ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਸਮਾਗਮ ਦੌਰਾਨ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਨੂੰ ਦੇਣਗੇ ਸ਼ਰਧਾਂਜਲੀ
ਗੁਰਦਾਸਪੁਰ, 29 ਜੂਨ (ਸਰਬਜੀਤ ਸਿੰਘ)–ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ 30 ਜੂਨ ਨੂੰ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਕਾਹਨੂੰਵਾਨ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਸ਼ਹੀਦੀ ਦਿਹਾੜੇ ਦੇ ਸਮਾਗਮ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 30 ਜੂਨ ਨੂੰ ਹੋਣ ਵਾਲੇ ਇਸ ਸ਼ਹੀਦੀ ਸਮਾਗਮ ਦੌਰਾਨ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਕਾਹਨੂੰਵਾਨ ਵਿਖੇ ਸਭ ਤੋਂ ਪਹਿਲਾਂ ਸਵੇਰੇ 10:00 ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਅਰੰਭਤਾ ਹੋਵੇਗੀ। ਸ੍ਰੀ ਸੁਖਮਨੀ ਸਾਹਿਬ ਦੇ ਭੋਗ ਤੋਂ ਬਾਅਦ ਕੀਰਤਨੀ ਜਥੇ ਵੱਲੋਂ ਇਲਾਹੀ ਬਾਣੀ ਦੀ ਕੀਰਤਨ ਕੀਤਾ ਜਾਵੇਗਾ। ਇਸ ਉਪਰੰਤ ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਅਤੇ ਹੋਰ ਪ੍ਰਮੁੱਖ ਆਗੂਆਂ ਵੱਲੋਂ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਮਾਗਮ ਦੀਆਂ ਤਿਆਰੀਆਂ ਵਿੱਚ ਲੱਗੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮਾਂ ਰਹਿੰਦੇ ਆਪਣੀ ਤਿਆਰੀ ਮੁਕੰਮਲ ਕਰ ਲੈਣ ਤਾਂ ਜੋ ਸਫਲਤਾਪੂਰਵਕ ਇਸ ਸਮਾਗਮ ਨੂੰ ਨੇਪਰੇ ਚਾੜਿਆ ਜਾ ਸਕੇ। ਮੀਟਿੰਗ ਦੌਰਾਨ ਐੱਸ.ਡੀ.ਐੱਮ. ਗੁਰਦਾਸਪੁਰ ਅਮਨਦੀਪ ਕੌਰ ਘੁੰਮਣ, ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ, ਨਾਇਬ ਤਹਿਸੀਲਦਾਰ ਕਾਹਨੂੰਵਾਨ ਸੁਖਵਿੰਦਰ ਸਿੰਘ, ਜ਼ਿਲ੍ਹਾ ਭੂਮੀ ਰੱਖਿਆ ਅਫ਼ਸਰ ਹਰਚਰਨ ਸਿੰਘ ਕੰਗ, ਹਰਮਨਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