ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)— ਬਾਰਾਮੁੱਲਾਂ (ਕਸ਼ਮੀਰ ) ਦੇ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਅੰਮ੍ਰਿਤਸਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਅੰਮ੍ਰਿਤਪਾਲ ਕੌਰ ਜਿਨ੍ਹਾਂ ਨੇ ਭਾਸ਼ਣ (ਸਪੀਚ) ਤੋਂ ਬਾਅਦ ਸਕੂਲ ਦੀ ਟੋਪਰ ਲੜਕੀ ਨੂੰ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਣਾ ਸੀ ….ਇਹੀ ਸੋਚ ਸੋਚ ਕੇ ਆਸਿਫ਼ਾ
ਸਟੇਜ ਤੇ ਇੱਕ ਪਾਸੇ ਲੱਗੀ ਕੁਰਸੀ ਤੇ ਡਰੀ ਤੇ ਖਾਮੋਸ਼ ਜਿਹੀ ਬੈਠੀ ਹੋਈ ਸੀ ……!!!
ਆਸਿਫ਼ਾ
….ਕੁਪਵਾੜਾ ਕਸਬੇ ( ਛੋਟੇ ਜਿਹੇ ਪਿੰਡ )ਦੀ ਇੱਕ ਬਹੁਤ ਹੀ ਗ਼ਰੀਬ ਦੀ ਲੇਕਿਨ ਹੋਣਹਾਰ ਬੇਟੀ ਆਸਿਫ਼ਾ ਜੋ ਕਿ ਦਸਵੀਂ ਤੋਂ ਬਾਅਦ ਅਗਲੀ ਪੜ੍ਹਾਈ ਲਈ ਰੋਜ਼ਾਨਾ ਤਕਰੀਬਨ ਦਸ ਬਾਰਾਂ ਕਿਲੋਮੀਟਰ ਸਾਈਕਲ ਚਲਾ ਕੇ ਪੜ੍ਹਨ ਆਉਂਦੀ ਸੀ ਬਾਰਾਮੁੱਲਾ ਪੜ੍ਹਾਈ ,ਖੇਡ ਮੁਕਾਬਲੇ ,ਡਰਾਇੰਗ …..ਹਰ ਖੇਤਰ ਵਿੱਚ ਅੱਵਲ ਰਹਿਣ ਵਾਲੀ ਸੀ …ਆਸਿਫ਼ਾ!!!
ਆਸਿਫ਼ਾ …ਆਸਿਫ਼ਾ
….ਸਟੇਜ ਤੋਂ ਨਾਮ ਪੁਕਾਰਿਆ ਗਿਆ ਤਾਂ ਅਗਲੇ ਹੀ ਪਲ ਆਸਿਫ਼ਾ ਆਪਣੀ ਕੁਰਸੀ ਤੋਂ ਉੱਠ ਸਟੇਜ ਤੇ ਜਾ ਖੜ੍ਹੀ ਹੋਈ ਤੇ ਹੱਥ ਵਿੱਚ ਮਾਈਕ ਫੜ ਕੇ ਆਪਣੀ ਸਪੀਚ( ਭਾਸ਼ਣ)ਸ਼ੁਰੂ ਕਰ ਦਿੱਤੀ ….