ਗੁਰਦਾਸਪੁਰ, 2 ਅਗਸਤ ( ਸਰਬਜੀਤ ਸਿੰਘ)– ਕਮਿਊਨਟੀ ਹੈਲਥ ਅਫਸਰਾਂ ਦਾ ਇਕ ਵਫਦ ਮਾਨਯੋਗ ਸਿਹਤ ਮੰਤਰੀ,ਪੰਜਾਬ ਨੂੰ ਆਪਣੀਆਂ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਨੂੰ ਲੈਕੇ ਮਿਲਿਆ।
ਪ੍ਰੈਸ ਨਾਲ ਗੱਲਬਾਤ ਕਰਦੇ ਸੂਬਾ ਪ੍ਰਧਾਨ ਡਾ ਸੁਨੀਲ ਤਰਗੋਤਰਾ,ਗੁਰਵਿੰਦਰ ਸਿੰਘ, ਮੀਤ ਪ੍ਰਧਾਨ ਡਾ ਰਵਿੰਦਰ ਸਿੰਘ ਕਾਹਲੋਂ ਅਤੇ ਜਨਰਲ ਸਕੱਤਰ ਮੈਡਮ ਦੀਪਸ਼ਿਖਾ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਪੇਡੂ ਖੇਤਰਾਂ ਦੇ ਵਿੱਚ ਸਿਹਤ ਸੇਵਾਵਾਂ ਨਿਭਾ ਰਹੇ ਹਨ ਤੇ ਕੰਮ ਕਰਦੇ ਹੋਏ ਆ ਰਹੀਆਂ ਮੁਸ਼ਕਲਾਂ ਦੇ ਹੱਲ ਕਰਨ ਲਈ ਵਿਭਾਗ ਅਤੇ ਸਰਕਾਰ ਨੂੰ ਬਾਰ ਬਾਰ ਜਾਣੂ ਕਰਵਾਇਆ ਗਿਆ ।ਇਸ ਦੇ ਬਾਵਜੂਦ ਉਹਨਾਂ ਦੀਆਂ ਮੰਗਾਂ ਦੇ ਹੱਲ ਨਹੀਂ ਹੋਏ ਸਗੋਂ ਉਹਨਾਂ ਦੀ ਮਹੀਨਾ ਵਾਰ ਤਨਖਾਹ ਦਾ 40% ਭਾਗ ਜੋਕੇ ਇਨਸੈਂਟਿਵ ਦੇ ਰੂਪ ਵਿੱਚ ਮਿਲਦਾ ਹੈ ਉਹ ਵੀ ਪਿਛਲੇ ਦੋ ਮਹੀਨਿਆਂ ਤੋਂ ਨਹੀਂ ਦਿੱਤਾ ਗਿਆ। ਇਸ ਸਭ ਦੇ ਚਲਦਿਆਂ ਪਿਛਲੇ ਦਿਨ ਮਾਨਯੋਗ ਮੁੱਖ ਮੰਤਰੀ ਸਾਹਿਬਾਨ ਨਾਲ ਉਹਨਾਂ ਨੂੰ ਮਿਲੀ ਹੋਈ ਮੀਟਿੰਗ ਵੀ ਪੋਸਟਪੋਨ ਕਰ ਦਿੱਤੀ ਗਈ ਸੀ । ਸਿਹਤ ਮੰਤਰੀ ਨੇ ਉਨਾਂ ਦੀਆਂ ਮੰਗਾਂ ਦੇ ਜਲਦ ਹੱਲ ਕਰਨ ਅਤੇ ਕੁਝ ਦਿਨਾਂ ਦੇ ਵਿੱਚ ਸਾਰੀ ਕਾਰਵਾਈ ਕਰਨ ਉਪਰੰਤ ਦੁਬਾਰਾ ਮੀਟਿੰਗ ਰੱਖਣ ਅਤੇ ਜਲਦ ਹੀ ਸੀਐਮ ਸਾਹਿਬ ਨਾਲ ਪੈਨਲ ਮੀਟਿੰਗ ਦਵਾਉਣ ਦਾ ਆਸ਼ਵਾਸਨ ਦਿੱਤਾ।
ਇਸਦੇ ਨਾਲ- ਨਾਲ ਵਿਭਾਗ ਨਾਲ ਵੀ ਦੁਬਾਰਾ ਰਾਬਤਾ ਕਾਇਮ ਕੀਤਾ ਗਿਆ ਤੇ ਵਿਭਾਗ ਵੱਲੋਂ ਵੀ ਜਲਦ ਹੀ ਉਨਾਂ ਦੇ Incentive ਜਾਰੀ ਕਰਨ ਅਤੇ ਮੰਗਾਂ ਦੇ ਹੱਲ ਕਰਨ ਦਾ ਆਸ਼ਵਾਸਨ ਦਿੱਤਾ ਗਿਆ।ਕਮੇਟੀ ਹੈਲਥ ਅਫਸਰਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਅਤੇ ਸਰਕਾਰ ਹੁਣ ਵੀ ਲਾਰਿਆਂ ਨਾਲ ਹੀ ਸਮਾਂ ਟਪਾਉਣਗੇ ਅਤੇ ਉਹਨਾਂ ਦੇ ਮਿਹਨਤਾਨੇ ਉਹਨਾਂ ਨੂੰ ਨਹੀਂ ਮਿਲਦੇ ਅਤੇ ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਨਹੀਂ ਹੁੰਦੇ ਤਾਂ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦੇਣ ਲਈ ਲਈ ਉਹ ਮਜਬੂਰ ਹੋਣਗੇ ਜਿਸਦੀ ਜਿੰਮੇਵਾਰੀ ਵਿਭਾਗ ਤੇ ਸਰਕਾਰ ਦੀ ਹੋਵੇਗੀ।


