ਦੋਰਾਂਗਲਾ, ਗੁਰਦਾਸਪੁਰ, 22 ਮਈ ( ਸਰਬਜੀਤ ਸਿੰਘ)—ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿਚ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਕਮਲਜੀਤ ਚਾਵਲਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਦੋਰਾਂਗਲਾ ਗੁਰਪ੍ਰੀਤ ਸਿੰਘ ਚੌਂਤਰਾ ਅਤੇ ਯੂਥ ਅਕਾਲੀ ਦਲ ਦੇ ਆਗੂ ਕਰਨਜੀਤ ਸਿੰਘ ਵਲੋਂ ਪ੍ਰਤਾਪ ਪੈਲੇਸ ਦੋਰਾਂਗਲਾ ਵਿਖੇ ਕਰਵਾਈ ਵਿਸ਼ਾਲ ਇਕੱਤਰਤਾ ਵਿਚ ਚੋਣ ਪ੍ਰਚਾਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਉਚੇਚੇ ਤੌਰ ‘ਤੇ ਪੁੱਜੇ।
ਇਸ ਮੌਕੇ ਸੰਬੋਧਨ ਕਰਦਿਆਂ ਮਜੀਠੀਆ ਨੇ ਵਿਰੋਧੀ ਪਾਰਟੀਆਂ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸਾਨ ਵਿਰੋਧੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਦਾ ਟਾਊਟ ਹੈ, ਜਿਸ ਨੇ ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਵਿਚ ਵੜ ਕੇ ਕਿਸਾਨਾਂ ਨੂੰ ਕਤਲ ਕਰਨ, ਡਾਂਗਾਂ ਵਰ੍ਹਾਉਣ ਅਤੇ ਅੱਥਰੂ ਗੈਸ ਛੱਡਣ ਵਾਲੀ ਹਰਿਆਣਾ ਪੁਲਿਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਤੋਂ ਦੜ ਵੱਟੀ ਰੱਖੀ। ਮਜੀਠੀਆ ਨੇ ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ 1984 ‘ਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਨ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਪ੍ਰਸੰਸਾ ਕੀਤੀ ਸੀ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਆਪਣੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਘਰ-ਘਰ ਨੌਕਰੀ ਦੇਣ, ਨਸ਼ਾ ਖ਼ਤਮ ਕਰਨ ਅਤੇ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਕਰਜੇ ਮਾਫ ਕਰਨ ਦੀ ਝੂਠੀ ਸਹੁੰ ਖਾਧੀ ਸੀ ਤਾਂ ਉਸ ਵੇਲੇ ਵੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਨੂੰ ਗੁਟਕਾ ਸਾਹਿਬ ਫੜਾ ਕੇ ਬੇਅਦਬੀ ਕੀਤੀ ਸੀ, ਕਿਉਂਕਿ ਕਾਂਗਰਸ ਸਰਕਾਰ ਨੇ ਗੁਟਕਾ ਸਾਹਿਬ ਦੀ ਚੁੱਕੀ ਸਹੁੰ ਮੁਤਾਬਿਕ ਨਾ ਤਾਂ ਘਰ-ਘਰ ਨੌਕਰੀ ਦਿੱਤੀ, ਨਾ ਨਸ਼ਾ ਖ਼ਤਮ ਕੀਤਾ ਤੇ ਨਾ ਹੀ ਕਿਸਾਨਾਂ, ਖੇਤ ਮਜਦੂਰਾਂ ਦੇ ਕਰਜੇ ਮਾਫ ਕੀਤੇ। ਉਨ੍ਹਾਂ ਗੁਰਦਾਸਪੁਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 1 ਜੂਨ ਨੂੰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ ਵੋਟਾਂ ਪਾ ਕੇ ਝੂਠੀਆਂ ਸਹੁੰਆਂ ਖਾਣ ਵਾਲਿਆਂ ਨੂੰ ਸਬਕ ਸਿਖਾਉਣ ਅਤੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਦਸ ਸਾਲਾ ਸ਼ਾਸਨ ਦੌਰਾਨ ਦੇਸ਼ ਦੇ ਵਪਾਰੀ, ਕਿਸਾਨ ਤੇ ਕਿਰਤੀ ਵਰਗ ਦਾ ਜਿਊਣਾ ਦੁੱਭਰ ਹੋ ਗਿਆ ਹੈ, ਕਿਉਂਕਿ ਕੇਂਦਰ ਸਰਕਾਰ ਸਾਰੇ ਵਰਗਾਂ ਨੂੰ ਮਾਰ ਕੇ ਦੇਸ਼ ਦੀ ਪੂੰਜੀ ਕਾਰਪੋਰੇਟ ਘਰਾਣਿਆਂ ਹੱਥ ਦੇਣਾ ਚਾਹੁੰਦੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਕਿਸੇ ਵੀ ਪਾਰਟੀ ਨੂੰ ਪੰਜਾਬ ਤੇ ਪੰਥ ਦਾ ਦਰਦ ਨਹੀਂ ਹੈ।