ਜਿੱਥੇ ਉਹਦੀ ਸਪੀਚ ਨਾਲ ਸਾਰੇ ਹੀ ਪ੍ਰਭਾਵਿਤ ਹੋਏ ਉਥੇ ਹੀ ਖਾਲਸਾ ਕਾਲਜ ਦੀ ਪ੍ਰਿੰਸੀਪਲ ਅੰਮ੍ਰਿਤਪਾਲ ਕੌਰ ਨੂੰ ਤਾਂ ਇੱਕਦਮ ਕੀਲ ਕੇ ਰੱਖ ਦਿੱਤਾ ….ਸਪੀਚ ਖਤਮ ਹੁੰਦੇ ਹੁੰਦੇ ਪ੍ਰਿੰਸੀਪਲ ਅੰਮ੍ਰਿਤਪਾਲ ਕੌਰ ਨੇ ਆਸਿਫ਼ਾ ਬਾਰੇ ਸਾਰੀ ਜਾਣਕਾਰੀ ਹਾਸਲ ਕਰ ਲਈ …ਸਕੂਲ ਦੀ ਟੌਪਰ ਵਿਦਿਆਰਥਣ ਦੀ ਟਰਾਫ਼ੀ ਦਿੰਦੇ ਹੋਏ ਪ੍ਰਿੰਸੀਪਲ ਸਾਹਿਬਾਂ ਨੇ ਇੱਕ ਵਿਸ਼ੇਸ਼ ਘੋਸ਼ਣਾ ਵੀ ਕਰ ਦਿੱਤੀ ਜਿਸ ਨੂੰ ਸੁਣ ਕੇ ਆਸਿਫ਼ਾ ਇਕਦਮ ਦੰਗ ਰਹਿ ਗਈ ….ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ …..ਘੋਸ਼ਣਾ ਸੀ ਅਗਲੀ ਪੜ੍ਹਾਈ ਦੀ ਸਕਾਲਰਸ਼ਿਪ …….ਮਤਲਬ ਕੇ ਆਸਿਫ਼ਾ ਦੀ ਅੱਗੇ ਦੀ ਪੜਾਈ ਜਿੰਨਾ ਵੀ ਪੜ੍ਹਨਾ ਚਾਹੇ ਮੁਫਤ ਹੋਵੇਗੀ …ਪਰ ਖ਼ਾਲਸਾ ਕਾਲਜ਼ ਆਫ਼ ਗਰਲਜ਼ ਅਮ੍ਰਿਤਸਰ ਵਿਚ ….
ਆਸਿਫ਼ਾ ਖੁਸ਼ੀ ਖੁਸ਼ੀ ਆਪਣੇ ਘਰ ਆਈ, ਜਿੱਥੇ ਉਹ ਬਹੁਤ ਖੁਸ਼ ਸੀ ਉਥੇ ਹੀ ਪ੍ਰੇਸ਼ਾਨ ਵੀ ਹੋ ਗਈ ਕਿਉਂਕਿ ਉਹ ਤਾਂ ਕਦੀ ਰਿਸ਼ਤੇਦਾਰੀ ਵਿੱਚ ਵੀ ਰਾਤ ਨਹੀਂ ਸੀ ਰਹੀ, ਫਿਰ ਦੂਸਰੀ ਸਟੇਟ ਦੂਸਰੇ ਕਲਚਰ ਵਿਚ ਵਿੱਚ ਕਿਵੇਂ ਰਹਿ ਸਕੇਗੀ ….? ਇਹੀ ਸੋਚਦੇ ਸੋਚਦੇ ਉਹ ਦਿਨ ਵੀ ਆ ਗਿਆ ਜਿਸ ਦਿਨ ਆਸਿਫ਼ਾ ਨੇ ਅੰਮ੍ਰਿਤਸਰ ਜਾਣਾ ਸੀ| ਆਪਣੇ ਅੰਮੀ ਅੱਬੂ ਦੀਆਂ ਦੁਆਵਾਂ ਅਸ਼ੀਰਵਾਦ ਤੇ ਹੱਲਾ ਸ਼ੇਰੀ ਲੈ ਆਸਿਫ਼ਾ ਟਰੇਨ ਵਿੱਚ ਜਾ ਬੈਠੀ…… ਅੰਮ੍ਰਿਤਸਰ ਕਾਲਜ ਪਹੁੰਚ ਕੇ ਆਸਿਫ਼ਾ ਨੂੰ ਕੁਝ ਦਿਨ ਲੱਗੇ ਪ੍ਰਿੰਸੀਪਲ ਸਾਹਿਬਾਂ ਦੀ ਪਰਖ ਨੂੰ ਸਹੀ ਸਾਬਤ ਕਰਨ ਅਤੇ ਆਪਣੀ ਕਾਬਲੀਅਤ ਟੀਚਰਾਂ ਅਤੇ ਬਾਕੀ ਵਿਦਿਆਰਥਨਾ ਨੁੰ ਵਿਖਾਉਣ ਲਈ ….