ਗੁਰਦਾਸਪੁਰ, 15 ਅਕਤੂਬਰ (ਸਰਬਜੀਤ ਸਿੰਘ)-ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਤਾਇਨਾਤ ਸੈਕਟਰ ਬੀਐਸਐਫ਼ ਗੁਰਦਾਸਪੁਰ ਦੀ 73 ਬਟਾਲੀਅਨ ਦੀ ਬੀਓਪੀ ਸ਼ਾਹਪੁਰ ਤੇ ਤਾਇਨਾਤ ਬੀਐਸਐੱਫ ਜਵਾਨਾਂ ਸ਼ੁੱਕਰਵਾਰ ਤੜਕਸਾਰ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਪਾਕਿਸਤਾਨੀ ਡਰੋਨ ਤੇ ਫਾਇਰਿੰਗ ਕਰਕੇ ਜ਼ਮੀਨ ਤੇ ਡੇਗਣ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਸੈਕਟਰ ਗੁਰਦਾਸਪੁਰ ਨੇ ਦੱਸਿਆ ਕਿ ਬੀਐਸਐਫ ਦੀ 73 ਬਟਾਲੀਅਨ ਦੀ ਬੀ ਓ ਪੀ ਸ਼ਾਹਪੁਰ ਦਰੀ ਬੀ ਪੀ 67/3 (ਜਿਸ ਦੇ ਸਾਹਮਣੇ ਪਾਕਿਸਤਾਨ ਦੀ ਡਿਓੜੀ ਫਾਰਵਰਡ ਪੋਸਟ ਪੈਂਦੀ ਹੈ) 4.30 ਦੇ ਕਰੀਬ ਤੜਕਸਾਰ ਸਰਹੱਦ ਤੇ ਤਾਇਨਾਤ ਬੀਐਸਐਫ ਜਵਾਨਾਂ ਵੱਲੋਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਪਾਕਿਸਤਾਨੀ ਡਰੋਨ ਤੇ 17 ਫਾਇਰ ਤੇ ਤਿੰਨ ਰੋਸ਼ਨੀ ਛੱਡਣ ਵਾਲੇ ਬੰਬ ਦਾਗੇ ਜਿਸ ਦੌਰਾਨ ਕੰਪਨੀ ਕਮਾਂਡਰ ਰਕੇਸ਼ ਤੇ ਇੰਸਪੈਕਟਰ ਕਮਲੇਸ਼ ਵੱਲੋਂ ਅਸਮਾਨ ਤੋਂ ਹੇਠਾਂ ਆਉਂਦੀ ਇੱਕ ਵਸਤੂ ਦੇਖੀ ਗਈ । ਡੀਆਈਜੀ ਨੇ ਦੱਸਿਆ ਕਿ ਇਸ ਦੌਰਾਨ ਬੀ ਐਸ ਐਫ ਜਵਾਨਾਂ ਦੀਆਂ ਗੋਲੀਆਂ ਨਾਲ ਡਰੋਨ ਦੀ ਪੰਖੜੀ ਟੁੱਟਣ ਕਾਰਨ ਹੇਠਾਂ ਡਿੱਗੇ ਡ੍ਰੋਨ ਨੂੰ ਕਬਜ਼ੇ ਵਿੱਚ ਲਿਆ ਗਿਆ ਜਿਸ ਨਾਲ ਨੀਲੇ ਰੰਗ ਦੀ ਲੰਮੀ ਰੱਸੀ ਬੰਨ੍ਹੀ ਹੋਈ ਵੀ ਬਰਾਮਦ ਕੀਤੀ ਗਈ । ਡੀ ਆਈ ਜੀ ਪ੍ਰਭਾਕਰ ਜੋਸ਼ੀ ਨੇ ਕਿਹਾ ਕਿ ਸਬੰਧਤ ਖੇਤਰ ਵਿਚ ਕਮਾਦ, ਜੰਗਲ ਅਤੇ ਪਾਣੀ ਵੀ ਹੈ ਜਿਸ ਵਿਚ ਜਵਾਨਾਂ ਵੱਲੋਂ 6.30 ਘੰਟੇ ਸਰਚ ਅਭਿਆਨ ਜਵਾਨਾਂ ਵੱਲੋਂ ਖੋਜੀ ਕੁੱਤਿਆਂ ਰਾਹੀਂ ਕੀਤਾ ਗਿਆ ਪ੍ਰੰਤੂ ਕੋਈ ਵੀ ਗੈਰ ਵਸਤੂ ਬਰਾਮਦ ਨਹੀਂ ਹੋਈ ।