ਸਮਗਲਰ,ਭ੍ਰਿਸ਼ਟ ਨੇਤਾ ਅਤੇ ਅਫ਼ਸਰ ਸ਼ਾਹੀ ਦੀ ਤਿੱਕੜੀ ਵਿਖੇਰਨ ਲਈ 21 ਜੁਲਾਈ ਨੂੰ ਮਾਨਸਾ ਵਿਖੇ ਹੋਵੇਗਾ ਇਤਿਹਾਸਕ ਇਕੱਠ-ਆਗੂ
ਮਾਨਸਾ ਦੇ ਲੋਕਾਂ ਨੇ ਨਸ਼ਾ ਤਸੱਕਰਾਂ ਦੀ ਸਰਪ੍ਰਸਤੀ ਕਰਨ ਵਾਲੇ ਡੀ.ਐਸ.ਪੀ ਅਤੇ ਡਰੱਗ ਇੰਸਪੈਕਟਰ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਜਬਤ ਕੀਤੀਆਂ ਜਾਣ-ਆਗੂ
ਅੱਜ ਹੋਵੇਗਾ ਮਾਨਸਾ ਵਿੱਚ ਨਸ਼ਿਆ ਵਿਰੁੱਧ ਲਾ-ਮਿਸਾਲ ਇਕੱਠ
ਮਾਨਸਾ, ਗੁਰਦਾਸਪੁਰ 21 ਜੁਲਾਈ (ਸਰਬਜੀਤ ਸਿੰਘ)–ਚਿੱਟੇ ਦਿਨ ਚਿੱਟੇ ਦੀ ਸਮਗਲਿੰਗ ਅਤੇ ਮੈਡੀਕਲ ਸਟੋਰਾਂ ਤੇ ਰਾਸ਼ਨ ਵਾਂਗ ਵਿਕਦੀਆਂ ਨਸ਼ੀਲੀਆਂ ਦਵਾਈਆਂ ਨੂੰ ਪੂਰਨ ਰੂਪ ਵਿੱਚ ਬੰਦ ਕਰਵਾਕੇ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਸੁੱਟਵਾਉਂਣ ਲਈ ਮਾਨਸਾ ਵਿਖੇ ਸ਼ੁਰੂ ਕੀਤਾ ਗਿਆ ਸੰਘਰਸ਼ ਰਾਸ਼ਟਰੀ ਬਣਦਾ ਜਾ ਰਿਹਾ ਹੈ।ਅੱਜ (21 ਜੁਲਾਈ )ਹੋਣ ਵਾਲੀ ਨਸ਼ਾ ਵਿਰੋਧੀ ਰੈਲੀਚ ਜਿੱਥੇ ਪੰਜਾਬ ਦੇ ਕੋਨੇ ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਨਸ਼ਾ ਮੁਕਤੀ ਦੀ ਮੰਗ ਕਰ ਰਹੇ ਲੋਕ ਸ਼ਾਮਿਲ ਹੋਣਗੇ ਉੱਥੇ ਹੀ ਕਿਸਾਨ ਯੁਨੀਅਨਾਂ ਦੇ ਰਾਸ਼ਟਰ ਪੱਧਰੀ ਆਗੂ ਤੇ ਹੋਰ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋ ਰਹੇ ਹਨ ।ਇੱਕੀ ਜੁਲਾਈ ਨੂੰ ਹੋਣ ਵਾਲੇ ਭਾਰੀ ਇਕੱਠ ਦੇ ਪ੍ਰਬੰਧਾਂ ਦਾ ਜਾਇਜਾ ਲੈਂਦਿਆਂ ਨਸ਼ਾ ਰੋਕੂ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਕਮੇਟੀ ਦੇ ਮੈਂਬਰ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਹਰ ਪਿੰਡ ਵਿੱਚੋਂ ਜਿਹੜਾ ਰੁਝਾਨ ਮਿਲ ਰਿਹਾ ਹੈ ਉਸ ਮੁਤਾਬਿਕ ਨਸ਼ਾ ਵਿੱਕਰੀ ਦੀ ਜਚ ਕੇ ਮੁਖਾਲਫਤ ਕਰ ਰਹੇ ਲੋਕ ਵੱਡੇ ਕਾਫਲਿਆਂ ਦੇ ਰੂਪ ਵਿੱਚ ਪੁੱਜ ਰਹੇ ਹਨ। ਉਨ੍ਹਾਂ ਕਿਹਾ ਨਸ਼ੇ ਦੀ ਮਾਰ ਤੋਂ ਤੰਗ ਆਏ ਹਰ ਵਰਗ ਦੇ ਲੋਕ ਜਾਗ ਚੁੱਕੇ ਹਨ ਅਤੇ ਹਰ ਕੋਈ ਆਪਣੇ ਮਾਸੂਮ ਧੀਆਂ ਪੁੱਤਾਂ ਨੂੰ ਬਚਾਉਂਣ ਲਈ ਹਰ ਲੜਾਈ ਲੜਨ ਲਈ ਤਿਆਰ ਹੋ ਚੁੱਕਾ ਹੈ।