ਵਾਰਦਾਤ ਦੀ ਉੱਚ ਪੱਧਰੀ ਆਜਾਦਾਨਾ ਜਾਂਚ ਕਰਵਾਏ ਜਾਣ ਦੀ ਮੰਗ
ਮਾਨਸਾ,ਗੁਰਦਾਸਪੁਰ, 23 ਅਪ੍ਰੈਲ 2025 (ਸਰਬਜੀਤ ਸਿੰਘ)– ਬੀਤੇ ਕੱਲ੍ਹ ਕਸ਼ਮੀਰ ਘਾਟੀ ਵਿਚ ਪਹਿਲਗਾਮ ਨੇੜੇ 29 ਤੋਂ ਵੱਧ ਸੈਲਾਨੀਆਂ ਦੇ ਅਣਮਨੁੱਖੀ ਕਤਲੇਆਮ ਅਤੇ ਕਈ ਹੋਰਨਾਂ ਨੂੰ ਜ਼ਖਮੀ ਕਰਨ ਦੀ ਹਿਰਦੇਵੇਦਕ ਵਾਰਦਾਤ ਦੀ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਸਖਤ ਨਿਖੇਧੀ ਕੀਤੀ ਹੈ ਅਤੇ ਸਾਰੇ ਮ੍ਰਿਤਕਾਂ ਪ੍ਰਤੀ ਸੰਵੇਦਨਾ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਇਸ ਕਤਲੇਆਮ ਖ਼ਿਲਾਫ਼
ਆਮ ਕਸ਼ਮੀਰੀ ਅਵਾਮ ਨੇ ਜਿਵੇਂ ਵਿਆਪਕ ਪੱਧਰ ‘ਤੇ ਆਵਾਜ਼ ਉਠਾਈ ਹੈ, ਉਸ ਨਾਲ ਦੇਸ਼ ਦੀਆਂ ਜਮਹੂਰੀ ਤੇ ਇਨਸਾਫ ਪਸੰਦ ਸ਼ਕਤੀਆਂ ਨੂੰ ਵੱਡੀ ਨੈਤਿਕ ਤਾਕਤ ਮਿਲੀ ਹੈ।
ਲਿਬਰੇਸ਼ਨ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਘਟਨਾ ਨੇ ਕਸ਼ਮੀਰ ਵਿੱਚ ਹਾਲਾਤ ਆਮ ਵਰਗੇ ਹੋਣ ਦੇ ਮੋਦੀ ਸਰਕਾਰ ਦੇ ਖੋਖਲੇ ਦਾਅਵਿਆਂ ਨੂੰ ਬੇਨਕਾਬ ਕਰ ਦਿੱਤਾ ਹੈ। ਜੇ ਐਂਡ ਕੇ ਨੂੰ ਦੋ ਹਿੱਸਿਆਂ ਵਿਚ ਵੰਡਣ, ਸੂਬੇ ਦੀ ਬਜਾਏ ਯੂਟੀ ਬਣਾ ਦੇਣ , ਪੂਰੀਆਂ ਸ਼ਕਤੀਆਂ ਚੁਣੀ ਹੋਈ ਸਰਕਾਰ ਦੀ ਬਜਾਏ ਲੈਫਟੀਨੈਂਟ ਗਵਰਨਰ ਦੇ ਹੱਥ ਦੇਣ ਦੇ ਬਾਵਜੂਦ ਕਸ਼ਮੀਰ ਵਿੱਚ ਆਮ ਨਾਗਰਿਕਾਂ, ਪ੍ਰਵਾਸੀ ਮਜ਼ਦੂਰਾਂ ਅਤੇ ਹੁਣ ਸੈਲਾਨੀਆਂ ਉਤੇ ਦਹਿਸ਼ਤੀ ਹਮਲੇ ਜਿਉਂ ਦੀ ਤਿਉਂ ਜਾਰੀ ਹਨ। ਬੇਸ਼ੱਕ ਬੀਜੇਪੀ ਵਾਰ ਵਾਰ ਉੱਥੇ ਆਮ ਵਰਗੀ ਹਾਲਤ ਬਹਾਲ ਹੋਣ ਦੇ ਦਾਅਵੇ ਕਰਦੀ ਰਹੀ ਹੈ, ਪਰ ਉੱਥੇ ਨਿਰੰਤਰ ਜਾਰੀ ਹਿੰਸਾ ਬੀਜੇਪੀ ਦੇ ਅਜਿਹੇ ਦਾਅਵਿਆਂ ਦੀ ਹਕੀਕਤ ਨੂੰ ਜ਼ਾਹਰ ਕਰ ਰਹੀ ਹੈ। ਫੌਜ ਦੀ ਭਾਰੀ ਮੌਜੂਦਗੀ ਦੇ ਬਾਵਜੂਦ ਦਹਿਸ਼ਤਗਰਦੀ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਮੋਦੀ ਸਰਕਾਰ ਵਲੋਂ ਉੱਥੇ ਜਨਤਾ ਦੇ ਲੋਕਤੰਤਰੀ ਫਤਵੇ ਨੂੰ ਦਬਾਉਣ ਅਤੇ ਮਸਲੇ ਨੂੰ ਸਿਆਸੀ ਤੌਰ ‘ਤੇ ਹੱਲ ਕਰਨ ਦੀ ਬਜਾਏ ਬੰਦੂਕ ਦੇ ਬਲ ‘ਤੇ ਨਜਿੱਠਣ ਦੀ ਨੀਤੀ ਸੂਬੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੀ ਬਹਾਲੀ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਇਥੋਂ ਤੱਕ ਕਿ ਦੇਸ਼ ਵਾਸੀਆਂ ਦੇ ਮਨਾਂ ਵਿੱਚ ਇਸ ਘਿਨਾਉਣੇ ਕਤਲੇਆਮ ਦੇ ਸਮੇਂ ਅਤੇ ਪ੍ਰਸੰਗ ਨੂੰ ਲੈ ਕੇ ਗੰਭੀਰ ਖਦਸੇ ਹਨ। ਜਨਤਾ ਇਸ ਨੂੰ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦੇ ਭਾਰਤ ਦੌਰੇ ਦੌਰਾਨ ਹੋਏ ਚਿੱਠੀ ਸਿੰਘਪੁਰਾ ਪਿੰਡ ਵਿੱਚ ਤਿੰਨ ਦਰਜਨ ਕਸ਼ਮੀਰੀ ਸਿੱਖਾਂ ਦੇ ਕਤਲੇਆਮ, ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਲਵਾਮਾ ਵਿਖੇ ਹੋਏ ਭਾਰੀ ਵਿਸਫੋਟ ਵਿੱਚ ਸਾਡੇ 40 ਜੁਆਨਾਂ ਦੀਆਂ ਜਾਨਾਂ ਜਾਣ ਅਤੇ ਹੁਣ ਅਮਰੀਕੀ ਉਪ ਰਾਸ਼ਟਰਪਤੀ ਵਾਂਸ ਦੇ ਭਾਰਤ ਦੌਰੇ ਦੌਰਾਨ ਸੈਲਾਨੀਆਂ ਦੇ ਇਸ ਕਤਲੇਆਮ ਵਰਗੀਆਂ ਸ਼ੱਕੀ ਵਾਰਦਾਤਾਂ ਨੂੰ ਇਕੋ ਲੜੀ ਵਿੱਚ ਜੁੜਦਾ ਹੀ ਵੇਖ ਰਹੀ ਹੈ। ਇਸ ਲਈ ਅਸੀਂ ਇਸ ਵਾਰਦਾਤ ਦੀ ਉੱਚ ਪੱਧਰੀ ਤੇ ਆਜਾਦਾਨਾ ਜਾਂਚ ਕਰਵਾਏ ਜਾਣ ਦੀ ਮੰਗ ਕਰਦੇ ਹਾਂ।
ਲਿਬਰੇਸ਼ਨ ਦਾ ਕਹਿਣਾ ਹੈ ਕਿ ਅਸੀਂ ਇਸ ਘਿਨਾਉਣੀ ਵਾਰਦਾਤ ਦੇ ਕਾਤਲਾਂ ਤੇ ਸਾਜ਼ਿਸ਼ਕਾਰਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦੇ ਹਾਂ, ਪਰ ਖ਼ਾਨਾਪੂਰਤੀ ਲਈ ਹਰਗਿਜ਼ ਵੀ ਕੁਝ ਬੇਕਸੂਰ ਲੋਕਾਂ ਨੂੰ ਬਲੀ ਨਹੀਂ ਚੜਾਇਆ ਜਾਣਾ ਚਾਹੀਦਾ, ਜਿਵੇਂ ਕਿ ਚਿੱਟੀ ਸਿੰਘਪੁਰਾ ਕਤਲੇਆਮ ਤੋਂ ਬਾਅਦ ਮੁਕਾਬਲੇ ਦੇ ਨਾਂ ‘ਤੇ 5 ਨਿਰਦੋਸ਼ ਕਸ਼ਮੀਰੀ ਮਜ਼ਦੂਰਾਂ ਦੀ ਜਾਨ ਲੈ ਲਈ ਗਈ ਸੀ। ਬਿਆਨ ਵਿੱਚ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਸਾਨੂੰ ਇਸ ਦੁੱਖਦਾਈ ਵਾਰਦਾਤ ਦੀ ਆੜ ਵਿੱਚ ਫਿਰਕੂ ਭੜਕਾਹਟ ਫੈਲਾਉਣ ਵਾਲੇ ਫਾਸ਼ੀਵਾਦੀ ਤੱਤਾਂ ਤੋਂ ਸਾਵਧਾਨ ਰਹਿਣਾ ਚਾਹੀਦਾ। ਇਸ ਔਖੇ ਸਮੇਂ ਵਿੱਚ ਜ਼ਰੂਰੀ ਹੈ ਕਿ ਸਾਰੇ ਲੋਕ ਅਜਿਹੀਆਂ ਵੰਡੀਆਂ ਪੈਦਾ ਕਰਨ ਵਾਲੀਆਂ ਤਾਕਤਾਂ ਦੀ ਸਾਜ਼ਿਸ਼ ਨੂੰ ਇਕਜੁੱਟ ਹੋ ਕੇ ਨਾਕਾਮ ਕਰਨ।


