ਭੁੱਚੋ ਮੰਡੀ ਵਿਖੇ ਕਿਸਾਨਾਂ ਉੱਤੇ ਕੀਤਾ ਗਿਆ ਲਾਠੀਚਾਰਜ ਸਰਕਾਰ ਦੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ
ਚੰਡੀਗੜ, ਗੁਰਦਾਸਪੁਰ 3 ਜੁਲਾਈ (ਸਰਬਜੀਤ ਸਿੰਘ )– ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਕੱਚੇ ਅਧਿਆਪਕਾਂ ਅਤੇ ਅਧਿਆਪਕਾਵਾਂ ਉੱਤੇ ਕੀਤੇ ਗਏ ਅਣਮਨੁੱਖੀ ਤਸ਼ੱਦਦ ਦੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਸਖਤ ਨਿੰਦਾ ਕਰਦਾ ਹੈ।
ਅੱਜ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ,ਬਲਦੇਵ ਸਿੰਘ ਸਿਰਸਾ,ਸੁਖਦੇਵ ਸਿੰਘ ਭੋਜਰਾਜ,ਸੁਖਜੀਤ ਸਿੰਘ ਹਰਦੋਝੰਡੇ, ਸੁਖਪਾਲ ਸਿੰਘ ਸਹੋਤਾ, ਸਤਨਾਮ ਸਿੰਘ ਬਾਗੜੀਆ, ਹਰਸੁਲਿੰਦਰ ਸਿੰਘ ਕਿਸ਼ਨਗੜ੍ਹ, ਅਮਰਜੀਤ ਸਿੰਘ ਰੜਾ, ਰਘਬੀਰ ਸਿੰਘ ਭੰਗਲਾ,ਰਜਿੰਦਰ ਸਿੰਘ ਬੈਨੀਪਾਲ, ਸ਼ਮਸ਼ੇਰ ਸਿੰਘ ਸ਼ੇਰਾ,ਬਾਬਾ ਕਵਲਜੀਤ ਸਿੰਘ ਪੰਡੋਰੀ ਕਿਸਾਨ ਆਗੂਆਂ ਨੇ ਕਿਹਾ ਕਿ ਆਮ ਆਦਮੀ ਦੀ ਲੀਡਰਸ਼ਿਪ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਬਿਲਕੁਲ ਪੂਰਾ ਨਹੀਂ ਕੀਤਾ ਜਾ ਰਿਹਾ। ਭਗਵੰਤ ਮਾਨ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਆਪਣੇ ਹੱਕ ਮੰਗਣ ਵਾਲੇ ਮੁਲਾਜ਼ਮਾਂ ਅਤੇ ਕਿਸਾਨਾਂ ਉਤੇ ਆਣ ਮਨੁੱਖੀ ਤਸ਼ੱਦਦ ਦਾ ਕਹਿਰ ਢਾਹ ਰਹੀ ਹੈ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣਾ ਚਾਹੁੰਦੀ ਹੈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਜੋ ਖੁਦ ਮਾਸਟਰ ਦਾ ਪੁੱਤ ਹੈ ਦੇ ਕਹਿਣ ਤੇ ਕੱਚੇ ਮਾਸਟਰਾਂ ਉੱਤੇ ਹੋਏ ਤਸ਼ੱਦਦ ਦੌਰਾਨ ਗਰਭਵਤੀ ਔਰਤਾਂ ਦੇ ਪੇਟ ਵਿੱਚ ਲੱਤਾਂ ਮਾਰਨੀਆਂ,ਖਿੱਚ ਧੂਹ ਕਰਨੀ ਅਤੇ ਗਾਲੀ-ਗਲੋਚ ਕਰਨਾ ਬਹੁਤ ਘਿਨੌਣੀ ਅਤੇ ਸ਼ਰਮਨਾਕ ਘਟਨਾ ਹੈ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਭੁਚੋ ਮੰਡੀ ਵਿਖੇ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ ਕਿਸਾਨਾਂ, ਬਜੁਰਗਾ ਅਤੇ ਔਰਤਾਂ ਤੇ ਹੋਇਆ ਪੁਲਿਸ ਤਸ਼ੱਦਦ ਸਰਕਾਰ ਦੀ ਘਟੀਆ ਅਤੇ ਲੋਕ ਮਾਰੂ ਨੀਤੀਆਂ ਦੀ ਨਿਸ਼ਾਨੀ ਹੈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਪੂਰੀਆਂ ਕਰੇ ਅਤੇ ਬੇਰੁਜ਼ਗਾਰ ਮੁਲਾਜ਼ਮਾਂ ਨੂੰ ਤੁਰੰਤ ਪੱਕਿਆਂ ਕਰਕੇ ਉਹਨਾਂ ਨੂੰ ਵਾਜਬ ਪੇ ਸਕੇਲ ਜਾਰੀ ਕੀਤੇ ਜਾਣ, ਨਹੀਂ ਤਾਂ ਲੋਕਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨ ਲਈ ਸਰਕਾਰ ਤਿਆਰ ਰਹੇ।