ਇਸਤਰੀ ਆਗੂ ਜਸਵੀਰ ਕੌਰ ਨੱਤ ਨੇ ਦੱਸਿਆ ਕਿ ਪਿੰਡਾਂ ਵਿੱਚੋਂ ਔਰਤਾਂ ਦੀ ਸਮੂਲੀਅਤ ਵੀ ਮਿਸਾਲੀ ਹੋਵੇਗੀ । ਉਨ੍ਹਾਂ ਦੱਸਿਆ ਕਿ ਨਸ਼ੇ ਤੋਂ ਪੀੜਤ ਨੌਜਵਾਨਾਂ ਅਤੇ ਅੱਧਖੜ ਲੋਕਾਂ ਦੀ ਸਭ ਤੋਂ ਵੱਡੀ ਮਾਰ ਔਰਤਾਂ ਝੱਲ ਰਹੀਆਂ ਹਨ । ਉਨ੍ਹਾਂ ਆਪਣਾ ਤਜਰਬਾ ਸਾਂਝਾ ਕਰਦਿਆਂ ਕਿ ਪਹਿਲਾਂ ਜਿਹੜੀਆਂ ਪੇਂਡੂ ਔਰਤਾਂ ਆਪਣਾ ਮੂੰਹ ਤੱਕ ਨਹੀਂ ਸਨ ਖੋਲ੍ਹਦੀਆਂ ਹੁਣ ਪਿੰਡ ਦੀਆਂ ਸੱਥਾਂ `ਚ ਇਕੱਠੀਆਂ ਹੋ ਕੇ ਸ਼ਰੇਆਮ ਨਸ਼ਾ ਵੇਚਣ ਵਾਲਿਆਂ ਦਾ ਨਾਮ ਲੈਂਦੀਆਂ ਹਨ ।ਆਗੂਆਂ ਨੇ ਦੱਸਿਆ ਕਿ ਸੰਘਰਸ਼ ਨੂੰ ਜਿਲ੍ਹੇ ਵਿੱਚ ਬਣੀ ਹਰ ਜਥੇਬੰਦੀ ਦਾ ਪੂਰਨ ਸਮਰਥਨ ਹੈ ਅਤੇ ਲੋਕਾਂ ਦਾ ਭਾਰੀ ਇਕੱਠਾ ਕੁਰਾਹੇ ਪਈ ਸਰਕਾਰ ਤੇ ਸਥਾਨਕ ਪ੍ਰਸਾਸ਼ਨ ਨੂੰ ਸਿੱਧੇ ਰਾਹ ਤੁਰਨ ਲਈ ਮਜ਼ਬੂਰ ਕਰੇਗਾ ।ਕੱਲ੍ਹ ਦੇ ਇਕੱਠ ਦੌਰਾਨ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੀਆਂ ਮੁੱਖ ਮੰਗਾਂ ਹੋਣਗੀਆਂ ਕਿ ਪਰਮਿੰਦਰ ਸਿੰਘ ਝੋਟਾ ਅਤੇ ਹੋਰ ਨੌਜਵਾਨਾਂ ‘ਤੇ ਪਾਏ ਸਾਰੇ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਅੱਗੇ ਤੋਂ ਐਸੀਆਂ ਕਾਰਵਾਈਆਂ ਬੰਦ ਹੋਣ।ਨਸ਼ਾ ਤਸਕਰਾਂ ਅਤੇ ਉਨ੍ਹਾਂ ਦੇ ਭਾਈਵਾਲ ਭਰਿਸ਼ਟ ਅਫਸਰਾਂ ਦੀਆਂ ਆਮਦਨ ਤੋਂ ਵੱਧ ਗੈਰਕਾਨੂੰਨੀ ਜਾਇਦਾਦਾਂ ਜਬਤ ਕੀਤੀਆਂ ਜਾਣ।ਨਸ਼ੀਲੀਆਂ ਦਵਾਈਆਂ ਰੱਖਣ ਅਤੇ ਵੇਚਣ ਵਾਲੇ ਮੈਡੀਕਲ ਸਟੋਰਾਂ ਦੇ ਲਾਇਸੰਸ ਰੱਦ ਕੀਤੇ ਜਾਣ।ਤਸਕਰਾਂ ਦੀ ਸਰਪ੍ਰਸਤੀ ਕਰਨ ਵਾਲੇ ਡੀ ਐਸ ਪੀ ਸੰਜੀਵ ਗੋਇਲ ਅਤੇ ਡਰੱਗ ਇੰਸਪੈਕਟਰ ਸੀਸ਼ਮ ਮਿੱਤਲ ਨੂੰ ਤੁਰੰਤ ਸਸਪੈਂਡ ਕਰਕੇ ਉਨ੍ਹਾਂ ਦੀਆਂ ਡਰੱਗ ਮਨੀ ਨਾਲ ਬਣਾਈਆਂ ਜਾਇਦਾਦਾਂ ਜਬਤ ਕੀਤੀਆਂ ਜਾਣ।
