ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)— ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਸੰਯੂਕਤ ਕਿਸਾਨ ਮੋਰਚਾ ਗੈਰ-ਰਾਜਨਿਤਕ ਭਾਰਤ ਦੇ ਆਗੂ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਬਜਟ ਵਿੱਚ ਕਿਸਾਨੀ ਲਈ ਲਾਭਕਾਰੀ ਅਸਲ ਮੁੱਦਿਆਂ ਨੂੰ ਛੋਹਿਆ ਵੀ ਨਹੀਂ ਗਿਆ। ਇਹ ਬਜਟ ਅਸਲ ਮੁੱਦਿਆਂ ਤੋਂ ਕੋਹਾਂ ਦੂਰ ਹੈ ।ਸ਼ੂਗਰ ਕੰਪਲੈਕਸ ਦੀ ਗੱਲ, ਪਸ਼ੂ ਧਨ ਦੀ ਗੱਲ ਕਰਨੀ ਜਾਂ ਬੀਜਾਂ ਤੇ ਸਬਸਿਡੀ,ਸਿੱਧੀ ਬਿਜਾਈ ਉੱਤੇ ਕੀਤਾ ਜਾਣ ਵਾਲ਼ਾ ਖ਼ਰਚ ਸਫੇਦ ਹਾਥੀ ਦੀ ਤਰਾਂ ਹੀ ਹੋਵੇਗਾ। ਇਹਨਾਂ ਸਕੀਮਾਂ ਦਾ ਪਹਿਲਾਂ ਦੀ ਤਰ੍ਹਾਂ ਛੋਟੇ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋਵੇਗਾ ਇਹ ਸਿਰਫ ਸਿਆਸੀ ਅਤੇ ਸਰਕਾਰੀ ਚਹੇਤਿਆਂ ਲਈ ਲਾਭਕਾਰੀ ਹੋਣਗੀਆਂ।
ਭੋਜਰਾਜ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਬਜਟ ਵਿੱਚ ਗੰਨੇ ਦੀ ਪੇਮੈਂਟ ਦੀ ਵਿਵਸਥਾ ਕਰਦੀ ਤਾਂ ਜੋ ਕੇਨ ਐਕਟ ਤਹਿਤ 14 ਦਿਨਾਂ ਦੇ ਅੰਦਰ ਕਿਸਾਨਾਂ ਨੂੰ ਪੈਸੇ ਮਿਲਦੇ। 2007 ਦੀ ਪਾਲਿਸੀ ਵਾਲੇ ਰੱਦ ਕੀਤੇ ਗਏ ਇੰਤਕਾਲ ਬਹਾਲ ਕਰਨੇ,ਜ਼ਮੀਨਾਂ ਦੇ ਆਬਾਦਕਾਰਾਂ ਅਤੇ ਜੁਮਲਾ ਮੁਸਤਰਕਾ ਖਾਤਾ ਮਾਲਕਾਨ ਦੇ ਮਾਲਕੀ ਹੱਕ ਕਿਸਾਨਾਂ ਨੂੰ ਦੇਣ ਦੀ ਗੱਲ ਮਾਣਯੋਗ ਮੁੱਖ ਮੰਤਰੀ ਸਾਹਿਬ ਸੰਯੂਕਤ ਕਿਸਾਨ ਮੋਰਚਾ ਗੈਰਰਾਜਨੀਤਕ ਨਾਲ ਹੋਈਆਂ ਮੀਟਿੰਗਾਂ ਵਿਚ ਕੲੀ ਵਾਰ ਮੰਨ ਚੁੱਕੇ ਹਨ। ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣ ਵਿੱਚ ਵੀ ਸਰਕਾਰ ਨਾਕਾਮ ਰਹੀ ਹੈ। ਲੰਪੀ ਸਕਿਨ ਬਿਮਾਰੀ ਨਾਲ ਮਰੇ ਪਸ਼ੂਆਂ ਦਾ ਮੁਆਵਜ਼ਾ ਦੇਣ ਦੀ ਗੱਲ ਵੀ ਬਜ਼ਟ ਵਿੱਚ ਨਹੀਂ ਹੋਈ। ਸਰਕਾਰ ਨੂੰ ਖੇਤੀ ਅਧਾਰਿਤ ਕਾਰਖਾਨੇ ਲਾਉਣ ਦੀ ਗੱਲ ਕਰਨੀ ਚਾਹੀਦੀ ਸੀ ਜਿਸ ਨਾਲ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਕਿਸਾਨਾਂ ਨੂੰ ਫ਼ਸਲਾਂ ਦੇ ਲਾਹੇਵੰਦ ਭਾਅ ਮਿਲਣੇ ਸਨ।