ਧੁੱਸੀ ਬੰਨ ਚ ਪਏ ਪਾੜ ਨੂੰ ਭਰਨ ਦਾ ਕੰਮ ਜੰਗੀ ਪੱਧਰਤੇ ਜਾਰੀ

ਗੁਰਦਾਸਪੁਰ

ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਇਲਾਕੇ ਦੇ ਨੌਜਵਾਨਾਂ ਨੇ ਵੀ ਮੋਰਚਾ ਸੰਭਾਲਿਆ

ਕਰੀਬ 300 ਫੁੱਟ ਪਾੜ ਨੂੰ ਭਲਕੇ ਸ਼ਾਮ ਤੱਕ ਭਰ ਲਿਆ ਜਾਵੇਗਾ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)–ਜ਼ਿਲ੍ਹਾ ਪ੍ਰਸ਼ਾਸਨ ਦੀਆਂ ਰਾਹਤ ਟੀਮਾਂ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਜਗਤਪੁਰਾ ਟਾਂਡਾ ਦੇ ਨਜ਼ਦੀਕ ਧੁੱਸੀ ਬੰਨ ਵਿੱਚ ਪਏ ਕਰੀਬ 300 ਫੁੱਟ ਪਾੜ ਨੂੰ ਭਰਨ ਦਾ ਕੰਮ ਜੰਗੀ ਪੱਧਰ `ਤੇ ਜਾਰੀ ਹੈ। ਇਸ ਪਾੜ ਨੂੰ ਭਰਨ ਲਈ ਦਿਨ-ਰਾਤ ਕੰਮ ਚੱਲ ਰਿਹਾ ਹੈ ਅਤੇ ਉਮੀਦ ਹੈ ਕਿ ਭਲਕੇ ਸ਼ਾਮ ਤੱਕ ਇਸ ਮੋਰਚੇ ਨੂੰ ਫ਼ਤਹਿ ਕਰ ਲਿਆ ਜਾਵੇਗਾ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜਿਥੇ ਪੂਰੇ ਹੜ੍ਹ ਪ੍ਰਭਾਵਤ ਖੇਤਰਾਂ ਵਿੱਚ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜਾ ਲਿਆ ਜਾ ਰਿਹਾ ਹੈ ਓਥੇ ਨਾਲ ਹੀ ਇਸ ਪਾੜ ਨੂੰ ਭਰਨ ਦੇ ਕੰਮ ਦੀ ਵੀ ਲਗਾਤਾਰ ਮੌਕੇ `ਤੇ ਜਾ ਕੇ ਨਿਗਰਾਨੀ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੀਬ 300 ਫੁੱਟ ਪਏ ਇਸ ਪਾੜ ਨੂੰ ਭਰਨ ਲਈ ਢਾਈ ਲੱਖ ਤੋਂ ਵੱਧ ਮਿੱਟੀ ਦੇ ਬੋਰੇ ਲੱਗਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੋਰਿਆਂ, ਲੋਹੇ ਦੇ ਜਾਲ ਅਤੇ ਮਿੱਟੀ ਦਾ ਪ੍ਰਬੰਧ ਕਰ ਲਿਆ ਗਿਆ ਹੈ। ਕਿਸਾਨਾਂ ਵੱਲੋਂ ਮਿੱਟੀ ਦੀਆਂ ਟਰਾਲੀਆਂ ਵੀ ਮੌਕੇ `ਤੇ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਮਨਰੇਗਾ ਮਜ਼ਦੂਰਾਂ ਦੇ ਨਾਲ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਇਲਾਕੇ ਦੇ ਨੌਜਵਾਨ ਵੀ ਪੂਰੇ ਜੋਸ਼ ਨਾਲ ਪਾੜ ਨੂੰ ਭਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਧੁੱਸੀ ਬੰਨ ਵਿੱਚ ਪਏ ਬਾਕੀ ਪਾੜਾਂ ਨੂੰ ਭਰ ਲਿਆ ਗਿਆ ਹੈ ਅਤੇ ਪਿੰਡ ਜਗਤਪੁਰ ਟਾਂਡਾ ਦੇ ਪਾੜ ਨੂੰ ਭਰਨ ਦਾ ਕੰਮ ਵੀ ਭਲਕੇ ਸ਼ਾਮ ਤੱਕ ਮੁਕੰਮਲ ਹੋਣ ਦੀ ਪੂਰੀ ਉਮੀਦ ਹੈ।

ਡਿਪਟੀ ਕਮਿਸ਼ਨਰ ਨੇ ਧੁੱਸੀ ਬੰਨ ਦੇ ਪਾੜ ਨੂੰ ਭਰਨ ਲਈ ਇਲਾਕੇ ਦੀ ਸੰਗਤ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਉਨ੍ਹਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਸਹਿਯੋਗ ਬੇਟ ਦੇ ਵੱਡੇ ਖੇਤਰ ਨੁੰ ਪਾਣੀ ਦੀ ਮਾਰ ਤੋਂ ਬਚਾ ਲਵੇਗਾ।         

Leave a Reply

Your email address will not be published. Required fields are marked *