ਕਪੁੱਤ’ ਹੋ ਚੁੱਕਿਆਂ ਨੂੰ ‘ਪੁੱਤ’ ਬਨਾਉਣ ਲਈ ਕਾਰਗਰ ਹੈ ਮੈਂਟੀਨੈਂਸ ਐਂਡ ਵੈੱਲਫੇਅਰ ਆਫ ਪੇਰੇਂਟਸ ਐਂਡ ਸੀਨੀਅਰ ਸਿਟੀਜਨ ਐਕਟ – ਡਿਪਟੀ ਕਮਿਸ਼ਨਰ

ਗੁਰਦਾਸਪੁਰ

ਬਜ਼ੁਰਗਾਂ ਦੀ ਸੇਵਾ ਪ੍ਰਮਾਤਮਾਂ ਦੀ ਸੇਵਾ ਕਰਨ ਦੇ ਬਰਾਬਰ

ਗੁਰਦਾਸਪੁਰ, 6 ਜੂਨ (ਸਰਬਜੀਤ ਸਿੰਘ)–ਕਪੁੱਤ’ ਹੋ ਚੁੱਕਿਆਂ ਨੂੰ ‘ਪੁੱਤ’ ਬਨਾਉਣ ਲਈ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਮੈਂਟੀਨੈਂਸ ਐਂਡ ਵੈੱਲਫੇਅਰ ਆਫ ਪੇਰੇਂਟਸ ਐਂਡ ਸੀਨੀਅਰ ਸਿਟੀਜਨ ਐਕਟ-2007 ਕਾਰਗਰ ਸਿੱਧ ਹੋ ਰਿਹਾ ਹੈ। ਇਸ ਐਕਟ ਅਨੁਸਾਰ ਮਾਪੇ ਆਪਣੇ ਪੁੱਤਰਾਂ ਵੱਲੋਂ ਦੇਖਭਾਲ ਨਾ ਕਰਨ ਜਾਂ ਪਰੇਸ਼ਾਨ ਕਰਨ ’ਤੇ ਉਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਸਕਦੇ ਹਨ।

