ਲੋਪੋਕੇ, ਅੰਮ੍ਰਿਤਸਰ, ਗੁਰਦਾਸਪੁਰ, 18 ਫਰਵਰੀ (ਸਰਬਜੀਤ ਸਿੰਘ)— ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ ਵਿਖੇ ਮਜ਼ਦੂਰ ਮੰਗਾਂ ਦੇ ਹੱਕ ਵਿੱਚ ਬਲਜੀਤ ਕੌਰ ਹਰਜਿੰਦਰ ਕੌਰ ਭਿੱਟੇਵੱਡ ਅਤੇ ਸਰਬਜੀਤ ਕੌਰ ਸਾਰੰਗੀਆਂ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਗਈ। ਇਸ ਸਮੇਂ ਬੋਲਦਿਆਂ ਮਜ਼ਦੂਰ ਅਤੇ
ਕਿਸਾਨ ਆਗੂ ਮੰਗਲ ਸਿੰਘ ਧਰਮਕੋਟ, ਦਲਬੀਰ ਭੋਲਾ ਮਲਕਵਾਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਸਮਾਜ ਦਾ ਸੱਭ ਤੋਂ ਨਪੀੜਿਆ ਹਿਸਾ ਮਜ਼ਦੂਰ ਜਮਾਤ ਘੋਰ ਸਮਸਿਆਵਾਂ ਭਰਪੂਰ ਜ਼ਿੰਦਗੀ ਜਿਊ ਰਹੀ ਹੈ। ਬੀਤੇ ਸਾਢੇ ਸੱਤ ਦਹਾਕਿਆਂ ਤੋਂ ਕਿਸੇ ਵੀ ਹਾਕਮ ਪਾਰਟੀ ਨੇ ਇਸ ਜਮਾਤ ਦੀਆਂ ਮੁਸਕਲਾਂ ਨੂੰ ਆਪਣੇ ਏਜੰਡੇ ਤੇ ਨਹੀਂ ਲਿਆ ਨਤੀਜੇ ਵਜੋਂ ਮਜ਼ਦੂਰ ਜਮਾਤ ਅੱਜ ਵੀ ਰੋਟੀ, ਕਪੜੇ, ਮਕਾਨ,ਸੇਹਤ ਅਤੇ ਸਿਖਿਆ ਵਰਗੀਆਂ ਲੋੜਾਂ ਪੂਰੀਆਂ ਕਰਨ ਲਈ ਲੜ ਰਹੀ ਹੈ। ਆਗੂਆਂ ਕਿਹਾ ਕਿ ਮਜ਼ਦੂਰ ਜਮਾਤ ਦੀ ਗ਼ਰੀਬੀ ਦਾ ਫਾਇਦਾ ਉਠਾਉਣ ਲਈ ਸਰਮਾਏਦਾਰੀ ਅਤੇ ਰਾਜਨੀਤਕ ਆਗੂਆ ਨੇ ਤਰ੍ਹਾਂ ਤਰ੍ਹਾਂ ਦੇ ਨਾਵਾਂ ਹੇਠ ਦੋ ਨੰਬਰ ਦੀਆਂ ਮਾਈਕਰੋ ਫਾਈਨਾਂਸ ਕੰਪਨੀਆਂ ਬਣਾ ਕੇ 95 ਫ਼ੀਸਦ ਮਜ਼ਦੂਰ ਪਰਿਵਾਰਾਂ ਨੂੰ ਆਪਣੇ ਕਰਜ਼ਾ ਜਾਲ ਵਿਚ ਫਸਾ ਲਿਆ ਹੈ।