ਕੈਬਨਿਟ ਮੰਤਰੀ ਕਟਾਰੂਚੱਕ ਵੱਲੋਂ ਖੰਡ ਮਿੱਲ ਪਨਿਆੜ ਦੇ 44ਵੇਂ ਗੰਨਾ ਪਿੜਾਈ ਸੀਜਨ ਦਾ ਉਦਘਾਟਨ

ਗੁਰਦਾਸਪੁਰ

ਗੁਰਦਾਸਪੁਰ, 3 ਦਸੰਬਰ (ਸਰਬਜੀਤ ਸਿੰਘ)– ਗੰਨੇ ਦੇ ਪਿੜਾਈ ਸੀਜ਼ਨ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰ ਘੜੀ ਅਪਣੇ ਕਿਸਾਨ ਭਰਾਵਾਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਵਿੱਚ ਕੰਮ ਕੀਤੇ ਜਾ ਰਹੇ ਹਨ ਅਤੇ ਹਾਲ ਹੀ ਵਿੱਚ ਗੰਨੇ ਦੇ ਭਾਅ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਭਰ ਵਿੱਚੋਂ ਕਿਸਾਨਾਂ ਨੂੰ ਸਭ ਤੋਂ ਵੱਧ ਗੰਨੇ ਦਾ ਭਾਅ ਦੇਣ ਵਾਲਾ ਸੂਬਾ ਹੈ।

ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੀਬ 402 ਕਰੋੜ ਰੁਪਏ ਖਰਚ ਕਰਕੇ ਸਹਿਕਾਰੀ ਮਿੱਲ ਗੁਰਦਾਸਪੁਰ ਦੀ ਸਮਰੱਥਾ ਵਧਾ ਕੇ 5000 ਟੀ.ਸੀ.ਡੀ. ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦੀ ਇਹ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਿੱਲ ਵਿਖੇ 250 ਕਰੋੜ ਰੁਪਏ ਦੀ ਲਾਗਤ ਨਾਲ ਇੱਕ 120 ਕੇ.ਐਲ.ਪੀ.ਡੀ ਈਥਾਨੋਲ ਪਲਾਂਟ ਵੀ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿੱਲ ਦੀ ਸਮਰੱਥਾ ਵੱਧਣ ਨਾਲ ਇਲਾਕੇ ਦੇ ਗੰਨਾ ਕਾਸਤਕਾਰਾਂ ਦਾ ਸਾਰਾ ਗੰਨਾ ਪੀੜਿਆ ਜਾ ਸਕੇਗਾ ਜਿਸ ਨਾਲ ਗੰਨਾਂ ਕਾਸਤਕਾਰਾਂ ਅਤੇ ਇਲਾਕਾ ਵਾਸੀਆਂ ਨੂੰ ਵਿੱਤੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਲਗਣ `ਤੇ ਗੰਨਾ ਕਾਸਤਕਾਰਾਂ ਨੂੰ ਬਾਹਰਲੀਆਂ ਮਿੱਲਾਂ ਵਿੱਚ ਸਪਲਾਈ ਕੀਤੇ ਜਾ ਰਹੇ ਗੰਨੇ ਦੀ ਢੋਆ-ਢੁਆਈ `ਤੇ ਖਰਚੇ ਜਾ ਰਹੇ 15-20 ਕਰੋੜ ਰੁਪਏ ਦੀ ਬਚਤ ਵੱਖਰੀ ਹੋਵੇਗੀ।    

ਇਸ ਮੌਕੇ ਉੱਘੇ ਜਨਤਕ ਆਗੂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਕੀਤੇ ਜਾ ਰਹੇ ਫੈਸਲਿਆਂ ਤੋਂ ਕਿਸਾਨ ਪੂਰੀ ਤਰ੍ਹਾਂ ਖੁਸ਼ ਹਨ। ਉਨ੍ਹਾਂ ਕਿਹਾ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀਆਂ ਫਸਲਾਂ ਦਾ ਪੂਰਾ ਭਾਅ ਮਿਲਿਆ ਹੈ ਅਤੇ ਖੇਤੀ ਲਈ ਨਿਰਵਿਗਨ ਬਿਜਲੀ ਸਪਲਾਈ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਹਰ ਵਰਗ ਦਾ ਖਿਆਲ ਰੱਖਿਆ ਜਾ ਰਿਹਾ ਹੈ। ਇਸ ਮੌਕੇ ਤੇ ਕਿਸਾਨ ਆਗੂ ਹਰਦੇਵ ਸਿੰਘ ਚਿੱਟੀ, ਪ੍ਰਿੰਸੀਪਲ ਸੁਖਦੇਵ ਰਾਜ, ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਭਾਰਤ ਭੂਸ਼ਨ, ਮਿੱਲ ਮੁਲਾਜ਼ਮ ਆਗੂ ਰਘਬੀਰ ਸਿੰਘ ਮਾਟਾ ਅਤੇ ਨਵਤੇਜ ਸਿੰਘ ਜਕੜੀਆ ਵੀ ਮੌਜੂਦ ਸਨ।

Leave a Reply

Your email address will not be published. Required fields are marked *