ਬਾਜਵਾ ਨੇ ਵਿਅਕਤੀਗਤ ਤੋਰ ਸਹਾਇਤਾ ਕਰਨ ਵਾਲਿਆਂ ਨੂੰ ਆਪਣੀ ਸਮੱਗਰੀ ਸਰਕਾਰ ਕੋਲ ਜਮਾਂ ਕਰਵਾਉਣ ਲਈ ਮਜਬੂਰ ਕਰਨ ਲਈ ‘ਆਪ’ ਦੀ ਕੀਤੀ ਸਖ਼ਤ ਨਿਖੇਧੀ

ਪੰਜਾਬ

‘ਆਪ’ ਸਰਕਾਰ ਨੇ ਇਸੇ ਘਿਣਾਉਣੀ ਕੰਮ ਨੂੰ ਨੇਪਰੇ ਚਾੜ੍ਹਨ ਲਈ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹੈ: ਵਿਰੋਧੀ ਧਿਰ ਦੇ ਆਗੂ

ਚੰਡੀਗੜ੍ਹ, ਗੁਰਦਾਸਪੁਰ, 22 ਜੁਲਾਈ (ਸਰਬਜੀਤ ਸਿੰਘ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਸ਼ਰਮੀ ਨਾਲ ਲੋਕਾਂ ਦੇ ਸੰਕਟ ਨੂੰ ਆਪਣੇ ਫ਼ਾਇਦੇ ਲਈ ਵਰਤਣ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਥਾਨਕ ਵਸਨੀਕਾਂ, ਵਿਅਕਤੀਆਂ ਅਤੇ ਕੁਝ ਸੰਗਠਨਾਂ ਦੇ ਮੈਂਬਰ, ਜੋ ਆਪਣੀ ਮਰਜ਼ੀ ਨਾਲ ਹੜ੍ਹ ਪੀੜਤਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਨ, ਨੂੰ ਪਾਣੀ ਦੀਆਂ ਬੋਤਲਾਂ ਅਤੇ ਹੋਰ ਅਜਿਹੀਆਂ ਚੀਜ਼ਾਂ ਸਰਕਾਰ ਕੋਲ ਜਮਾਂ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

“ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਸਰਹੱਦਾਂ ‘ਤੇ ਇਸੇ ਘਿਣਾਉਣੀ ਕਾਰਵਾਈ ਨੂੰ ਅੰਜਾਮ ਦੇਣ ਲਈ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ। ਪੁਲਿਸ ਨੇ ਨਾਕੇ ਲਗਾਏ ਹੋਏ ਹਨ, ਜਿੱਥੇ ਸਹਾਇਤਾ ਕਰਨ ਵਾਲਿਆਂ (ਵਿਅਕਤੀਆਂ ਅਤੇ ਕੁਝ ਸੰਗਠਨਾਂ ਦੇ ਮੈਂਬਰਾਂ) ਨੂੰ ਜਾਂ ਤਾਂ ਆਪਣਾ ਸਮਾਨ ਸਰਕਾਰ ਕੋਲ ਜਮਾਂ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਾਂ ਉਨ੍ਹਾਂ ਦੇ ਵਾਹਨਾਂ ‘ਤੇ ਸੀ ਐੱਮ ਭਗਵੰਤ ਮਾਨ ਦੀ ਤਸਵੀਰ ਵਾਲਾ ਸਟਿੱਕਰ ਲਗਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ”, ਬਾਜਵਾ ਨੇ ‘ਆਪ’ ਸਰਕਾਰ ‘ਤੇ ਹੜ੍ਹ ਪੀੜਤਾਂ ਦੀ ਸੰਕਟ ਦਾ ਫ਼ਾਇਦਾ ਉਠਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ, ਜਿਸ ‘ਚ ਕੁਝ ਲੋਕ ਇਸੇ ਮਸਲੇ ‘ਤੇ ਪੁਲਿਸ ਨਾਲ ਬਹਿਸ ਕਰਦੇ ਵੇਖੇ ਜਾ ਸਕਦੇ ਹਨ। ਇਹ ਵੀਡੀਓ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਇਲਾਕੇ ਵਿੱਚ ਫ਼ਿਲਮਾਇਆ ਗਿਆ ਸੀ।

