ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਪਸ਼ੂ ਪਾਲਣ ਵਿਭਾਗ ਨੇ ਸੂਬੇ ਦੀਆਂ 18.50 ਲੱਖ ਗਾਵਾਂ ਨੂੰ ਮੁਫ਼ਤ ਟੀਕੇ ਲਗਾਏ – ਚੇਅਰਮੈਨ ਜਗਰੂਪ ਸਿੰਘ ਸੇਖਵਾਂ

ਗੁਰਦਾਸਪੁਰ

ਗੁਰਦਾਸਪੁਰ, 21ਮਾਰਚ (ਸਰਬਜੀਤ ਸਿੰਘ)—ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੰਪੀ ਸਕਿਨ ਬੀਮਾਰੀ ਤੋਂ ਪਸ਼ੂਆਂ ਦੇ ਅਗਾਊਂ ਬਚਾਅ ਲਈ 15 ਫ਼ਰਵਰੀ, 2023 ਨੂੰ ਸ਼ੁਰੂ ਕੀਤੀ ਗਈ ਮੈਗਾ ਟੀਕਾਕਰਨ ਮੁਹਿੰਮ ਤਹਿਤ ਸੂਬੇ ਦੀਆਂ 25 ਲੱਖ ਗਾਵਾਂ ਨੂੰ ਵੈਕਸੀਨ ਲਾਉਣ ਦਾ ਟੀਚਾ ਮਿਥਿਆ ਗਿਆ ਸੀ ਜਿਸ ਨੂੰ ਹੁਣ ਤੱਕ 75 ਫ਼ੀਸਦੀ ਮੁਕੰਮਲ ਕਰ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਬੀਮਾਰੀ ਤੋਂ ਬਚਾਅ ਲਈ 18 ਲੱਖ 50 ਹਜ਼ਾਰ ਤੋਂ ਵੱਧ ਪਸ਼ੂਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਹਾਲ ਹੀ ਵਿੱਚ 300 ਦੇ ਕਰੀਬ ਵੈਟਰਨਰੀ ਅਫ਼ਸਰਾਂ ਦੀ ਭਰਤੀ ਕੀਤੀ ਗਈ ਹੈ ਅਤੇ ਉਹ ਆਪਣੀ ਡਿਊਟੀ ਜੁਆਇਨ ਕਰ ਚੁੱਕੇ ਹਨ। ਉਨਾਂ ਕਿਹਾ ਕਿ ਨਵੇਂ ਭਰਤੀ ਕੀਤੇ ਇਹ ਅਧਿਕਾਰੀ 30 ਅਪ੍ਰੈਲ, 2023 ਦੀ ਨਿਰਧਾਰਤ ਸਮਾਂ ਸੀਮਾ ਤੋਂ ਪਹਿਲਾਂ ਟੀਕਾਕਰਨ ਮੁਹਿੰਮ ਨੂੰ ਨੇਪਰੇ ਚੜਾਉਣ ਵਿੱਚ ਮਦਦ ਕਰਨਗੇ। ਉਨਾਂ ਕਿਹਾ ਕਿ ਸੂਬੇ ਦੇ ਪਸ਼ੂਆਂ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ 300 ਵੈਟਰਨਰੀ ਅਫ਼ਸਰਾਂ ਦੇ ਇੱਕ ਹੋਰ ਬੈਚ ਸਮੇਤ 644 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਦੀ ਪ੍ਰੀਕ੍ਰਿਆ ਵੀ ਜਾਰੀ ਹੈ।

ਚੇਅਰਮੈਨ ਸੇਖਵਾਂ ਨੇ ਦੱਸਿਆ ਕਿ ਰਾਜ ਸਰਕਾਰ ਨੇ ਤੇਲੰਗਾਨਾ ਸਟੇਟ ਵੈਟਰਨਰੀ ਬਾਇਉਲੌਜੀਕਲ ਐਂਡ ਰਿਸਰਚ ਇੰਸਟੀਚਿਊਟ, ਹੈਦਰਾਬਾਦ ਤੋਂ ਹਵਾਈ ਜਹਾਜ਼ ਰਾਹੀਂ ਗੋਟ ਪੌਕਸ ਵੈਕਸੀਨ ਦੀਆਂ 25 ਲੱਖ ਖ਼ੁਰਾਕਾਂ ਮੰਗਵਾਈਆਂ ਹਨ। ਉਨ੍ਹਾਂ  ਦੱਸਿਆ ਕਿ ਇਹ ਟੀਕਾ ਗਾਵਾਂ ਨੂੰ ਬਿਲਕੁਲ ਮੁਫ਼ਤ ਲਗਾਇਆ ਜਾ ਰਿਹਾ ਹੈ ਅਤੇ ਘਰ-ਘਰ ਜਾ ਕੇ ਟੀਕਾ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਮੈਗਾ ਟੀਕਾਕਰਨ ਮੁਹਿੰਮ ਨੂੰ ਨੇਪਰੇ ਚੜਾਉਣ ਲਈ ਪਸ਼ੂ ਪਾਲਣ ਵਿਭਾਗ ਦੀਆਂ 773 ਟੀਮਾਂ ਤਾਇਨਾਤ ਕੀਤੀਆਂ ਗਈਆਂ ਅਤੇ ਰੋਜ਼ਾਨਾ 40,000 ਖ਼ੁਰਾਕਾਂ ਲਗਾਉਣ ਦਾ ਟੀਚਾ ਮਿੱਥਿਆ ਗਿਆ ਜਿਸ ਨੂੰ ਸਫ਼ਲਤਾਪੂਰਵਕ ਹਾਸਲ ਕਰ ਲਿਆ ਗਿਆ ਹੈ। ਉਨਾਂ ਕਿਹਾ ਕਿ ਲਗਭਗ 18.50 ਲੱਖ ਟੀਕੇ ਲਗਾਏ ਜਾ ਚੁੱਕੇ ਹਨ।

Leave a Reply

Your email address will not be published. Required fields are marked *