ਮਾਨਸਾ ਦੇ ਨਾਮੀ ਵਕੀਲ ਜਸਵੰਤ ਸਿੰਘ ਗਰੇਵਾਲ ਲੜਨਗੇ ਕੁਲਵਿੰਦਰ ਕੌਰ ਦਾ ਕੇਸ

ਪੰਜਾਬ

ਮਾਨਸਾ, ਗੁਰਦਾਸਪੁਰ, 7 ਜੂਨ (ਸਰਬਜੀਤ ਸਿੰਘ)– ਚੰਡੀਗੜ੍ਹ ਏਅਰਪੋਰਟ ਤੇ ਪੁੱਜੀ ਫਿਲਮ ਅਭਿਨੇਤਰੀ ਅਤੇ ਹਿਮਾਚਲ ਪ੍ਰਦੇਸ਼ ਤੋਂ ਲੋਕਸਭਾ ਚੋਣ ਲੜ ਕੇ ਜਿੱਤਣ ਵਾਲੀ ਉਮੀਦਵਾਰ ਕੰਗਨਾ ਰਨੌਤ ਨੂੰ ਕਿਸੇ ਗੱਲ ਤੋਂ ਲੈ ਕੇ ਸੀ.ਆਈ.ਐਸ.ਐਫ ਮਹਿਲਾ ਮੁਲਾਜਮ ਕੁਲਵਿੰਦਰ ਕੌਰ ਨੇ ਚਪੇੜ ਮਾਰ ਦਿੱਤੀ ਸੀ। ਜਿਸ ਤੋਂ ਬਾਅਦ ਮਹਿਲਾ ਮੁਲਾਜਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਿਸਦੇ ਕੇਸ ਨੂੰ ਹੁਣ ਮਾਨਸਾ ਦੇ ਨਾਮੀ ਵਕੀਲ ਜਸਵੰਤ ਸਿੰਘ ਗਰੇਵਾਲ ਲੜਨਗੇ। ਦੱਸ ਦਈਏ ਕਿ ਐਡਵੋਕੇਟ ਜਸਵੰਤ ਸਿੰਘ ਨੇ ਹੀ ਇੱਕ ਨਾਬਾਲਗ ਬੱਚੀ ਦੇ ਬਲਾਤਕਾਰੀ ਕਾਤਲ ਨੂੰ ਫਾਂਸੀ ਦੀ ਸਜ਼ਾ ਮਾਨਸਾ ਅਦਾਲਤ ਵਿੱਚ ਦਵਾਈ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਕੀਲ ਗਰੇਵਾਲ ਨੇ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਵਿਸ਼ੇਸ਼ ਕਰਕੇ ਔਰਤਾਂ ਖਿਲਾਫ ਭੱਦੀ ਸ਼ਬਦਾਵਲੀ ਵਰਤਣਾ ਕੰਗਣਾ ਰਨੌਤ ਦੀ ਆਦਤ ਹੀ ਬਣ ਗਈ, ਜੋ ਸਮੇਂ ਸਮੇਂ ਤੇ ਅਜਿਹੀਆਂ ਗਲਤ ਟਿੱਪਣੀਆਂ ਕਰਦੀ ਰਹਿੰਦੀ ਹੈ। ਉਹਨਾਂ ਅੱਗੇ ਕਿਹਾ ਕਿ ਮੁਕਦਮਾ ਤਾਂ ਕੰਗਣਾ ਰਨੌਤ ਤੇ ਦਰਜ ਹੋਣਾ ਚਾਹੀਦਾ ਸੀ, ਜਿਸ ਨੇ ਇੱਕ ਸੁਰੱਖਿਆ ਕਰਮਚਾਰੀ ਦੀ ਵਰਦੀ ਨੂੰ ਹੱਥ ਪਾਇਆ ਅਤੇ ਉਸ ਨੂੰ ਖਾਲਿਸਤਾਨੀ ਕਿਹਾ ਅਤੇ ਪਹਿਲਾਂ ਕੁਲਵਿੰਦਰ ਕੌਰ ਤੇ ਹੱਥ ਚੁੱਕਿਆ। ਕੁਲਵਿੰਦਰ ਕੌਰ ਨੇ ਤਾਂ ਕਿਸਾਨ ਅੰਦੋਲਨ ਵਿੱਚ ਉਹਨਾਂ ਵੱਲੋਂ ਔਰਤਾਂ ਬਾਰੇ ਕੀਤੀ ਟਿੱਪਣੀ ਬਾਰੇ ਪੁੱਛਿਆ ਗਿਆ ਸੀ, ਜਦੋਂ ਤਹਿਸ਼ ਵਿੱਚ ਆ ਕੇ ਕੰਗਣਾ ਰਨੌਤ ਨੇ
ਕੁਲਵਿੰਦਰ ਕੌਰ ਨੂੰ ਗਾਲੀ ਗਲੋਚ ਕੀਤਾ ਅਤੇ ਉਸ ਨਾਲ ਹੱਥੋਪਾਈ ਕੀਤੀ। ਕੁਲਵਿੰਦਰ ਕੌਰ ਨੇ ਜੋ ਵੀ ਕੀਤਾ ਆਪਣੇ ਬਚਾਅ ਵਿੱਚ ਹੀ ਕੀਤਾ। ਗਰੇਵਾਲ ਨੇ ਅੱਗੇ ਕਿਹਾ ਕਿ ਮੈਂ ਮੌਕੇ ਉੱਤੇ ਜਾ ਕੇ ਪੜਤਾਲ ਕਰਨ ਲਈ ਚੰਡੀਗੜ੍ਹ ਜਾ ਰਿਹਾ ਹਾਂ। ਤੱਥਾਂ ਦੀ ਪੜਤਾਲ ਕਰਕੇ ਉਸ ਲੜਕੀ ਨੂੰ ਇਨਸਾਫ ਦਵਾਉਣ ਦੀ ਕੋਸ਼ਿਸ਼ ਕਰਾਂਗਾ। ਮੇਰੀ ਵਕੀਲ ਭਾਈਚਾਰੇ ਨੂੰ ਬੇਨਤੀ ਹੈ ਕਿ ਉਹ ਕੁਲਵਿੰਦਰ ਕੌਰ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਵੇ ਤਾਂ ਕਿ ਸੰਘਰਸ਼ਸ਼ੀ ਲਲੋਕਾਂ ਦੀ ਤੌਹੀਨ ਕਰਨ ਵਾਲੇ ਬੜਬੋਲੇ ਹਾਕਮਾਂ ਨੂੰ ਨੱਥ ਪਾਈ ਜਾ ਸਕੇ।

Leave a Reply

Your email address will not be published. Required fields are marked *