ਪਰਮਿੰਦਰ ਸਿੰਘ ਝੋਟੇ ‘ਤੇ 307 ਦਾ ਝੂਠਾ ਪਰਚਾ ਪਾਉਂਣ ਵਾਲੇ ਏ ਐਸ ਆਈ ਅਵਤਾਰ ਸਿੰਘ ਨੂੰ ਸਸਪੈਂਡ ਕਰਕੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਨਸ਼ੇੜੀ ਏ ਐਸ ਆਈ ਸੱਤਪਾਲ ਸਿੰਘ ਜਿਸਨੇ ਨੌਜਵਾਨਾਂ ਨੂੰ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਿਆ ਨੂੰ ਸਸਪੈਂਡ ਕਰਕੇ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸੰਜੂ ਮੈਡੀਕਲ ਦੀ 400 ਰੁਪੈ ਫਿਰੌਤੀ ਵਾਲੀ ਝੂਠੀ ਸ਼ਿਕਾਇਤ ‘ਤੇ ਪਰਮਿੰਦਰ ਸਿੰਘ ਝੋਟੇ ਦੀ ਗਿਰਫਤਾਰੀ ਲਈ ਉਸਦੇ ਘਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਛਾਪਾਮਾਰੀ ਕਰਨ, ਧਾਰਮਿਕ ਕਕਾਰਾਂ ਦੀ ਬੇਅਦਬੀ ਕਰਨ,ਮੰਦੀ ਭਾਸ਼ਾ ਬੋਲਣ, ਸੱਟਾਂ ਮਾਰਨ ਦੇ ਦੋਸ਼ਾਂ ਤਹਿਤ ਸਬ ਇੰਸਪੈਕਟਰ ਗੁਰਤੇਜ ਸਿੰਘ ਖਿਲਾਫ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜਿਸ ਥਾਨੇ ਅਧੀਨ ਕਿਸੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੁੰਦੀ ਹੈ ਉਸਦੀ ਸਮੁੱਚੀ ਜਿੰਮੇਵਾਰੀ ਉਸ ਥਾਨੇ ਦੇ ਐਸ ਐਚ ਓ ਦੀ ਨਿਸਚਿਤ ਕਰਦਿਆਂ ਬਣਦੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕੀਤੀ ਜਾਵੇ।
ਮਾਨਸਾ ਮੈਡੀਕੋਜ ਵੱਲੋਂ ਨਸ਼ੇ ਵੇਚ ਕੇ ਬਣਾਈਆਂ ਜਾਇਦਾਦਾਂ ਜਬਤ ਕੀਤੀਆਂ ਜਾਣ ।ਅੱਜ ਦੇ ਧਰਨੇ ਦੌਰਾਨ ਮਾਸਟਰ ਸੁਖਦੇਵ ਸਿੰਘ,ਰਤਨ ਭੋਲਾ, ਗੁਰਸੇਵਕ ਸਿੰਘ ਜਵਾਹਰਕੇ,ਮੀਂਹਾ ਸਿੰਘ,ਅਮਰੀਕ ਫਫੜੇ,ਸੋਮ ਦੱਤ ਸ਼ਰਮਾ,ਵਿਜੈ ਭੀਖੀ,ਮੇਜਰ ਸਿੰਘ ਦੂਲੋਵਾਲ,ਧੰਨਾ ਮੱਲ ਗੋਇਲ,ਨਿਰਮਲ ਸਿੰਘ ਝੰਡੂਕੇ,ਸੂਬੇਦਾਰ ਜਗਦੇਵ ਸਿੰਘ ਰਾਏਪੁਰ,ਰਾਜ ਅਕਲੀਆ, ਇਕਬਾਲ ਸਿੰਘ ਫਫੜੇ ,ਅਮਰਜੀਤ ਕੌਰ,ਬੰਟੀ ਜਟਾਣਾ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਤਿੰਨ ਦਰਜਨ ਆਗੂਆਂ ਨੇ ਸੰਬੋਧਨ ਕਰਦਿਆਂ ਸਭਨੂੰ ਇੱਕੀ ਜੁਲਾਈ ਦੇ ਇਕੱਠ। ‘ਚ ਪੁੱਜਣ ਦੀ ਅਪੀਲ ਕੀਤੀ।