ਅਜੇ ਤਕਰੀਬਨ ਤਿੰਨ ਕੁ ਮਹੀਨੇ ਬੀਤੇ ਸਨ… ਅੱਜ ਆਸਿਫ਼ਾ ਦਾ ਨਾਂ ਕਿਸੇ ਵੀ ਪਹਿਚਾਣ ਦਾ ਮੁਹਤਾਜੁ ਨਹੀਂ ਸੀ ਹਰ ਟੀਚਰ ਦੀ, ਹਰ ਸਟੂਡੈਂਟ ਦੀ ਚਹੇਤੀ ਬਣ ਚੁੱਕੀ ਪੜ੍ਹਾਈ ਦੇ ਨਾਲ ਨਾਲ ਖੇਡਾਂ,ਪੇਟਿੰਗ,ਕਲਚਰਲ ਅੈਕਟੀਵਿਟੀ ਹਰ ਖੇਤਰ ਚ ਵੀ ਮੋਹਰੀ ਸੀ….. ਆਸਿਫ਼ਾ
….ਐਤਵਾਰ ਦਾ ਦਿਨ ਸੀ ਪੰਜਾਬੀ ਵਾਲੇ ਮੈਡਮ ਅਮਨਦੀਪ ਕੌਰ 15 -16 ਬੱਚਿਆਂ ਨੂੰ ਆਸਿਫ਼ਾ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਲਈ ਲੈ ਕੇ ਗਏ ਪਹਿਲੀ ਵਾਰ ਦਰਬਾਰ ਸਾਹਿਬ ਆਈ ਆਸਿਫ਼ਾ ਦਰਸ਼ਨੀ ਡਿਓੜੀ ਲੰਘਦੇ ਹੀ ਉੱਥੋਂ ਦੇ ਅਲੌਕਿਕ ਨਜ਼ਾਰੇ ਨੂੰ ਦੇਖ ਕੇ ਮੰਤਰ ਮੁਗਧ ਹੋ ਗਈ ਸੱਜਰੀ ਸਵੇਰ ਦੀਆਂ ਪਹਿਲੀਆਂ ਕਿਰਨਾਂ ਦਰਬਾਰ ਸਾਹਿਬ ਤੇ ਪੈ ਕੇ ਸਰੋਵਰ ਵਿੱਚ ਚਮਕ ਖਿਲਾਰ ਰਹੀਆਂ ਸਨ , ਇੱਕ ਦਮ ਸ਼ਾਂਤ ਵਾਤਾਵਰਨ ਵਿੱਚ ਰਸ ਭਿੰਨਾ ਕੀਰਤਨ ਕੰਨਾਂ ਥਾਣੀ ਰੂਹ ਤਕ ਅੱਪੜਦਾ ਮਹਿਸੂਸ ਹੁੰਦਾ ,ਇੱਕ ਵਿਸ਼ਾਲ ਸਰੋਵਰ ਦੇ ਵਿੱਚੋ ਵਿੱਚ ਸਿੱਖਾਂ ਦੀ ਧਰੋਹਰ ਸੋਨੇ ਨਾਲ ਮੜ੍ਹੀ ਕਾਰੀਗਰੀ ਦੀ ਅਦਭੁੱਤ ਮਿਸਾਲ ਸ੍ਰੀ ਦਰਬਾਰ ਸਾਹਿਬ ਏ , ਇਸ ਅਦਭੁੱਤ ਨਜ਼ਾਰੇ ਨੂੰ ਦੇਖ ਕੇ ਆਸਿਫ ਦੇ ਰੌਂਗਟੇ ਖੜ੍ਹੇ ਹੋ ਗਏ ਉਹਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਉਸ ਸਵਰਗਾਂ ਦੇ ਵਿੱਚ ਪਹੁੰਚ ਗਈ ਹੋਵੇ …..