ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਵਿਖੇ ਆਵਾਜਾਈ ਨਿਯਮਾਂ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਸੈਮੀਨਾਰ ਲਗਾਇਆ

ਗੁਰਦਾਸਪੁਰ

ਗੁਰਦਾਸਪੁਰ, 16 ਜੁਲਾਈ (ਸਰਬਜੀਤ ਸਿੰਘ ) – ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਯਾਮਾ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪੁਲਿਸ ਦੇ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਵਿਖੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ।
ਸੈਮੀਨਾਰ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਅਮਨਦੀਪ ਸਿੰਘ ਨੇ ਕਿਹਾ ਕਿ ਸਕੂਟਰ ਜਾਂ ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮਟ ਜ਼ਰੂਰ ਪਾਉਣਾ ਚਾਹੀਦਾ ਹੈ ਅਤੇ ਬਾਈਕ ਦੀ ਸਪੀਡ ਵੀ ਨਾਰਮਲ ਰੱਖਣੀ ਚਾਹੀਦੀ ਹੈ। ਇਸਦੇ ਨਾਲ ਹੀ ਚਾਰ ਪਹੀਆ ਵਾਹਨ ਚਾਲਕਾਂ ਨੂੰ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਫ਼ੋਨ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਅਜਿਹਾ ਹੋਣ ਨਾਲ ਕਈ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਸਮੇਤ ਵਾਹਨ ਦੇ ਕਾਗ਼ਜ਼ਾਤ ਜ਼ਰੂਰ ਨਾਲ ਰੱਖਣੇ ਚਾਹੀਦੇ ਹਨ।  
ਏ.ਐੱਸ.ਆਈ ਸੁਭਾਸ਼ ਚੰਦਰ ਨੇ ਕਿਹਾ ਕਿ ਹੁਣ 16 ਤੋਂ 18 ਸਾਲ ਦੇ ਬੱਚਿਆਂ ਨੂੰ ਬੀ ਡਰਾਈਵਿੰਗ ਲਾਇਸੈਂਸ ਮਿਲਦਾ ਹੈ ਅਤੇ ਉਹ ਬਿਨਾਂ ਗੇਅਰ ਦੇ ਵਾਹਨ ਚਲਾ ਸਕਦੇ ਹਨ। ਜੇਕਰ ਕੋਈ 18 ਸਾਲ ਤੋਂ ਘੱਟ ਉਮਰ ਦਾ ਬੱਚਾ ਬਿਨਾਂ ਲਾਇਸੈਂਸ ਦੇ ਵਾਹਨ ਚਲਾਉਂਦਾ ਹੈ ਤਾਂ ਉਸ ਬੱਚੇ ਦੇ ਮਾਪਿਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ।  ਇਸ ਮੌਕੇ ਉਨ੍ਹਾਂ ਪੁਲਿਸ ਹੈਲਪ ਲਾਈਨ 112 ਅਤੇ ਨੈਸ਼ਨਲ ਹਾਈਵੇ ਦੇ ਹੈਲਪ ਲਾਈਨ ਨੰਬਰ 1033 ਬਾਰੇ ਵੀ ਜਾਣਕਾਰੀ ਦਿੱਤੀ।
ਸੈਮੀਨਾਰ ਵਿੱਚ ਹਾਜ਼ਰ ਸਮੂਹ ਵਿਦਿਆਰਥੀਆਂ ਨੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਕੀਤਾ ਅਤੇ ਸੈਮੀਨਾਰ ਵਿੱਚ ਦਿਨੇਸ਼ ਸਿੰਘ, ਮਨਜੀਤ ਸਿੰਘ ਅਤੇ ਪ੍ਰੀਤੀ ਬਾਲਾ ਨੇ ਵੀ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *