ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ’ ਤਹਿਤ ਸੈਲਫ ਰਜਿਸ਼ਟਰੇਸ਼ਨ ਕਰਵਾਉਣ ਵਾਲੇ ਕਿਸਾਨਾਂ ਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕਰਨ ਲਈ 4 ਤੇ 5 ਅਗਸਤ ਨੂੰ ਸਾਰੇ ਬੀਡੀਪੀਓ ਦਫਤਰਾਂ ਵਿਚ ਲੱਗਣਗੇ ਵਿਸ਼ੇਸ ਕੈਂਪ

ਪੰਜਾਬ

ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)–‘ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ’ ਦਾ ਲਾਭ ਲੈਣ ਲਈ ਸੈਲਫ ਰਜਿਸ਼ਟਰੇਸ਼ਨ ਕਰਨ ਵਾਲੇ ਕਿਸਾਨਾਂ ਦੇ ਦਸਤਾਵੇਜ਼ਾਂ ਦੀ ਵੈਰੀਫਕੈਸ਼ਨ ਕਰਨ ਲਈ ਦੋ ਦਿਨ 4 ਤੇ 5 ਅਗਸਤ ਨੂੰ ਜ਼ਿਲੇ ਦੇ ਸਾਰੇ ਬੀਡੀਪੀਓ ਦਫਤਰਾਂ ਵਿਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਵਿਸ਼ੇਸ ਕੈਂਪ ਲਗਾਏ ਜਾਣਗੇ। ਇਨਾਂ ਕੈਂਪਾਂ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਆਨਲਾਈਨ ਵੈਬਕਸ ਰਾਹੀਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਅਧਿਕਾਰੀਆਂ ਕੋਲੋਂ ਕੀਤੀਆਂ ਤਿਆਰੀਆਂ ਦੀ ਜਾਣਕਾਰੀ ਲਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ’ ਦਾ ਲਾਭ ਲੈਣ ਲਈ ਜ਼ਿਲੇ ਦੇ ਜਿਨਾਂ ਕਿਸਾਨਾਂ ਵਲੋਂ ਕਾਮਨ ਸਰਵਿਸ ਸੈਂਟਰਾਂ/ਕੈਫੇ/ਮੋਬਾਇਲ ਐਪ ਰਾਹੀਂ ਸੈਲਫ ਰਜਿਸ਼ਟਰੇਸ਼ਨ ਕਰਵਾਈ ਗਈ ਸੀ ਅਤੇ ਅਜੇ ਤਕ ਉਨਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲਿਆ, ਉਨਾਂ ਕਿਸਾਨਾਂ ਦੇ ਦਸਤਾਵੇਜ਼ਾਂ ਦੀ ਵੈਰੀਫਕੇਸ਼ਨ ਕਰਨ ਲਈ ਇਹ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲੇ ਦੇ 11 ਬੀਡੀਪੀਓਜ਼ ਦਫਤਰ ਗੁਰਦਾਸਪੁਰ, ਦੋਰਾਂਗਲਾ, ਦੀਨਾਨਗਰ, ਧਾਰੀਵਾਲ, ਕਲਾਨੋਰ, ਕਾਹਨੂੰਵਾਨ, ਕਾਦੀਆਂ, ਬਟਾਲਾ, ਸ੍ਰੀ ਹਰਗੋਬਿੰਦਪੁਰ, ਫਤਿਹਗੜ ਚੂੜੀਆ ਅਤੇ ਡੇਰਾ ਬਾਬਾ ਨਾਨਕ ਵਿਖੇ ਸਵੇਰੇ 9 ਤੋਂ 5 ਤੱਕ ਲਗਾਏ ਜਾਣਗੇ। ਉਨਾਂ ਅੱਗੇ ਦੱਸਿਆ ਕਿ ਬੀਡੀਪੀਓ ਦਫਤਰ ਵਿਚ ਜਾਣ ਮੌਕੇ ਕਿਸਾਨ ਆਪਣੇ ਨਾਲ ਆਧਾਰ ਕਾਰਡ ਦੀ ਕਾਪੀ (ਖੁਦ ਦਾ ਅਤੇ ਆਪਣੇ ਪਤੀ/ਪਤਨੀ ਦਾ), ਜਮਾਬੰਦੀ ਅਤੇ ਬੈਂਕ ਖਾਤੇ ਦੀ ਕਾਪੀ ਲੈ ਕੇ ਜਾਣ।

