ਮਨਰੇਗਾ ਮਜ਼ਦੂਰਾਂ ਨੂੰ 700 ਰੁਪਏ ਦਿਹਾੜੀ ਕਰਨ ਦੀ ਮੰਗ ਉਠਾਈ
ਗੁਰਦਾਸਪੁਰ, 13 ਜੂਨ (ਸਰਬਜੀਤ ਸਿੰਘ)– ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਯੂਨੀਅਨ ਦੇ ਸੂਬਾਈ ਸਹਾਇਕ ਸਕੱਤਰ ਕਾਮਰੇਡ ਵਿਜੇ ਕੁਮਾਰ ਸੋਹਲ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਵਿਸ਼ਾਲ ਰੈਲੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ। ਲਾਲ ਲਕੀਰ ਦੇ ਅੰਦਰ ਆਉਣ ਵਾਲੇ ਘਰ ਮਜ਼ਦੂਰਾਂ ਦੇ ਨਾਂ ‘ਤੇ ਰਜਿਸਟਰੀ ਕੀਤੀ ਜਾਵੇ। ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਵਾਅਦੇ ਕਿ ਹਰ ਘਰ ਦੀ ਇੱਕ ਔਰਤ ਦੇ ਖਾਤੇ ਵਿੱਚ ਇੱਕ-ਇੱਕ ਹਜ਼ਾਰ ਰੁਪਏ ਦਿੱਤੇ ਜਾਣਗੇ, ਜੋ ਅਜੇ ਤੱਕ ਪੂਰੇ ਨਹੀਂ ਹੋਏ, ਪੂਰੇ ਕੀਤੇ ਜਾਣ। ਵਾਅਦੇ ਮੁਤਾਬਕ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ 2500 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ।
ਰੈਲੀ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਮਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਨੂੰ ਸਰਲ ਬਣਾਇਆ ਜਾਵੇ। ਪਿੰਡਾਂ ਵਿੱਚ ਹਰ ਬੇਘਰੇ ਮਜ਼ਦੂਰ ਨੂੰ 5-5 ਮਰਲੇ ਦੇ ਪਲਾਟ ਅਲਾਟ ਕੀਤੇ ਜਾਣ। ਕੱਚੇ ਮਕਾਨਾਂ ਦੀਆਂ ਛੱਤਾਂ ਪੱਕੀਆਂ ਕਰਨ ਲਈ ਗਰਾਂਟ ਜਾਰੀ ਕੀਤੀ ਜਾਵੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਿੰਨ ਮਹੀਨਿਆਂ ਬਾਅਦ ਮੁਲਾਜ਼ਮ ਚੰਡੀਗੜ੍ਹ ਵੱਲ ਮਾਰਚ ਕਰਨਗੇ। ਇਸ ਮੌਕੇ ਰਣਜੀਤ ਕੌਰ, ਗੁਲਜ਼ਾਰ ਸਿੰਘ, ਸੁਖਦੇਵ ਸਿੰਘ, ਕੁਲਬੀਰ ਮਸੀਹ, ਬੰਟੀ ਮਸੀਹ, ਗੋਪਾਲ ਕ੍ਰਿਸ਼ਨ ਆਦਿ ਨੇ ਵੀ ਸੰਬੋਧਨ ਕੀਤਾ।


