ਅੰਮ੍ਰਿਤਸਰ, ਗੁਰਦਾਸਪੁਰ, 4 ਨਵੰਬਰ (ਸਰਬਜੀਤ ਸਿੰਘ)– ਸੀ ਪੀਆਈਐਮਐਲ ਲਿਬਰੇਸ਼ਨ ਵੱਲੋਂ ਮਜੀਠਾ ਬਲਾਕ ਦੇ ਪਿੰਡ ਪਾਖਰਪੁਰਾ ਦੇ ਅੰਮ੍ਰਿਤ ਪੈਲਸ ਵਿੱਚ ਰਾਜਨੀਤਿਕ ਕਾਨਫਰੰਸ ਕੀਤੀ ਗਈ ਜਿਸ ਦੀ ਪ੍ਰਧਾਨਗੀ ਰਾਣੀ, ਮਨਜੀਤ ਕੌਰ, ਸੁਖਵਿੰਦਰ ਕੌਰ ਬੱਜੂਮਾਨ ,ਕੁਲਵੰਤ ਕੌਰ, ਮਦਨਜੀਤ ਕਾਦਰਾਬਾਦ ਅਤੇ ਜੱਸਾ ਸਿੰਘ ਨੇ ਕੀਤੀ। ਇਸ ਸਮੇਂ ਬੋਲਦਿਆਂ ਲਿਬਰੇਸ਼ਨ ਦੇ ਆਗੂ ਬਲਵੀਰ ਸਿੰਘ ਝਾਮਕਾ, ਬਲਬੀਰ ਸਿੰਘ ਮੂਦਲ, ਨਿਰਮਲ ਸਿੰਘ ਸੱਜਲ ਵੱਡੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪੰਜਾਬ ਦੇ ਰਾਜਨੀਤਿਕ ਖਿਲਾ ਨੂੰ ਭਰਨ ਲਈ ਉਹਨਾਂ ਦੀ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਬਦਲ ਵਜੋਂ ਖੱਬੇ ਪੱਖੀ ਬਦਲ ਉਸਾਰਨ ਦੇ ਯਤਨ ਕਰ ਰਹੀ ਹੈ ਕਿਉਂਕਿ ਇਹ ਸਾਬਤ ਹੋ ਚੁਕਾ ਹੈ ਕਿ ਸਰਮਾਏਦਾਰੀ ਜਮਾਤ ਦੀਆਂ ਹਾਕਮ ਪਾਰਟੀਆਂ ਦਲਿਤਾਂ, ਪਛੜੀਆਂ ਸ਼੍ਰੇਣੀਆਂ ਅਤੇ ਛੋਟੀ ਕਿਸਾਨੀ ਦੀਆਂ ਬੁਨਿਆਦੀ ਸਮੱਸਿਆ ਨੂੰ ਹੱਲ ਨਹੀਂ ਕਰ ਸਕਦੀਆਂ ਬਲਕਿ ਹਾਕਮ ਜਮਾਤਾਂ ਮਿਹਨਤਕਸ ਅਵਾਮ ਨੂੰ ਨਸ਼ਿਆਂ, ਫਿਰਕੂ ਵੰਡ, ਮਹਿੰਗਾਈ, ਬੇਰੁਜ਼ਗਾਰੀ ਅਤੇ ਗਰੀਬੀ ਦੀ ਦਲ ਦਲ ਵਿੱਚ ਧਸ ਰਹੀਆਂ ਹਨ। ਰਾਜਨੀਤਿਕ ਕਾਨਫਰੰਸ ਵਿੱਚ ਜਨਤਾ ਦੇ ਮੁੱਦੇ ਉਠਾਉਂਦਿਆਂ ਕਿਹਾ ਗਿਆ ਕਿ ਸਰਕਾਰ ਬੇਰੁਜ਼ਗਾਰੀ ਦਾ ਠੋਸ ਹੱਲ ਕਰੇ ਅਤੇ ਇਸ ਸਬੰਧੀ ਪਾਰਲੀਮੈਂਟ ਅਤੇ ਵਿਧਾਨ ਸਭਾ ਵਿੱਚ ਕਾਨੂੰਨ ਬਣਾਇਆ ਜਾਵੇ, ਬੇਘਰਿਆਂ ਨੂੰ ਘਰ ਦੇਣ ਦਾ ਮੁੱਦਾ ਵੀ ਉਠਾਇਆ ਗਿਆ, ਪਿੰਡਾਂ ਦੀ ਲਾਲ ਲਕੀਰ ਦੇ ਅੰਦਰ ਪੈਂਦੇ ਮਜ਼ਦੂਰ ਘਰਾਂ ਦੀ ਰਜਿਸਟਰੀ ਕਰਵਾਈ ਜਾਵੇ, ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਗਿਆ ਕਿ ਇਹ ਦੋਨੋਂ ਸਰਕਾਰਾਂ ਪੰਜਾਬ ਦੇ ਕਿਸਾਨਾਂ ਦੀ ਝੋਨੇ ਦੀ ਫਸਲ ਦੀ ਬਰਬਾਦੀ ਲਈ ਜਿੰਮੇਵਾਰ ਹਨ।
ਖਰੀਦ ਸ਼ੁਰੂ ਹੋਇਆ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਅਜੇ ਵੀ ਕਿਸਾਨ ਅਤੇ ਮਜ਼ਦੂਰ ਮੰਡੀਆਂ ਵਿੱਚ ਰੁਲ ਰਹੇ ਹਨ, ਦੋਨੋਂ ਸਰਕਾਰਾਂ ਦੇ ਆਗੂ ਬੜੀ ਢੀਠਤਾਈ ਨਾਲ ਜਿਮਨੀ ਚੋਣਾਂ ਵਿੱਚ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੋਂ ਵੋਟਾਂ ਦੀ ਫਰਿਆਦ ਕਰ ਰਹੇ ਹਨ।ਪਰ ਕਿਸੇ ਵੀ ਹਾਲਤ ਵਿੱਚ ਪੰਜਾਬ ਦੇ ਲੋਕ ਜਿਮਨੀ ਚੋਣਾਂ ਵਿੱਚ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪੋਲ ਨਹੀਂ ਕਰਨਗੇ। ਕਾਨਫਰੰਸ ਵਿੱਚ ਮੰਗਲ ਸਿੰਘ ਧਰਮਕੋਟ,ਪਾਖਰਪੁਰ ਦੇ ਸਰਪੰਚ ਸਤਨਾਮ ਸਿੰਘ ,ਸਾਬਕਾ ਸਰਪੰਚ ਬਚਿੱਤਰ ਸਿੰਘ ਛਣੇਵਾਲੀ, ਰਜਿੰਦਰ ਸਿੰਘ ਸੋਨਾ , ਬਚਨ ਸਿੰਘ ਤੇਜਾ ਦਲਵੀਰ ਭੋਲਾ ਅਤੇ ਕਿਸਾਨ ਆਗੂ ਹਰਪ੍ਰੀਤ ਸਿੰਘ ਪਾਖਰਪੁਰਾ ਹਾਜਰ ਸਨ।