“ਲੋਕ ਆਪਣੀਆਂ ਜੇਬਾਂ ਵਿੱਚੋਂ ਮਦਦ ਸਮੱਗਰੀ ਦਾਨ ਕਰ ਰਹੇ ਹਨ। ਸਰਕਾਰ ਦਾ ਇਸ ਨਾਲ ਕੀ ਲੈਣਾ ਦੇਣਾ ਹੈ? ‘ਆਪ’ ਸਰਕਾਰ ਨੇ ਅਪਮਾਨਜਨਕ ਵਿਵਹਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਬਾਜਵਾ ਨੇ ਅੱਗੇ ਕਿਹਾ ਕਿ ਅਜਿਹੀ ਵੱਡੀ ਕੁਦਰਤੀ ਆਫ਼ਤ ‘ਆਪ’ ਸਰਕਾਰ ਲਈ ਪ੍ਰਚਾਰ ਕਰਨ ਦੇ ਮੌਕੇ ਵਜੋਂ ਸਾਹਮਣੇ ਆਈ ਜਾਪਦੀ ਹੈ।

ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਸਾਫ਼ ਅਤੇ ਆਜ਼ਾਦ ਦਿਲ ਨਾਲ ਲੋਕਾਂ ਦੀ ਮਦਦ ਕਰਨ ਦੀ ਬਜਾਏ ‘ਆਪ’ ਆਗੂਆਂ, ਵਿਧਾਇਕਾਂ ਅਤੇ ਮੰਤਰੀਆਂ ਨੇ ਸੋਸ਼ਲ ਮੀਡੀਆ ਪੋਸਟਾਂ ਲਈ ਫ਼ੋਟੋਆਂ ਖਿਚਵਾਈਆਂ ਹਨ। ਅਸੀਂ ਉਸ ਪਾਰਟੀ ਤੋਂ ਕੀ ਉਮੀਦ ਕਰ ਸਕਦੇ ਹਾਂ, ਜਿਸ ਦੇ ਬੋਸ ਨੇ ਖ਼ੁਦ ਲੋਕਾਂ ਨੂੰ ਝੂਠ, ਸਕਿੱਟਾਂ ਅਤੇ ਡਰਾਮਿਆਂ ਨਾਲ ਮੂਰਖ ਬਣਾਉਣ ਵਿਚ ਮੁਹਾਰਤ ਹਾਸਲ ਕੀਤੀ ਹੈ?

“ਆਮ ਆਦਮੀ ਪਾਰਟੀ ਦੀ ਬੁਨਿਆਦ ਪ੍ਰਚਾਰ ‘ਤੇ ਟਿਕੀ ਹੋਈ ਸੀ। ਇਸ ਲਈ, ਇਹ ਬਿਨਾਂ ਪ੍ਰਚਾਰ ਦੇ ਇੱਕ ਸਕਿੰਟ ਲਈ ਵੀ ਜਿਉਂਦਾ ਨਹੀਂ ਰਹਿ ਸਕਦੀ। ਇਸ ਦੌਰਾਨ, ਦੂਜਿਆਂ ਦੀਆਂ ਮੁਸੀਬਤਾਂ ਨੂੰ ਸਵੈ-ਪ੍ਰਚਾਰ ਲਈ ਵਰਤਣ ਲਈ ਇਹ ਇੰਨਾ ਨੀਵਾਂ ਚੁੱਕੇ ਹਨ। ਮੁੱਖ ਮੰਤਰੀ ਮਾਨ ਉਦੋਂ ਤੋਂ ਹੀ ਇਹੀ ਕਰ ਰਹੇ ਹਨ ਜਦੋਂ ਤੋਂ ਪੰਜਾਬ ਵਿੱਚ ਪਾਣੀ ਭਰ ਗਿਆ ਹੈ”, ਬਾਜਵਾ ਨੇ ਅੱਗੇ ਕਿਹਾ।

Leave a Reply

Your email address will not be published. Required fields are marked *