ਸਰੋਵਰ ਵਿੱਚੋਂ ਪੰਜ ਇਸ਼ਨਾਨਾ ਕਰ ਪ੍ਰਕਰਮਾ ਕਰਦੇ ਹੋਏ ਆਪਣੀ ਵਾਰੀ ਸਿਰ ਦਰਬਾਰ ਸਾਹਿਬ ਵਿੱਚ ਆ ਕੇ ਸੱਜਦੇ ਲਈ ਨਤਮਸਤਿਕ ਹੋਈ ਤਾਂ ਵੈਰਾਗ ਵਿਚ ਭਿੱਜ ਰੋਣ ਲੱਗ਼ੀ ਉਹ ਕਿੰਨਾ ਚਿਰ ਗੋਡਿਆਂ ਭਾਰ ਬੈਠੀ ਹੱਥ ਬੰਨ੍ਹ ਸੱਜਦੇ ਵਿੱਚ ਲੀਨ ਰਹੀ ਇਹ ਸਾਰਾ ਕੁਝ ਉਸ ਦੇ ਮੈਡਮ ਅਤੇ ਸਾਥੀ ਵਿਦਿਆਰਥੀ ਵੇਖ ਰਹੇ ਸਨ ਅਤੇ ਕਾਰਨ ਪੁੱਛਣ ਤੇ ਉਹ ਕੁਝ ਵੀ ਨਾ ਬੋਲ ਸਕੀ , ਫਿਰ ਲੰਗਰ ਛਕਦੇ ਹੋਏ ਲੰਗਰ ਵਿਵਸਥਾ ਉੱਥੋਂ ਦੇ ਰੱਖ ਰਖਾਵ ਤੋਂ ਵੀ ਬਹੁਤ ਪ੍ਰਭਾਵਿਤ ਹੋਈ ਆਸਿਫ਼ਾ।
ਅਗਲੇ ਦਿਨ ਟੀਚਰ ਨੇ ਕਲਾਸ ਵਿੱਚ ਆਸਿਫ਼ਾ ਨੂੰ ਰੋਣ ਦਾ ਕਾਰਨ ਪੁੱਛਿਆਂ , ਉਹ ਚੁੱਪ ਸੀ। ਟੀਚਰ ਬੋਲੀ, ਕੋਈ ਗੱਲ ਨਹੀਂ ਬੇਟਾ ਸਾਰਿਆਂ ਦੇ ਸਾਹਮਣੇ ਨਹੀਂ ਦੱਸ ਸਕਦੀ ਤਾਂ ਬਾਅਦ ਵਿੱਚ ਦੱਸ ਦੇਣਾ….!!!
ਆਸਿਫ਼ਾ …..ਨਹੀਂ ਮੈਂਮ…. ਦੱਸਾਂਗੀ ….ਸਭ ਦੇ ਸਾਹਮਣੇ ਦੱਸਾਂਗੀ.. ਬੱਸ ਸ਼ੁਰੂ ਕਿੱਥੋਂ ਕਰਾਂ ਇਹ ਸਮਝ ਨਹੀਂ ਲੱਗ ਰਹੀ …।
ਮੈਂ ਆਸਿਫ਼ਾ …. ਆਸੀਫ਼ਾ ਕੁਰੈਸ਼ੀ ਮੁਸਲਮਾਨ ਪਰੀਵਾਰ ਵਿੱਚ ਪੈਦਾ ਹੋਣ ਕਰਕੇ ਇੱਕ ਮੁਸਲਿਮ ਲੜਕੀ ਹਾਂ….. ਮੈਂ ਆਪਣੇ ਧਰਮ ਵਿੱਚ ਪ੍ਰਪੱਕ ਹਾਂ ਖੁਸ਼ ਵੀ ਹਾਂ ਆਪਣੇ ਧਰਮ ਤੋਂ ਪਰ ਪਤਾ ਨਹੀਂ ਕਿਉਂ ਕੱਲ ਤੁਹਾਡੇ ਗੁਰਦੁਆਰੇ ਜਾ ਕੇ ਮੈਨੂੰ ਇੰਨਾਂ ਬੈਰਾਗ ਕਿਉਂ ਆ ਗਿਆ ….ਅਸੀਂ ਜਿੰਨਾ ਮਰਜ਼ੀ ਆਪਣੇ ਧਰਮ ਨੂੰ ਪਿਆਰ ਕਰੀਏ ਪਰ ਫਿਰ ਵੀ ਸਾਡੇ ਧਰਮ ਵਿੱਚ ਔਰਤ ਦਾ ਮਸਜਿਦ ਦੇ ਅੰਦਰ ਜਾਣਾ ਮਨਾ ਹੈ ਅੰਦਰ ਜਾ ਕੇ ਨਮਾਜ਼ ਪੜ੍ਹਨਾ ਮਨਾ ਹੈ ….ਤੇ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਮੈਨੂੰ ਇੰਝ ਮਹਿਸੂਸ ਹੋਇਆ ਕਿ ਸ਼ਾਇਦ ਸਾਡੇ ਮਸਜਿਦ ਦੇ ਅੰਦਰ ਜਾਇਆਂ ਵੀ ਇੰਨਾ ਹੀ ਸਕੂਨ ਮਿਲਦਾ ਹੋਵੇਗਾ ਰੂਹ ਨੂੰ …..??
…ਤੁਸੀਂ ਸਭ ਬੜੇ ਕਰਮਾਂ ਵਾਲੇ ਹੋ ਤੁਹਾਡੇ ਪੈਗੰਬਰਾਂ ਨੇ ਪਹਿਲੇ ਜਾਮੇ ਵਿੱਚ ਹੀ ਕਹਿ ਦਿੱਤਾ ਸੀ …
“ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ “
…….ਕਹਿੰਦੇ ਕਹਿੰਦੇ ਵੈਰਾਗ ਵਿੱਚ ਆਈ ਆਸਿਫ਼ਾ ਕੰਬ ਕਬਾਉਂਦੇ ਬੁੱਲ੍ਹਾਂ ਨਾਲ ਬੋਲੀ ਮੈਡਮ ਮੈਂ ਅੰਦਰ ਅਰਦਾਸ ਕਰਕੇ ਆਈ ਆਂ “ਸ਼ੁੱਭ ਅਰਦਾਸ “!!!
…..ਕਿ ਯਾ ਅੱਲ੍ਹਾ …..ਜੇ ਅਗਲਾ ਜਨਮ ਹੁੰਦਾ ਏ ਤਾਂ ਮੈਨੂੰ ਕਿਸੇ ਸਰਦਾਰ ਦੇ ਘਰ ਪੈਦਾ ਕਰੀਂ ਜਿੱਥੇ ਲੜਕੇ ਜਾਂ ਲੜਕੀ ਨੂੰ ਬਰਾਬਰਤਾ ਵਿਰਾਸਤ ‘ਚ ਈ ਮਿਲਦੀ ਹੈ ….ਜਾਂ ਮੇਰਾ ਨਿਕਾਹ (ਵਿਆਹ ) ਕਿਸੇ ਸਰਦਾਰ ਨਾਲ ਹੋਵੇ …ਨਹੀਂ ਤਾਂ ਮੈਂ ਆਪਣੇ ਹੋਣ ਵਾਲੇ ਬੱਚੇ ਜਾਂ ਬੱਚੀ ਚੋਂ ਕਿਸੇ ਇੱਕ ਨੂੰ ਸਰਦਾਰ ਜ਼ਰੂਰ ਬਣਾਵਾਂਗੀ ਕਹਿੰਦੀ ਹੋਈ ਰੋਣ ਲੱਗੀ…. ਸਾਰੀ ਕਲਾਸ ਦੀਆਂ ਅੱਖਾਂ ਨਮ ਹੋ ਗਈਆਂ ਤੇ ਤਾੜੀਆਂ ਦੀ ਗੜਗੜਾਹਟ ‘ਚ ….ਮੈਡਮ ਨੇ ਆਸਿਫ਼ਾ ਨੂੰ ਕਲਾਵੇ ਚ ਲੈ ਲਿਆ …!!!