ਦੁਰਘਟਨਾਂ ਮੌਕੇ ਫਸਟ ਏਡ ਦੀ ਵਰਤੋਂ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ – ਸਕੱਤਰ ਰਜੀਵ ਸਿੰਘ
ਗੁਰਦਾਸਪੁਰ, 9 ਸਤੰਬਰ (ਸਰਬਜੀਤ ਸਿੰਘ)– ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ/ਸੈੱਟ ਜ਼ੋਨ ਕੇਂਦਰ, ਗੁਰਦਾਸਪੁਰ ਦੇ ਦਿਸ਼ਾ-ਨਿਰਦੇਸਾਂ ਅਤੇ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਗਰਮੁੰਦੀਆਂ ਦੇ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਫਸਟ ਏਡ ਦੀ ਟਰੇਨਿੰਗ ਦਿੱਤੀ ਗਈ। ਇਹ ਟਰੇਨਿੰਗ ਜ਼ਿਲ੍ਹਾ ਰੈੱਡ ਕਰਾਸ, ਗੁਰਦਾਸਪੁਰ ਦੇ ਸਕੱਤਰ/ਜ਼ਿਲ੍ਹਾ ਟਰੇਨਿੰਗ ਅਫ਼ਸਰ ਸ੍ਰੀ ਰਾਜੀਵ ਸਿੰਘ ਵੱਲੋਂ ਕਰਵਾਈ ਗਈ।
ਸਕੱਤਰ ਰਾਜੀਵ ਸਿੰਘ ਨੇ ਬੱਚਿਆਂ ਨੂੰ ਰੈੱਡ ਕਰਾਸ ਦੇ ਇਤਿਹਾਸ ਬਾਰੇ, ਫਸਟ ਏਡ ਦੀ ਮਹੱਹਤਤਾ ਬਾਰੇ ਦੱਸਦਿਆਂ ਕਿਹਾ ਕਿ ਜੇਕਰ ਸਾਨੂੰ ਸਹੀ ਤਰੀਕੇ ਦੇ ਨਾਲ ਫਸਟ ਏਡ ਦੀ ਜਾਣਕਾਰੀ ਹੋਵੇ ਤਾਂ ਅਸੀ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਵਿਚ ਜ਼ਖਮੀ ਹੋਏ ਵਿਅਕਤੀ ਦੀ ਮਦਦ ਕਰਕੇ ਉਸ ਦੀ ਜਾਨ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜਿਆਦਾ ਤਰ ਲੋਕ ਹਾਦਸਾ ਹੋਣ ਤੋਂ ਬਾਅਦ ਘਬਰਾ ਜਾਂਦੇ ਹਨ ਪਰ ਉਸ ਸਮੇਂ ਜੇਕਰ ਉਹ ਹਲਾਤ ਦਾ ਸਾਮਣਾ ਦਲੇਰੀ ਅਤੇ ਸੂਝਬੂਝ ਨਾਲ ਕਰਨ ਤਾਂ ਕਾਫੀ ਹੱਦ ਤੱਕ ਜ਼ਖਮੀ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਸਾਹ ਪ੍ਰਣਾਲੀ ਨੂੰ ਕਿਸ ਤਰ੍ਹਾਂ ਦੇ ਨਾਲ ਚੈਕ ਕਰਨਾ ਚਾਹੀਦਾ ਹੈ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਜੇਕਰ ਜ਼ਖਮੀ ਵਿਅਕਤੀ ਦੇ ਗਲੇ ਵਿਚੋਂ ਘਰਾੜੇਦਾਰ ਅਵਾਜ਼ ਆ ਰਹੀ ਹੋਵੇ ਤਾਂ ਉਸ ਵਿਅਕਤੀ ਨੂੰ ਰਿਕਵਾਰੀ ਪੁਜੀਸਨ ਭਾਵ ਵਖੀ ਭਾਰ ਕਰਕੇ ਹੀ ਹਸਪਤਾਲ ਲੈ ਕੇ ਆਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਉਸ ਵਿਅਕਤੀ ਦੇ ਫੇਫੜੇਆ ਅੰਦਰ ਖੂਨ ਨਹੀਂ ਜਾਂਦਾ ਹੈ ਅਤੇ ਉਸ ਨੂੰ ਸਾਹ ਲੈਣ ਵਿਚ ਕੋਈ ਮੁਸ਼ਕਿਲ ਪੇਸ਼ ਨਹੀ ਆਉਂਦੀ ਹੈ।
ਇਸ ਤੋ ਇਲਾਵਾ ਗਲੇ ਵਿਚ ਕੋਈ ਚੀਜ ਫਸ ਜਾਵੇ ਤਾਂ ਉਸ ਨੂੰ ਕਿਸ ਤਰ੍ਹਾਂ ਨਾਲ ਬਾਹਰ ਕੱਢਣਾ ਚਾਹੀਦਾ ਹੈ ਅਤੇ ਜੇਕਰ ਕਿਸੇ ਵਿਅਕਤੀ ਦਾ ਸਾਹ ਬੰਦ ਹੋ ਜਾਵੇ ਤਾਂ ਉਸ ਨੂੰ ਕਿਸ ਤਰ੍ਹਾਂ ਬਨਾਵਟੀ ਸਾਹ ਦੇਣਾ ਚਾਹੀਦਾ ਹੈ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥੀਆਂ ਪਾਸੋਂ ਇਸ ਦਾ ਅਭਿਆਸ ਵੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਫਸਟ ਏਡ ਦੀ ਟਰੇਨਿੰਗ ਹਰ ਇੱਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿਚ ਜਰੂਰ ਕਰਨੀ ਚਾਹੀਦੀ ਹੈ ਕਿਉਂਕਿ ਦੁਰਘਟਨਾ ਹੋਣ ਦਾ ਕਦੇ ਵੀ ਪਤਾ ਨਹੀਂ ਲਗਦਾ ਅਤੇ ਜੇਕਰ ਇਸ ਦੀ ਸਹੀ ਜਾਣਕਾਰੀ ਹੋਵੇ ਤਾਂ ਦੁਰਘਟਨਾ ਤੋਂ ਬਾਅਦ ਹੋਣ ਵਾਲੀਆਂ ਮੌਤਾਂ ਵਿਚ ਕਮੀ ਲਿਆਂਦੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਬੱਚਿਆ ਨੂੰ ਸੰਦੇਸ ਦਿੱਤਾ ਕਿ ਸਾਨੂੰ ਸਾਰੀਆਂ ਨੂੰ ਨਸ਼ਿਆ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਮੌਕੇ ਕਾਹਨ ਚੰਦ (ਰਿਟਾਇਡ) ਡੀ.ਪੀ.ਆਈ, ਪ੍ਰਿੰਸੀਪਲ ਸਾਫੀ ਕੁਮਾਰ, ਐਸ.ਐਲ.ਏ ਗੁਰਨਾਮ ਸਿੰਘ, ਵਿਕਰਾਂਤ ਸ਼ਰਮਾ ਅਤੇ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਵੀ ਹਾਜ਼ਰ ਸਨ।