ਗੁਰਦਾਸਪੁਰ, 18 ਅਗਸਤ (ਸਰਬਜੀਤ ਸਿੰਘ)–ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸ਼੍ਰੀ ਹਰਗੋਬਿਦਪੁਰ ਦੇ ਐਮ ਐਲ ਏ ਆਪਣੇ ਦਫ਼ਤਰ ਵਿਚ ਬੁਲਾ ਕਿ ਰੰਘੜ ਨੰਗਲ ਦੇ ਐਸ ਆਈ ਕੈਲਾਸ਼ ਚੰਦਰ ਦੀ ਕੁਟਮਾਰ ਕਰਨ ਅਤੇ ਉਸਦੀ ਪੱਗੜੀ ਉਤਾਰਨ ਦੀ ਸੱਖਤ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਮਾਨ ਸਰਕਾਰ ਦੇ ਰਾਜ ਵਿੱਚ ਪੁਲੀਸ ਅਫ਼ਸਰ ਸੁਰਖਿਅਤ ਨਹੀਂ ਤਾਂ ਆਮ ਆਦਮੀ ਦੀ ਸੁਰੱਖਿਆ ਦੀ ਕੀ ਗਰੰਟੀ ਕੀਤੀ ਜਾ ਸਕਦੀ ਹੈ? ਬੱਖਤਪੁਰਾ ਨੇ ਕਿਹਾ ਕਿ ਐਸ ਆਈ ਉਪਰ ਗੁੰਡਾਗਰਦੀ ਕਿਸਮ ਦਾ ਹਮਲਾ ਐਮ ਐਲ ਏ ਵਲੋਂ ਨੇੜੇ ਦੇ ਕਮਰੇ ਵਿੱਚ ਬੈਠ ਕੇ ਕਰਵਾਇਆ ਗਿਆ ਹੈ ਪਰ ਪੁਲਿਸ ਨੇ ਉਸ ਉਪਰ ਕੇਸ ਦਰਜ ਨਹੀਂ ਕੀਤਾ, ਜੇਕਰ ਪੁਲਿਸ ਅਫ਼ਸਰਸ਼ਾਹੀ ਆਪਣੇ ਅਫਸਰ ਦੇ ਹੱਕ ਵਿੱਚ ਖੜਨ ਦੀ ਹਿੰਮਤ ਨਹੀ ਰੱਖਦੀ ਤਾਂ ਪੁਲਸ ਤੋਂ ਪੰਜਾਬ ਦੇ ਅਮਨ ਕਾਨੂੰਨ ਦੀ ਰਾਖੀ ਦੀ ਕਿਵੇਂ ਤਵੱਕੋ ਕੀਤੀ ਜਾ ਸਕਦੀ ਹੈ? ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਐਮ ਐਲ ਵਲੋਂ ਕਰਵਾਇਆ ਗਿਆ ਇਹ ਹਮਲਾ ਕੋਈ ਪਹਿਲੀ ਘਟਨਾ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਦਰਜਨ ਤੋਂ ਵਧੇਰੇ ਐਮ ਐਲ ਏ, ਮੰਤਰੀ ਇਸ ਤਰ੍ਹਾਂ ਦੇ ਗੁਲ ਖਿਲਾਰ ਚੁੱਕੇ ਹਨ ਪਰ ਸਰਕਾਰ ਨੇ ਕਿਸੇ ਵਿਰੁੱਧ ਕੋਈ ਕਾਰਵਾਈ ਕਰਨੀ ਲੋੜੀਂਦੀ ਨਹੀਂ ਸਮਝੀ।ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਆਪਣੇ ਐਮ ਐਲ ਏ ਦੇ ਵਿਰੁੱਧ ਐਸ ਆਈ ਵਲੋਂ ਦਿਤੇ ਬਿਆਨ ਅਧਾਰਿਤ ਕੇਸ ਦਰਜ ਕਰਵਾਏ ਤਾਂ ਜ਼ੋ ਪੰਜਾਬ ਦੀ ਜਨਤਾ ਜਾਣ ਸਕੇ ਕਿ ਮਾਨ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਉਪਰ ਇਕਸਾਰ ਪਹੁੰਚ ਅਪਣਾ ਰਹੀ ਹੈ।