ਇਸ ਮੌਕੇ ਦੀਨਾਨਗਰ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਨੇ ਆਖਿਆ ਕਿ ਡਾ. ਚੀਮਾ ਨੂੰ ਰਿਕਾਰਡਤੋੜ ਵੋਟਾਂ ਨਾਲ ਜਿਤਾ ਕੇ ਲੋਕ ਸਭਾ ਵਿਚ ਭੇਜਿਆ ਜਾਵੇਗਾ, ਕਿਉਂਕਿ ਲੋਕਾਂ ਦਾ ਕਾਂਗਰਸ, ਆਪ ਤੇ ਭਾਜਪਾ ਤੋਂ ਮੋਹ ਭੰਗ ਹੋ ਚੁੱਕਾ ਹੈ। ਇਸ ਮੌਕੇ ਟਕਸਾਲੀ ਅਕਾਲੀ ਆਗੂ ਜਥੇਦਾਰ ਨਰਿੰਦਰ ਸਿੰਘ ਬਾੜਾ ਨੇ ਆਖਿਆ ਕਿ ਸਿੱਖ ਕਦੇ ਵੀ ਇਹ ਗੱਲ ਨਹੀਂ ਭੁੱਲ ਸਕਦੇ ਕਿ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ-ਟੈਂਕਾਂ ਦੇ ਨਾਲ ਢਾਹਿਆ ਅਤੇ ਭਾਰਤੀ ਜਨਤਾ ਪਾਰਟੀ ਨੇ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਸ਼ਹੀਦਾਂ ਦੇ ਖੂਨ ਨਾਲ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਵੱਖਰੀ ਹਰਿਆਣਾ ਕਮੇਟੀ ਬਣਾਈ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਰਮਨਦੀਪ ਸਿੰਘ ਸੰਧੂ, ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਜੀਤ ਸਿੰਘ ਬਿਜਲੀਵਾਲ, ਸ਼੍ਰੋਮਣੀ ਅਕਾਲੀ ਦਲ ਦੀ ਪੀ.ਏ.ਸੀ. ਮੈਂਬਰ ਦਲਬੀਰ ਸਿੰਘ ਭਟੋਆ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਵਿਜੈ ਮਹਾਜਨ, ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ, ਬਲਦੇਵ ਸਿੰਘ ਤਾਜਪੁਰ, ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਗਿਆਨੀ ਜੋਗਰਾਜ ਸਿੰਘ, ਬਲਦੇਵ ਸਿੰਘ ਜੀਵਨਚੱਕ, ਸ਼੍ਰੋਮਣੀ ਅਕਾਲੀ ਦਲ ਸਰਕਲ ਪ੍ਰਧਾਨ ਬਹਿਰਾਮਪੁਰ ਗੁਰਨਾਮ ਸਿੰਘ ਗੰਜਾ, ਬਲਵੀਰ ਸਿੰਘ ਬਹਿਰਾਮਪੁਰ, ਸਰਕਲ ਪ੍ਰਧਾਨ ਸਰਬਜੀਤ ਸਿੰਘ ਲਾਲੀਆ, ਜਨਰਲ ਕੌਂਸਲ ਮੈਂਬਰ ਜਸਵਿੰਦਰ ਸਿੰਘ ਬਹਿਰਾਮਪੁਰ, ਕੁਲਵਿੰਦਰ ਸਿੰਘ ਚਿੱਟੀ, ਗੁਰਦੀਪ ਸਿੰਘ ਨੰਗਲ ਡਾਲਾ, ਸਰਕਲ ਪ੍ਰਧਾਨ ਦਲਬੀਰ ਸਿੰਘ ਸੁਲਤਾਨੀ, ਕੁਲਵੰਤ ਸਿੰਘ ਡੁਗਰੀ, ਸਰਕਲ ਪ੍ਰਧਾਨ ਸੂਬਾ ਸਿੰਘ ਮੱਟਮ, ਸਰਕਲ ਪ੍ਰਧਾਨ ਰੂਪ ਸਿੰਘ ਘੇਸਲ, ਸਰਕਲ ਪ੍ਰਧਾਨ ਭੁਪਿੰਦਰ ਸਿੰਘ ਜਕੜੀਆ, ਸਰਦੂਲ ਪਾਲ ਬਾਊਪੁਰ ਜੱਟਾਂ, ਸਰਕਲ ਪ੍ਰਧਾਨ ਪ੍ਰਵੀਨ ਠਾਕੁਰ, ਵਿਨੈ ਭਰਿਆਲ, ਗੁਰਦੀਪ ਸਿੰਘ, ਬਲਜੀਤ ਸਿੰਘ ਮੱਟਮ, ਬਲਵਿੰਦਰ ਸਿੰਘ ਤੁੰਗ, ਬਲਜੀਤ ਸਿੰਘ ਖੁਸ਼ੀਪੁਰ, ਮਹਿੰਦਰ ਸਿੰਘ ਬੈਂਸ, ਦਰਸ਼ਨ ਸਿੰਘ ਬੈਂਸ, ਕਸ਼ਮੀਰ ਸਿੰਘ ਗੋਲਡੀ, ਕੁਲਦੀਪ ਸਿੰਘ ਖਾਲਸਾ ਗਾਹਲੜੀ, ਬੂੜ ਸਿੰਘ ਆਲੀ ਨੰਗਲ, ਸੁਖਦੇਵ ਸਿੰਘ ਮਗਰਮੂਦੀਆਂ ਅਤੇ ਗੁਰਦੇਵ ਸਿੰਘ ਮਗਰਮੂਦੀਆਂ ਆਦਿ ਵੀ ਹਾਜ਼ਰ ਸਨ।