ਗੁਰਦਾਸਪੁਰ, 15 ਦਸੰਬਰ (ਸਰਬਜੀਤ ਸਿੰਘ)— ਪੰਡਿਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਵੂਮੈਨ, ਗੁਰਦਾਸਪੁਰ ਦੇ ਐੱਨ. ਐੱਨ. ਐੱਸ. ਯੂਨਿਟ ਵੱਲੋਂ ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੌ ਵਲੰਟੀਅਰਜ਼ ਨਾਲ ਅਤੇ (ਗੋਦੀ ਲਏ ਪਿੰਡ ਰਾਵਲ ਗਾਦੜੀਆ) ਸੱਤ ਰੋਜ਼ਾ ਐੱਨ. ਐੱਨ. ਐੱਸ. ਕੈਂਪ ਦਾ ਉਦਘਾਟਨ ਸਮਾਰੋਹ ਬੜੇ ਉਤਸ਼ਾਹ ਅਤੇ ਸਫ਼ਲਤਾ ਨਾਲ ਆਯੋਜਿਤ ਕੀਤਾ ਗਿਆ।
ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਡਾ. ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਅਵਾਰਡੀ), ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ ਤੇ ਮੌਜੂਦਾ ਲੈਕਚਰਾਰ ਨੇ ਸ਼ਿਰਕਤ ਕੀਤੀ। ਸਮਾਰੋਹ ਦੀ ਸ਼ੁਰੂਆਤ ਪ੍ਰਿੰਸੀਪਲ ਡਾਕਟਰ ਨੀਰੂ ਸ਼ਰਮਾ ਅਤੇ ਪ੍ਰੋਗਰਾਮ ਅਫ਼ਸਰ ਡਾਕਟਰ ਸੁਖਵਿੰਦਰ ਕੌਰ ਨੇ ਮੁੱਖ ਮਹਿਮਾਨ ਨੂੰ ਪੌਦਾ ਭੇਟ ਕਰਕੇ ਕੀਤੀ ਗਈ ਅਤੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਪਰੰਤ ਡਾ. ਸੁਖਵਿੰਦਰ ਕੌਰ ਵੱਲੋਂ ਸਮਾਰੋਹ ਦੇ ਮੁੱਖ ਮਹਿਮਾਨ ਡਾ. ਕਲਸੀ ਦੀਆਂ ਅਕਾਦਮਿਕ ਤੇ ਸਾਹਿਤਕ ਖੇਤਰ ਦੀਆਂ ਵਡਮੁੱਲੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਵਲੰਟੀਅਰਜ਼ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਪੰਜਾਬੀ ਦੇ ਨਾਮੀ ਗਾਇਕ ਔਜਲਾ ਬ੍ਰਦਰ ਵੀ ਵਿਸ਼ੇਸ਼ ਰੂਪ ਵਿੱਚ ਪਹੁੰਚੇ, ਜਿਨ੍ਹਾਂ ਨੇ ਆਪਣੀ ਸੱਭਿਅਕ ਗਾਇਕੀ ਨਾਲ ਖ਼ੂਬ ਮਨੋਰੰਜਨ ਕੀਤਾ।

ਇਸ ਦੌਰਾਨ ਮਿਸਿਜ਼ ਸਮਿਤਾ ਖਜੂਰੀਆ ਨੇ ਪਿਛਲੇ ਸਾਲ ਦੀਆਂ ਐੱਨ. ਐੱਸ. ਐੱਸ ਗਤੀਵਿਧੀਆਂ ਅਤੇ ਸੱਤ ਰੋਜ਼ਾ ਕੈਂਪ ਦੀਆਂ ਝਲਕੀਆਂ ਪੀਪੀਟੀ ਪ੍ਰਜ਼ੇਂਟੇਸ਼ਨ ਰਾਹੀਂ ਪੇਸ਼ ਕੀਤੀਆਂ। ਇਸ ਤੋਂ ਬਾਅਦ ਡਾ. ਸੁਖਵਿੰਦਰ ਕੌਰ ਨੇ ਸੱਤ ਰੋਜ਼ਾ ਕੈਂਪ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਅਲਟਰੂਇਜ਼ਮ ਡਰਾਈਵ ਤਹਿਤ ਬਜ਼ੁਰਗ ਆਸ਼ਰਮ ਦਾ ਦੌਰਾ, ਟ੍ਰਿਪਲ ਪਲੇਨਟਰੀ ਕਰਾਈਸਿਸ ਬਾਰੇ ਜਾਗਰੂਕਤਾ ਰੈਲੀ, “ਮਾਈਂਡਫੁਲ ਈਟਿੰਗ, ਮਾਈਂਡਫੁਲ ਲਿਵਿੰਗ” ਵਿਸ਼ੇ ‘ਤੇ ਵਿਸ਼ੇਸ਼ ਲੈਕਚਰ, ਨਿਯਮਿਤ ਸਿਹਤ ਜਾਂਚ, ਈਚ ਵਨ ਟੀਚ ਵਨ ਪ੍ਰੋਗਰਾਮ, ਸਿਹਤਮੰਦ ਭੋਜਨ ਅਤੇ ਖੁਸ਼ਹਾਲ ਜੀਵਨ ਸ਼ੈਲੀ ਸਬੰਧੀ ਗਤੀਵਿਧੀਆਂ, ਏਆਈ ਨਾਲ ਜੁੜੀ ਜਾਗਰੂਕਤਾ ਅਤੇ ਹੱਥੀਂ ਕੰਮ ਕਰਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਲਈ ਛੋਟੀਆਂ-ਛੋਟੀਆਂ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਮੁੱਖ ਮਹਿਮਾਨ ਡਾ. ਪਰਮਜੀਤ ਸਿੰਘ ਕਲਸੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਐੱਨ. ਐੱਸ. ਐੱਸ ਕੈਂਪ ਵਿਦਿਆਰਥੀਆਂ ਨੂੰ ਸਮਾਜ ਨਾਲ ਜੋੜਨ ਦਾ ਮਜ਼ਬੂਤ ਮਾਧਿਅਮ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਰਾਹੀਂ ਨੌਜਵਾਨਾਂ ਵਿੱਚ ਸੇਵਾ ਭਾਵਨਾ, ਅਨੁਸ਼ਾਸਨ, ਸਹਿਯੋਗ ਅਤੇ ਨੈਤਿਕ ਮੁੱਲ ਵਿਕਸਿਤ ਹੁੰਦੇ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਝਣ ਅਤੇ ਦੇਸ਼-ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।
ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਜੀ ਨੇ ਮੁੱਖ ਮਹਿਮਾਨ ਨੂੰ ਕਾਲਜ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਆਭਾਰ ਜਿਤਾਇਆ। ਉਨ੍ਹਾਂ ਨੇ ਕਿਹਾ ਕਿ ਸੱਤ ਰੋਜ਼ਾ ਐੱਨ. ਐੱਸ. ਐੱਸ ਕੈਂਪ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਵਿੱਚ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥਣਾਂ ਵਿੱਚ ਸਮਾਜਿਕ ਜ਼ਿੰਮੇਵਾਰੀ, ਸਿਹਤਮੰਦ ਜੀਵਨ ਸ਼ੈਲੀ ਅਤੇ ਅਗਵਾਈ ਦੇ ਗੁਣ ਵਿਕਸਿਤ ਹੁੰਦੇ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਕੈਂਪ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕਰਦਿਆਂ ਕੈਂਪ ਦੀ ਸਫ਼ਲਤਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ।