ਇਸ ਐਕਟ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜਿਹੜੇ ਮਾਂ-ਪਿਓ ਆਪਣੀ ਜ਼ਮੀਨ-ਜਾਇਦਾਦ ਆਪਣੇ ਬੱਚਿਆਂ ਦੇ ਨਾਂਅ ਕਰ ਚੁੱਕੇ ਹਨ ਅਤੇ ਬਾਅਦ ’ਚ ਉਹ ਬੱਚੇ ਮਾਪਿਆਂ ਦੀ ਦੇਖ ਭਾਲ ਨਹੀਂ ਕਰਦੇ, ਉਹ ਮਾਪੇ ਐੱਸ.ਡੀ.ਐੱਮ. ਦਫ਼ਤਰ ’ਚ ਸ਼ਿਕਾਇਤ ਕਰਕੇ ਬੱਚਿਆਂ ਕੋਲੋਂ ਆਪਣੀ ਜ਼ਮੀਨ ਵਾਪਸ ਲੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਸ ਐਕਟ ਅਨੁਸਾਰ ਜਦੋਂ ਕੋਈ ਮਾਤਾ-ਪਿਤਾ ਤਹਿਸੀਲ ’ਚ ਜਾਂ ਆਪਣੀ ਜ਼ਮੀਨ ਜਾਇਦਾਦ ਬੱਚਿਆਂ ਦੇ ਨਾਂਅ ਕਰਵਾਉਂਦੇ ਹਨ ਤਾਂ ਰਜਿਸਟਰੀ ਵਿਚ ਇਹ ਲਿਖਣਾ ਜ਼ਰੂਰੀ ਹੁੰਦਾ ਹੈ ਕਿ ਜੇਕਰ ਬੱਚਿਆਂ ਨੇ ਜ਼ਮੀਨ ਲੈਣ ਤੋਂ ਬਾਅਦ ਆਪਣੇ ਮਾਪਿਆਂ ਦੀ ਸੇਵਾ ਨਹੀਂ ਕੀਤੀ ਤਾਂ ਮਾਪੇ ਮੁੜ ਆਪਣੀ ਜ਼ਮੀਨ ਵਾਪਸ ਲੈ ਸਕਦੇ ਹਨ। ਉਨਾਂ ਕਿਹਾ ਕਿ ਜੇਕਰ ਕੋਈ ਪੁੱਤ ਆਪਣੇ ਬਜ਼ੁਰਗ ਮਾਪਿਆਂ ਦੀ ਸੇਵਾ ਨਹੀਂ ਕਰਦਾ ਤਾਂ ਬਜ਼ੁਰਗ ਮਾਪੇ ਆਪਣਾ ਹੱਕ ਲੈਣ ਲਈ ਐੱਸ.ਡੀ.ਐੱਮ. ਦਫਤਰ ਵਿਚ ਸਾਦੇ ਕਾਗਜ਼ ’ਤੇ ਲਿਖ ਕੇ ਸ਼ਿਕਾਇਤ ਕਰ ਸਕਦੇ ਹਨ। ਉਨਾਂ ਕਿਹਾ ਕਿ ਬਜ਼ੁਰਗਾਂ ਵੱਲੋਂ ਸ਼ਿਕਾਇਤ ਮਿਲਣ ’ਤੇ ਐੱਸ.ਡੀ.ਐੱਮ. ਵੱਲੋਂ ਆਪਣੀ ਕੋਰਟ ’ਚ ਉਸਦੇ ਬੱਚਿਆਂ ਨੂੰ ਤਲਬ ਕੀਤਾ ਜਾਂਦਾ ਹੈ ਅਤੇ ਬਜ਼ੁਰਗਾਂ ਦੇ ਬਣਦੇ ਹੱਕ ਦਿਵਾਏ ਜਾਂਦੇ ਹਨ। ਉਨਾਂ ਦੱਸਿਆ ਕਿ ਐਕਟ ਅਨੁਸਾਰ ਮਾਪਿਆਂ ਵੱਲੋਂ ਆਪਣੇ ਪੁੱਤਰਾਂ ਨੂੰ ਦਿੱਤੀ ਜ਼ਮੀਨ ਵਾਪਸ ਮਾਪਿਆਂ ਨੂੰ ਮਿਲ ਸਕਦੀ ਹੈ ਅਤੇ ਹਰ ਮਹੀਨੇ ਬਜ਼ੁਰਗਾਂ ਦੀ ਦੇਖਭਾਲ ਲਈ ਖਰਚਾ ਵੀ ਬੰਨਿਆ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਮੁੱਖ ਮਕਸਦ ਇਹ ਹੈ ਕਿ ਕੋਈ ਵੀ ਬਜ਼ੁਰਗ ਆਪਣੇ ਬੱਚਿਆਂ ਦੇ ਹੁੰਦਿਆਂ ਸੜਕਾਂ ’ਤੇ ਨਾ ਰੁਲੇ। ਉਨਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਮਾਪੇ ਪ੍ਰਸ਼ਾਸਨ ਤੱਕ ਪਹੁੰਚ ਕਰਨ ਤਾਂ ਜੋ ਅਜਿਹੇ ‘ਕਪੁੱਤਾਂ’ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਉਨਾਂ ਕਿਹਾ ਕਿ ਬਜ਼ੁਰਗਾਂ ਦੀ ਸੇਵਾ ਕਰਨਾ ਪ੍ਰਮਾਤਮਾਂ ਦੀ ਸੇਵਾ ਕਰਨ ਦੇ ਬਰਾਬਰ ਹੈ ਅਤੇ ਹਰ ਕਿਸੇ ਨੂੰ ਆਪਣੇ ਮਾਪਿਆਂ ਨੂੰ ਪੂਰਾ ਸਤਿਕਾਰ ਦਿੰਦਿਆਂ ਉਨਾਂ ਦੀ ਦਿਨ-ਰਾਤ ਸੇਵਾ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਬਜ਼ੁਰਗਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ ਅਤੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਇਹ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਬਜ਼ੁਰਗਾਂ ਨੂੰ ਪੂਰਾ ਸਤਿਕਾਰ ਦੇਣ ਦੇ ਨਾਲ ਉਨ੍ਹਾਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ `ਤੇ ਕੀਤਾ ਜਾਵੇ।

Leave a Reply

Your email address will not be published. Required fields are marked *