ਮੀਟਿੰਗ ਦੌਰਾਨ ਜ਼ਿਲਾ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜਿਲੇ ਦੇ ਜਿਨਾਂ ਕਿਸਾਨਾਂ ਵਲੋਂ ਇਸ ਸਕੀਮ ਦਾ ਲਾਭ ਲੈਣ ਲਈ ਸੈਲਫ ਰਜਿਸ਼ਟਰੇਸ਼ਨ ਕੀਤੀ ਗਈ ਹੈ, ਉਨਾਂ ਦੀਆਂ ਸੂਚੀਆਂ ਵਧੀਕ ਡਿਪਟੀ ਕਮਿਸ਼ਨਰ (ਪੇੇਂਡੂ ਵਿਕਾਸ) ਨੂੰ ਭੇਜ ਦਿੱਤੀਆਂ ਗਈਆਂ ਹਨ, ਤਾਂ ਜੋ ਪਿੰਡਾਂ ਵਿਚ ਕਿਸਾਨਾਂ ਨੂੰ ਇਨਾਂ ਕੈਂਪ ਵਿਚ ਆਉਣ ਬਾਬਤ ਜਾਗਰੂਕ ਕੀਤਾ ਜਾ ਸਕੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ (ਪੇੇਂਡੂ ਵਿਕਾਸ) ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਇਸ ਸਕੀਮ ਤਹਿਤ ਸੈਲਫ ਰਜਿਸ਼ਟਰੇਸ਼ਨ ਕਰਨ ਵਾਲੇ ਪ੍ਰਾਰਥੀ/ਕਿਸਾਨ ਦੇ ਘਰ ਨੋਟਿਸ ਪੁਜਦਾ ਕੀਤਾ ਜਾਵੇ, ਹਰ ਪਿੰਡ ਦੇ ਗੁਰਦੁਆਰਿਆਂ/ਧਾਰਮਿਕ ਸਥਾਨਾਂ ਤੋਂ ਅਨਾਊਂਸਮੈਂਟ ਕਰਵਾਈ ਜਾਵੇ, ਤਾਂ ਜੋ ਕਿਸਾਨ ਸਬੰਧਤ ਬੀਡੀਪੀਓ ਦਫਤਰਾਂ ਵਿਚ ਜਾ ਕੇ ਵੈਰੀਫਿਕੇਸਨ ਕਰਵਾ ਸਕਣ। ਇਸ ਨੋਟਿਸ ਦੀ ਇੱਕ ਕਾਪੀ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਦੇ ਦਫਤਰਾਂ ਵਿਚ, ਪਿੰਡ ਦੇ ਸਰਪੰਚਾਂ ਅਤੇ ਗੁਰਦੁਆਰਿਆਂ/ਧਾਰਮਿਕ ਸਥਾਨਾਂ ’ਤੇ ਵੀ ਲਗਾਈ ਜਾਵੇ। ਜੇਕਰ ਸੈਲਫ ਰਜਿਸਟਰਡ ਹੋਏ ਪ੍ਰਾਰਥੀ/ਕਿਸਾਨ, ਬੀਡੀਪੀਓ ਦਫਤਰਾਂ ਵਿਚ ਲੱਗਣ ਵਾਲੇ ਕੈਂਪਾਂ ਵਿਚ ਵੈਰੀਫਿਕੇਸ਼ਨ ਕਰਵਾਉਣ ਲਈ ਕੱਲ 4 ਅਗਸਤ ਨੂੰ ਪਹਿਲੇ ਦਿਨ ਅਤੇ ਨਾ ਹੀ ਦੂਜੇ ਦਿਨ 5 ਅਗਸਤ ਨੂੰ ਨਹੀਂ ਪਹੁੰਚਦੇ ਤਾਂ ਉਨਾਂ ਦੀ ਦਰਖਾਸਤ ਰੱਦ ਸਮਝੀ ਜਾਵੇਗੀ, ਜਿਸ ਲਈ ਉਹ ਆਪ ਹੀ ਜ਼ਿੰਮੇਵਾਰ ਹੋਣਗੇ। ਮੀਟਿੰਗ ਵਿਚ ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀਮਤੀ ਪਰਮਜੀਤ ਕੋਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਸੰਦੀਪ ਮਲਹੋਤਰਾ ਡੀਡੀਪੀਓ, ਕੰਵਲਪ੍ਰੀਤ ਸਿੰਘ ਜਿਲਾ ਖੇਤੀਬਾੜੀ ਅਫਸਰ ਮੋਜੂਦ ਸਨ।

Leave a Reply

Your email address will not be published. Required fields are marked *