ਡਾਕਟਰ ਭੀਮ ਰਾਓ ਅੰਬੇਡਕਰ ਨੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਨਾ ਬਰਾਬਰੀ ਖਿਲਾਫ ਸੰਘਰਸ਼ ਲੜਦੇ ਹੋਏ ਭਾਰਤੀ ਸੰਵਿਧਾਨ ਲਿਖਣ ਤੱਕ ਅਹਿਮ ਭੂਮਿਕਾ ਨਿਭਾਈ–ਕਾਮਰੇਡ ਸੁਖਦਰਸ਼ਨ ਨੱਤ
ਮੋਦੀ ਹਰਾਓ, ਸੰਵਿਧਾਨ ਬਚਾਓ, ਲੋਕਤੰਤਰ ਬਚਾਓ ਦਾ ਸੱਦਾ
ਮਾਨਸਾ, ਗੁਰਦਾਸਪੁਰ, 13 ਅਪ੍ਰੈਲ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੋਦੀ ਹਰਾਓ, ਸੰਵਿਧਾਨ ਬਚਾਓ, ਲੋਕਤੰਤਰ ਬਚਾਓ ਕਨਵੈਨਸ਼ਨ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਕੀਤੀ ਗਈ।
ਕਨਵੈਨਸ਼ਨ ਦੀ ਪ੍ਰਧਾਨਗੀ ਲਿਬਰੇਸ਼ਨ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ, ਉਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਮਜ਼ਦੂਰ ਆਗੂ ਹਰਦੇਵ ਸਿੰਘ ਖਿਆਲਾ, ਵਿਦਿਆਰਥੀ ਆਗੂ ਸੁਖਜੀਤ ਸਿੰਘ ਰਾਮਾਨੰਦੀ ਨੇ ਕੀਤੀ। ਕਨਵੈਨਸ਼ਨ ਦੀ ਸ਼ੁਰੂਆਤ ਲੋਕ ਕਵੀ ਸੰਤ ਰਾਮ ਉਦਾਸੀ ਦੇ ਗੀਤਾਂ ਨਾਲ ਕੇਵਲ ਅਕਲੀਆਂ ਨੇ ਕੀਤੀ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਨਾ ਬਰਾਬਰੀ ਖਿਲਾਫ ਸੰਘਰਸ਼ ਲੜਦੇ ਹੋਏ ਭਾਰਤੀ ਸੰਵਿਧਾਨ ਲਿਖਣ ਤੱਕ ਅਹਿਮ ਭੂਮਿਕਾ ਨਿਭਾਈ। ਅੱਜ ਦੇਸ਼ ਭਰ ਵਿੱਚ ਭਾਜਪਾ ਆਰ ਐਸ ਐਸ ਭਾਰਤੀ ਸੰਵਿਧਾਨ ਨੂੰ ਬਦਲ ਕੇ ਮੁੜ ਗੈਰ ਬਰਾਬਰੀ ਵਾਲੀ ਮੰਨੂ ਸਿਮਰਤੀ ਨੂੰ ਭਾਰਤੀ ਸੰਵਿਧਾਨ ਬਣਾਏ ਜਾਣ ਲਈ ਪੱਬਾਂ ਭਾਰ ਹਨ। ਦੇਸ਼ ਭਰ ਦੀਆਂ ਵਿਦਿਅਕ ਸੰਸਥਾਵਾਂ, ਜਮਹੂਰੀ ਸੰਸਥਾਵਾਂ ਜਨਤਕ ਅਦਾਰਿਆਂ ਵਿੱਚ ਫਿਰਕੂ ਫਾਸ਼ੀਵਾਦੀ ਵਿਚਾਰਧਾਰਾ ਦੇ ਵਿਅਕਤੀਆਂ ਨੂੰ ਮੁੱਖੀ ਬਣਾ ਕੇ ਸੰਵਿਧਾਨ ਵਿਰੋਧੀ ਅਜੰਡਾ ਫਿੱਟ ਕੀਤਾ ਜਾ ਰਿਹਾ ਹੈ। ਅਜਿਹੇ ਸਮੇਂ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਮੋਦੀ ਹਰਾਓ ਸੰਵਿਧਾਨ ਬਚਾਓ ਲੋਕਤੰਤਰ ਬਚਾਓ ਦਾ ਸੱਦਾ ਦਿੰਦੀ ਹੋਈ ਇੰਡੀਆ ਗੱਠਜੋੜ ਦੇ ਹੱਕ ਵਿੱਚ ਜ਼ੋਰਦਾਰ ਫਤਵਾ ਦੇਣ ਦੀ ਅਪੀਲ ਕਰਦੀ ਹੈ ਤਾਂ ਕਿ ਲੋਕ ਵਿਰੋਧੀ ਮੋਦੀ ਸਰਕਾਰ ਨੂੰ ਸੱਤਾ ਵਿੱਚੋਂ ਬੇਦਖ਼ਲ ਕੀਤਾ ਜਾ ਸਕੇ। ਜਿਲ੍ਹਾ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ, ਤਹਿਸੀਲ ਸਕੱਤਰ ਬਲਵਿੰਦਰ ਘਰਾਗਣਾ, ਤਹਿਸੀਲ ਸਕੱਤਰ ਗੁਰਸੇਵਕ ਮਾਨ, ਸ਼ਹਿਰੀ ਸਕੱਤਰ ਸੁਰਿੰਦਰਪਾਲ ਸ਼ਰਮਾ , ਏਕਟੂ ਦੇ ਜਿਲ੍ਹਾ ਆਗੁ ਜੀਤ ਬੋਹਾ, ਮਜਦੂਰ ਮੁਕਤੀ ਮੋਰਚੇ ਦੀ ਜਿਲ੍ਹਾ ਆਗੂ ਬਿੰਦਰ ਕੌਰ ਉਡਤ ,ਕ੍ਰਿਸ਼ਨਾ ਕੌਰ ਮਾਨਸਾ ਦਰਸ਼ਨ ਸਿੰਘ ਦਾਨੇਵਾਲਾ ,ਅੰਗਰੇਜ਼ ਘਰਾਂਗਣਾ ਆਦਿ ਨੇ ਸੰਬੋਧਨ ਕੀਤਾ।