ਇਹ ਜਾਣਦਿਆਂ ਹੋਇਆਂ ਵੀ ਕਿ ਅਰਧ ਬੇਰੁਜ਼ਗਾਰ ਪਰਿਵਾਰ ਕਰਜ਼ਾ ਵਾਪਸ ਕਰਨ ਤੋਂ ਅਸਮਰਥ ਹਨ ਫਿਰ ਵੀ ਮੋਟੇ ਵਿਆਜ਼ ਦੇ ਲਾਲਚ ਵਿੱਚ ਇਨ੍ਹਾਂ ਕੰਪਨੀਆਂ ਨੇ ਮਜ਼ਦੂਰਾਂ ਨੂੰ ਕਈ ਕਈ ਕਰਜ਼ੇ ਦੇ ਰੱਖੇ ਹਨ ਜਿਨ੍ਹਾਂ ਕਰਜ਼ਿਆਂ ਦੀਆਂ ਕਿਸ਼ਤਾਂ ਦੇਣ ਲਈ ਮਜ਼ਦੂਰ ਪਰਿਵਾਰਾਂ ਪਾਸ ਕੋਈ ਆਮਦਨ ਦਾ ਸਾਧਨ ਹੀ ਨਹੀਂ, ਇਸ ਹਾਲਤ ਵਿੱਚ ਮਾਨ ਅਤੇ ਮੋਦੀ ਸਰਕਾਰ ਨੂੰ ਇਹ ਕਰਜ਼ੇ ਆਪਣੇ ਜੁਮੇਂ ਲੈਂਣੇ ਚਾਹੀਦੇ ਹਨ ਨਹੀ ਤਾਂ ਮਜ਼ਦੂਰ ਮਜ਼ਬੂਰਨ ਇਨ੍ਹਾਂ ਕਰਜ਼ਿਆਂ ਦੀਆਂ ਕਿਸ਼ਤਾਂ ਦਾ ਪੱਕਾ ਬਾਈਕਾਟ ਕਰਨਗੇ। ਆਗੂਆਂ ਕਿਹਾ ਕਿ ਮਜ਼ਦੂਰਾਂ ਨੂੰ 10/10ਮਰਲੇ ਦੇ ਪਲਾਟ ਦੇਣ,ਹਰ ਮਜ਼ਦੂਰ ਕਿਸਾਨ ਪਰਿਵਾਰ ਨੂੰ 10000 ਰੁਪਏ ਮਹੀਨਾ ਪੈਨਸ਼ਨ ਦੇਣ,ਲਾਲ ਲਕੀਰ ਦੇ ਅੰਦਰਲੇ ਘਰਾਂ ਨੂੰ ਮਾਲ ਵਿਭਾਗ ਵਿੱਚ ਦਰਜ ਕਰਨ ਅਤੇ ਮਜ਼ਦੂਰਾਂ ਨੂੰ ਮੁਫ਼ਤ ਪੜਾਈ ਅਤੇ ਮੁਫ਼ਤ ਸੇਹਤ ਸੇਵਾਵਾਂ ਦੇਣ ਦੇ ਵਾਅਦੇ ਲਾਗੂ ਕੀਤੇ ਜਾਣ । ਆਗੂਆਂ ਕਿਹਾ ਮਜਦੂਰ ਮਸਲਿਆਂ ਨੂੰ ਹੱਲ ਕਰਾਉਣ ਲਈ ਮਾਰਚ ਦੇ ਅਖੀਰ ਵਿਚ ਚੰਡੀਗੜ੍ਹ ਵਿਚ ਰੈਲੀ ਅਤੇ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਸਮੇਂ ਕੁਲਦੀਪ ਰਾਜੂ,ਸਰਬਜੀਤ ਕੌਰ ਦਿਆਲ ਭੱਟੀ, ਵਿਜੇ ਮਿਸਤਰੀ ਭਰੋਭਾਲ, ਦਰਸ਼ਨ ਸਿੰਘ ਹੇਰ,ਮੋਨੂ ਕੜਿਆਆਲ, ਡਿਪਟੀ ਚੈਨਪੁਰ ਅਤੇ ਸੁਖਵਿੰਦਰ ਸੁਖਾ ਧਰਮਕੋਟ ਆਦਿ ਹਾਜ਼ਰ ਸਨ