ਮਨਰੇਗਾ ਮਜ਼ਦੂਰਾਂ ਨੇ ਬੀ ਡੀ ਪੀ ਓ ਦਫ਼ਤਰ ਵਿਖੇ ਲਾਇਆ ਧਰਨਾ , ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ-ਕਾਮਰੇਡ ਅਕਲੀਆ

ਮਾਲਵਾ

ਰਾਮਪੁਰਾ, ਚਾਓਕੇ,‌‌ ਗੁਰਦਾਸਪੁਰ, 2 ਅਗਸਤ ( ਸਰਬਜੀਤ ਸਿੰਘ)– ਇੱਥੇ ਬੀ ਡੀ ਪੀ ਓ ਦਫ਼ਤਰ ਰਾਮਪੁਰਾ ਵਿਖੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈਕੇ ਧਰਨਾ ਦਿੱਤਾ ਗਿਆ। ਜਿਸ ਵਿੱਚ ਰਾਮਪੁਰਾ ਬਲਾਕ ਦੇ ਦਰਜ਼ਨਾਂ ਪਿੰਡਾਂ ਵਿੱਚੋਂ ਸੈਂਕੜੇ ਮਜ਼ਦੂਰ ਅਤੇ ਵੱਡੀ ਪੱਧਰ ਤੇ ਮਨਰੇਗਾ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਮਜ਼ਦੂਰਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਭੋਲਾ ਸਿੰਘ ਕਲਾਲਮਾਜਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਮਨਰੇਗਾ ਮਜ਼ਦੂਰਾਂ ਨੂੰ ਸ਼ਰੇਆਮ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਮਜ਼ਦੂਰਾਂ ਤੋਂ ਕੰਮ ਕਿਤੇ ਹੋਰ ਥਾਂ ਤੇ ਕਰਵਾਇਆ ਜਾਂਦਾ ਹੈ ਪਰ ਹਾਜ਼ਰੀ ਕਿਤੇ ਹੋਰ ਜਗ੍ਹਾ ਤੇ ਲਵਾਈ ਜਾਂਦੀ ਹੈ। ਜਿਸ ਨਾਲ ਮਜ਼ਦੂਰਾਂ ਉੱਪਰ ਆਰਥਿਕ ਬੋਝ ਵੀ ਵਧਦਾ ਹੈ ਅਤੇ ਅਤਿ ਦੀ ਗਰਮੀ ਵਿੱਚ ਮਜ਼ਦੂਰ ਤੰਗ ਪ੍ਰੇਸ਼ਾਨ ਵੀ ਹੋ ਰਹੇ ਹਨ।

