ਹੜ੍ਹ ਪੀੜਤਾਂ ਦੇ ਘਰ-ਘਰ ਜਾ ਕੇ ਇਲਾਜ ਕਰ ਰਹੇ ਹਨ ਸਿਹਤ ਕਾਮੇ
ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਤ ਖੇਤਰ ਵਿੱਚ ਵਿਸ਼ੇਸ਼ ਮੈਡੀਕਲ ਕੈਂਪ ਲਗਾਉਣ ਦੇ ਨਾਲ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੇ ਘਰ-ਘਰ ਜਾ ਕੇ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸਿਹਤ ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਹੜ੍ਹ ਪੀੜਿਤ ਲੋਕਾਂ ਨੂੰ ਹੈਜਾ, ਦਸਤ, ਡੇਂਗੂ, ਮਲੇਰੀਆ, ਚਮੜੀ ਰੋਗ ਅਤੇ ਆਈ ਫਲੂ ਆਦਿ ਤੋਂ ਬਚਾਉਣ ਲਈ ਪਿੰਡਾਂ ਵਿਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਮੈਡੀਕਲ ਕੈਂਪ ਲਗਾ ਕੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆ ਹਨ।
ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਕਾਰਨ ਕਈ ਮਾਰੂ ਬਿਮਾਰੀਆਂ ਫੈਲਣ ਦਾ ਖ਼ਤਰਾ ਹੁੰਦਾ ਹੈ ਜਿਸ ਤੋਂ ਬਚਣ ਲਈ ਸਿਹਤ ਵਿਭਾਗ ਪਹਿਲਾਂ ਤੋਂ ਹੀ ਆਪਣੀ ਤਿਆਰੀ ਵਿੱਚ ਹੈ। ਉਨਾਂ ਕਿਹਾ ਕਿ ਸਾਫ਼ ਖੜੇ ਪਾਣੀ ਵਿਚ ਡੇਂਗੁ ਮਲੇਰੀਆ ਦਾ ਲਾਰਵਾ ਪੈਦਾ ਨਾ ਹੋਵੇ ਇਸ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਲਗਾਤਾਰ ਸਪਰੇਅ ਅਤੇ ਫੋਗਿੰਗ ਕਰਵਾਈ ਜਾ ਰਹੀ ਹੈ। ਪਿੰਡਾਂ ਦੇ ਛੱਪੜਾਂ ਵਿਖੇ ਗੰਬੂਜੀਆ ਮੱਛੀਆਂ ਪਾਈਆਂ ਜਾ ਰਹੀਆਂ ਹਨ। ਹੜਾਂ ਦੇ ਪਾਣੀ ਦੇ ਦੁਸ਼ਪ੍ਰਭਾਵਾਂ ਤੋਂ ਬਚਾਅ ਕਰਨ ਹਿਤ ਘਰ-ਘਰ ਜਾ ਕੇ ਸਿਹਤ ਕਾਮੇ ਕਲੋਰੀਨ ਅਤੇ ਓ.ਆਰ.ਐੱਸ ਅਤੇ ਜ਼ਿੰਕ ਦੀਆਂ ਗੋਲੀਆਂ ਵੰਡ ਰਹੇ ਹਨ। ਆਰ.ਡੀ.ਟੀ. ਕਿੱਟਾਂ ਦਵਾਰਾ ਮਲੇਰੀਏ ਦੀ ਜਾਂਚ ਵੀ ਮੈਡੀਕਲ ਕੈਂਪ ਦੌਰਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਹੜ੍ਹ ਪ੍ਰਭਾਵਤ ਖੇਤਰ ਵਿੱਚ ਹਲਾਤ ਆਮ ਵਾਂਗ ਹੋਣ ਤੱਕ ਆਪਣੀਆਂ ਸੇਵਾਵਾਂ ਦਿੰਦਾ ਰਹੇਗਾ।