ਸਨਮਾਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਜ਼ਮੀਨ ਦੀ ਰਾਖੀ ਲਈ ਤਾਂ ਇਤਿਹਾਸ ਵਿਚ ਕਈ ਅੰਦੋਲਨ ਹੋਏ ਪਰ ਨਕਸਲਬਾੜੀ ਲਹਿਰ ਦੀ ਵਿਸ਼ੇਸ਼ਤਾ ਹੈ ਕਿ ਇਸ ਦਾ ਟੀਚਾ ਜ਼ਮੀਨ ਦੀ ਮੁੜ ਵੰਡ ਤੇ ਇਨਕਲਾਬੀ ਜ਼ਮੀਨੀ ਸੁਧਾਰ ਕਰਨਾ ਸੀ। ਇਸ ਤਿੱਖੀ ਜਦੋਜਹਿਦ ਵਿਚ ਕਾਮਰੇਡ ਰਣਜੀਤ ਸਿੰਘ ਸਮੇਤ ਹਜ਼ਾਰਾਂ ਇਨਕਲਾਬੀਆਂ ਨੇ ਅਣਮਨੁੱਖੀ ਹਕੂਮਤੀ ਦਮਨ ਝੱਲਿਆ, ਸ਼ਹਾਦਤਾਂ ਦਿੱਤੀਆਂ ਅਤੇ ਸਜ਼ਾਵਾਂ ਭੁਗਤੀਆਂ। ਇਕ ਨਵਾਂ ਸਮਾਜਵਾਦੀ ਨਿਜ਼ਾਮ ਸਿਰਜਣ ਲਈ ਇਹ ਜਮਾਤੀ ਇਨਕਲਾਬੀ ਸੰਗਰਾਮ ਅੱਜ ਵੀ ਜਾਰੀ ਹੈ। ਪਾਰਟੀ ਦੇ ਜ਼ਿਲਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਸ਼ਹੀਦਾਂ ਨੂੰ ਯਾਦ ਕਰਨ ਦਾ ਅਰਥ ਉਨਾਂ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਦਾ ਸੰਕਲਪ ਲੈਣਾ ਹੈ। ਪਾਰਟੀ ਆਫ ਰਹੀਆਂ ਲੋਕ ਸਭਾ ਚੋਣਾਂ ਵਿਚ ਫਾਸਿਸਟ ਸੰਘ-ਬੀਜੇਪੀ ਤੇ ਉਨਾਂ ਦੇ ਭਾਈਵਾਲਾ ਨੂੰ ਲੱਕ ਤੋੜਵੀਂ ਹਾਰ ਦੇਣ ਲਈ ਪੂਰੀ ਤਾਕਤ ਨਾਲ ਕੰਮ ਕਰ ਰਹੀ ਹੈ। ਪ੍ਰਗਤੀਸ਼ੀਲ ਇਸਤਰੀ ਸਭਾ ਦੀ ਕੌਮੀ ਕਮੇਟੀ ਮੈਂਬਰ ਜਸਬੀਰ ਕੌਰ ਨੱਤ ਨੇ ਕਿਹਾ ਕਿ ਮੋਦੀ ਸਰਕਾਰ ਦੀ ਮਾੜੀ ਨੀਤੀ ਤਹਿਤ ਜ਼ੋ ਸਲੂਕ ਮਾਨਸਾ ਜਿਲੇ ਦੇ ਜੰਮੂ ਕਸ਼ਮੀਰ ਵਿਚ ਸ਼ਹੀਦ ਹੋਏ ਅਗਨੀ ਵੀਰ ਫੌਜੀ ਜੁਆਨ ਅੰਮ੍ਰਿਤ ਪਾਲ ਸਿੰਘ ਨਾਲ ਕੀਤਾ ਹੈ, ਉਹ ਸਾਡੇ ਸਾਰੇ ਨੌਜਵਾਨਾਂ ਤੇ ਸੈਨਿਕਾਂ ਦਾ ਘੋਰ ਅਪਮਾਨ ਹੈ। ਸਾਡੀ ਮੰਗ ਹੈ ਕਿ ਇਹ ਅਖੌਤੀ ਅਗਨੀ ਵੀਰ ਸਕੀਮ ਰੱਦ ਕਰਕੇ ਮੁੜ ਪੱਕੀ ਫੌਜੀ ਭਰਤੀ ਸ਼ੁਰੂ ਕੀਤੀ ਜਾਵੇ। ਸਮਾਗਮ ਦਾ ਸੰਚਾਲਨ ਲਿਬਰੇਸ਼ਨ ਦੇ ਤਹਿਸੀਲ ਸਕੱਤਰ ਕਾਮਰੇਡ ਗੁਰਸੇਵਕ ਸਿੰਘ ਮਾਨ ਨੇ ਕੀਤਾ।
ਸਮਾਗਮ ਨੂੰ ਪਾਰਟੀ ਅਤੇ ਮਜ਼ਦੂਰ ਮੁਕਤੀ ਮੋਰਚੇ ਦੇ ਆਗੂ ਕਾਮਰੇਡ ਦਰਸ਼ਨ ਸਿੰਘ ਦਾਨੇਵਾਲਾ, ਨਾਜ਼ਰ ਸਿੰਘ ਨੰਗਲ ਖੁਰਦ, ਰੇਸ਼ਮ ਸਿੰਘ ਘਰਾਗਣਾਂ, ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਆਗੂ ਅਜੈਬ ਸਿੰਘ, ਅਜੈਬ ਸਿੰਘ ਚੌ ਵਾਲੇ ਅਤੇ ਗੁਰਚਰਨ ਸਿੰਘ ਜਵਾਹਰਕੇ, ਬੀਕੇਯੂ ਡਕੌਂਦਾ ਦੇ ਪਿੰਡ ਪ੍ਰਧਾਨ ਰਣਜੀਤ ਸਿੰਘ, ਸ਼ਹੀਦ ਦੇ ਭਤੀਜੇ ਸੁਖਵੀਰ ਸਿੰਘ, ਕੁਲਵੀਰ ਸਿੰਘ, ਕਾਮਰੇਡ ਜੋਗਿੰਦਰ ਸਿੰਘ ਨੰਗਲ, ਕਾਮਰੇਡ ਮੋਦਨ ਸਿੰਘ ਨੇ ਵੀ ਸੰਬੋਧਨ ਕੀਤਾ। ਲੋਕ ਗਾਇਕ ਮੇਲਾ ਸਿੰਘ ਫਫੜੇ ਭਾਈਕੇ ਨੇ ਇਨਕਲਾਬੀ ਗੀਤ ਪੇਸ਼ ਕੀਤੇ।