ਆਗੂਆਂ ਨੇ ਕਿਹਾ ਕਿ ਅਸਲ ਵਿੱਚ ਕੇਂਦਰ ਦੀ ਮੋਦੀ ਸਰਕਾਰ ਮਨਰੇਗਾ ਕਾਨੂੰਨ ਖ਼ਤਮ ਕਰਨਾ ਚਾਹੁੰਦੀ ਹੈ। ਮੋਦੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਮਨਰੇਗਾ ਦੇ ਬਜ਼ਟ ਵਿੱਚ 48 ਹਜ਼ਾਰ ਕਰੋੜ ਰੁਪਏ ਦੀ ਕਟੌਤੀ ਕਰਨ ਨਾਲ ਮਜ਼ਦੂਰਾਂ ਦੀ ਆਰਥਿਕ ਹਾਲਤ ਹੋਰ ਬਦ ਤੋਂ ਬਦਤਰ ਹੋ ਗਈ ਹੈ। ਆਗੂਆਂ ਨੇ ਮੰਗ ਕੀਤੀ ਕਿ ਨਿਯਮਾਂ ਅਨੁਸਾਰ ਪੰਜਾਹ ਮਜ਼ਦੂਰਾਂ ਪਿੱਛੇ ਇਕ ਮੇਟ ਮਜ਼ਦੂਰਾਂ ਦੀ ਸਹਿਮਤੀ ਨਾਲ ਨਿਯੁਕਤ ਕੀਤਾ ਜਾਵੇ। ਪਿੰਡਾਂ ਦੇ ਸਰਪੰਚਾਂ ਅਤੇ ਸਿਆਸੀ ਰਸੂਖਵਾਨਾ ਦੀ ਦਖ਼ਲ ਅੰਦਾਜ਼ੀ ਬੰਦ ਕੀਤੀ ਜਾਵੇ। ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਧਾਕੇ 700 ਰੁਪਏ ਕੀਤੀ ਜਾਵੇ, ਸਾਰਾ ਸਾਲ ਕੰਮ ਅਤੇ ਪ੍ਰੀਵਾਰ ਦੇ ਦੋ ਜੀਆਂ ਨੂੰ ਕੰਮ ਦੀ ਗਰੰਟੀ ਕੀਤੀ ਜਾਵੇ। ਜਥੇਬੰਦੀ ਦੇ ਆਗੂਆਂ ਕਾਮਰੇਡ ਨਛੱਤਰ ਸਿੰਘ ਰਾਮਨਗਰ ਅਤੇ ਦਰਸ਼ਨ ਸਿੰਘ ਬੁੱਗਰ ਨੇ ਸੰਬੋਧਨ ਕਰਦਿਆਂ ਕਿਹਾ ਮਜ਼ਦੂਰਾਂ ਨੂੰ ਕਿਤੇ ਵੀ ਸੌ ਦਿਨ ਦਾ ਕੰਮ ਨਹੀਂ ਮਿਲ਼ਿਆ ਅਤੇ ਨਾਂ ਹੀ ਬੇਰੁਜ਼ਗਾਰੀ ਭੱਤਾ ਦਿੱਤਾ ਗਿਆ। ਬਹੁਤੇ ਪਿੰਡਾਂ ਵਿੱਚ ਜਾਅਲੀ ਹਾਜ਼ਰੀਆਂ ਲਾਕੇ ਅਤੇ ਸਰਪੰਚਾਂ ਅਤੇ ਰਸੂਖਵਾਨ ਲੋਕਾਂ ਵਲੋਂ ਮਨਰੇਗਾ ਮਜ਼ਦੂਰਾਂ ਤੋਂ ਆਪਣੇ ਨਿੱਜੀ ਕੰਮ ਕਰਵਾਏ ਜਾ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ
ਮਜ਼ਦੂਰਾਂ ਦਾ ਸਰਕਾਰੀ ਤੇ ਪ੍ਰਾਈਵੇਟ ਕਰਜ਼ਾ ਮੁਆਫ਼ ਕੀਤਾ ਜਾਵੇ। ਮਨਮਰਜ਼ੀ ਨਾਲ ਲਿਸਟਾਂ ਬਨਾਉਣ ਦੀ ਬਜਾਏ, ਜਿਨ੍ਹਾਂ ਮਜ਼ਦੂਰਾਂ ਨੂੰ ਕੰਮ ਦੀ ਲੋੜ ਹੈ, ਸਿਰਫ਼ ਉਹਨਾਂ ਨੂੰ ਹੀ ਕੰਮ ਦਿੱਤਾ ਜਾਵੇ ਅਤੇ ਮਨਰੇਗਾ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇ। ਮਜ਼ਦੂਰਾਂ ਦੀਆਂ ਮੰਗਾਂ ਦੇ ਅਧਾਰਿਤ ਮੰਗ ਪੱਤਰ ਬੀ ਡੀ ਪੀ ਓ ਰਾਮਪੁਰਾ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਕਰਮਜੀਤ ਕੌਰ ਕਰਾੜਵਾਲਾ, ਦਰਸ਼ਨ ਸਿੰਘ ਜਿਉਂਦਾ, ਜਸਵੀਰ ਸਿੰਘ ਚੋਟੀਆਂ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਅੰਤਰਜਾਮੀ ਸਿੰਘ ਬਰਨਾਲਾ ਨੇ ਨਿਭਾਈ।

Leave a Reply

Your email address will not be published. Required fields are marked *