ਚੇਅਰਮੈਨ ਰਮਨ ਬਹਿਲ ਨੇ ਵੱਖ ਵੱਖ ਪਿੰਡਾਂ ‘ਚ ਪਹੁੰਚ ਕੇ ਈਸਾਈ ਭਾਈਚਾਰੇ ਦੇ ਲੋਕਾਂ ਨਾਲ ਮਨਾਈ ਕ੍ਰਿਸਮਸ, ਸ਼ੋਭਾ ਯਾਤਰਾ ਵਿੱਚ ਕੀਤੀ ਸ਼ਮੂਲੀਅਤ

ਗੁਰਦਾਸਪੁਰ

ਗੁਰਦਾਸਪੁਰ, 26 ਦਸੰਬਰ (ਸਰਬਜੀਤ ਸਿੰਘ)-ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਅੰਦਰ ਦਰਜਨ ਦੇ ਕਰੀਬ ਪਿੰਡਾਂ ਵਿੱਚ ਪਹੁੰਚ ਕੇ ਕ੍ਰਿਸ਼ਚਨ ਭਾਈਚਾਰੇ ਦੇ ਨਾਲ ਕ੍ਰਿਸਮਸ ਦਾ ਪਵਿੱਤਰ ਤਿਉਹਾਰ ਮਨਾਇਆ। ਇਸ ਤਹਿਤ ਉਨ੍ਹਾਂ ਨੇ ਪਿੰਡ ਸਲੀਮਪੁਰ ਅਫਗਾਨਾ ਤੋਂ ਸਜਾਈ ਗਈ ਸ਼ੋਭਾ ਯਾਤਰਾ ਵਿੱਚ ਵੀ ਸ਼ਮੂਲੀਅਤ ਕੀਤੀ ਜਿਸ ਤੋਂ ਇਲਾਵਾ ਪਿੰਡ ਸਾਧੂਚੱਕ, ਸਲੀਮਪੁਰ ਅਫਗਾਨਾ, ਸਰਸਪੁਰ, ਹਯਾਤਨਗਰ, ਨਵਾ ਪਿੰਡ ਸਰਦਾਰਾ, ਤਿੱਬੜੀ, ਚੱਗੁਵਾਲ, ਸ਼ਹਿਜਾਦਾ ਨੰਗਲ, ਸੀ.ਆਈ. ਏ ਚਰਚ ਬਾਟਾ ਚੌਂਕ ਗੁਰਦਾਸਪੁਰ ਆਦਿ ਵੱਖ ਵੱਖ ਥਾਵਾਂ ‘ਤੇ ਗਿਰਜਾਘਰਾਂ ਵਿੱਚ ਘਰਾਂ ਵਿੱਚ ਕਰਵਾਏ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ।

ਇਸ ਮੌਕੇ ਚੇਅਰਮੈਨ ਬਹਿਲ ਨੇ ਸਮੂੱਚੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਸੀ ਅਤੇ ਸਾਰਿਆਂ ਨੂੰ ਆਪਸੀ ਪਿਆਰ ਨਾਲ ਰਹਿਣ ਦੀ ਸੇਧ ਦਿੱਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਮਨੁੱਖਤਾ ਦੀ ਭਲਾਈ ਲਈ ਆਪਣੀ ਸ਼ਹਾਦਤ ਦਿੱਤੀ ਸੀ ਜਿਸ ਕਰਕੇ ਰਹਿੰਦੀ ਦੁਨੀਆ ਤੱਕ ਉਨ੍ਹਾਂ ਨੂੰ ਯਾਦ ਰੱਖਿਆ ਜਾਵੇਗਾ। ਬਹਿਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਵੱਲੋਂ ਦਰਸਾਏ ਗਏ ਮਾਰਗ ‘ਤੇ ਚਲਣ ਦੀ ਲੋੜ ਹੈ ਅਤੇ ਉਨ੍ਹਾਂ ਵੱਲੋਂ ਸ਼ਾਂਤੀ ਦੇ ਸੰਦੇਸ਼ ਨੂੰ ਪੂਰੀ ਦੁਨੀਆ ਵਿਚ ਫੈਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਤਿਉਹਾਰ ਤਾਂ ਹੀ ਸਫਲ ਹੋ ਸਕਦੇ ਹਨ ਜੇਕਰ ਅਸੀ ਸਹੀ ਮਾਈਨਿਆਂ ਵਿੱਚ ਆਪਣੇ ਗੁਰੂਆਂ, ਪੀਰਾਂ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਪ੍ਰਣ ਕਰੀਏ। ਬਹਿਲ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਸਾਡੇ ਸਮਾਜ ਵਿੱਚ ਸਾਰੇ ਵਰਗਾਂ ਦੇ ਲੋਕਾਂ ਰਲ ਮਿਲ ਕੇ ਰਹਿੰਦੇ ਹਨ ਅਤੇ ਇਕ ਦੂਜੇ ਦਾ ਸਤਿਕਾਰ ਕਰਦੇ ਹੋਏ ਅਜਿਹੇ ਦਿਹਾੜੇ ਵੀ ਸਾਂਝੇ ਰੂਪ ਵਿੱਚ ਮਨਾਉਂਦੇ ਹਨ। ਇਸ ਮੌਕੇ ਵੱਖ ਵੱਖ ਪਿੰਡਾਂ ਵਿੱਚ ਕ੍ਰਿਸਮਸ ਦੇ ਸਮਾਗਮ ਆਯੋਜਿਤ ਕਰਨ ਵਾਲੇ ਪ੍ਰਬੰਧਕਾਂ ਨੇ ਰਮਨ ਬਹਿਲ ਨੂੰ ਸਨਮਾਨਿਤ ਵੀ ਕੀਤਾ।

Leave a Reply

Your email address will not be published. Required fields are marked *