ਨਿਊਜ਼ ਲਾਂਡਰੀ ਦੀ ਜਾਂਚ ਰਿਪੋਰਟ ਨੇ ਪੰਜਾਬ ‘ਚ ‘ਆਪ’ ਸਰਕਾਰ ਦੀ ਰਿਪੋਰਟ ਕਰਨ ਵਾਲੀਆਂ ਪੇਡ ਨਿਊਜ਼ ਦਾ ਪਰਦਾਫਾਸ਼ ਕੀਤਾ: ਵਿਰੋਧੀ ਧਿਰ ਦੇ ਆਗੂ
ਚੰਡੀਗੜ੍ਹ, ਗੁਰਦਾਸਪੁਰ, 5 ਨਵੰਬਰ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਹਿੰਦੀ ਨਿਊਜ਼ ਚੈਨਲਾਂ ‘ਤੇ ਪ੍ਰਸਾਰਿਤ ਕੀਤੀਆਂ ਜਾਣ ਵਾਲੀਆਂ ‘ਪੇਡ ਨਿਊਜ਼’ ਦਾ ਵਿਸ਼ੇਸ਼ ਆਡਿਟ ਕਰਵਾਉਣ ਲਈ ਭਾਰਤ ਦੇ ਕੰਟਰੋਲਰ ਐਂਡ ਆਡੀਟਰ ਜਨਰਲ (ਕੈਗ) ਨੂੰ ਅਪੀਲ ਕੀਤੀ ਹੈ।
ਦਿੱਲੀ ਸਥਿਤ ਨਿਊਜ਼ ਪੋਰਟਲ ਨਿਊਜ਼ ਲਾਂਡਰੀ ਦੀ ਵਿਸ਼ੇਸ਼ ਜਾਂਚ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ‘ਆਪ’ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨਾਲ ਸਬੰਧਿਤ ‘ਪੇਡ ਨਿਊਜ਼’ ਵੱਖ-ਵੱਖ ਹਿੰਦੀ ਨਿਊਜ਼ ਚੈਨਲਾਂ ‘ਤੇ ਰਿਪੋਰਟ ਕੀਤੀ ਗਈ ਹੈ, ਜਿਸ ਵਿਚ ਏਬੀਪੀ ਨਿਊਜ਼, ਹਿੰਦੀ ਖ਼ਬਰ, ਨਿਊਜ਼ 24, ਨਿਊਜ਼ ਨੇਸ਼ਨ, ਟੀਵੀ 9 ਆਦਿ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਅਜਿਹੀਆਂ ‘ਪੇਡ ਨਿਊਜ਼’ ਰਾਹੀਂ ਪੰਜਾਬ ਦੀ ‘ਆਪ’ ਸਰਕਾਰ ਨੇ ਆਪਣੀ ਝੂਠੀ ਕਾਰਗੁਜ਼ਾਰੀ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਜਵਾ ਨੇ ਕਿਹਾ ਕਿ ਇਸ ਤਰਾਂ ਦੇ ਝੂਠੇ ਪ੍ਰਚਾਰ ਦਾ ਇੱਕੋ-ਇੱਕ ਮਕਸਦ ਦੂਜੇ ਸੂਬਿਆਂ ਖ਼ਾਸ ਕਰ ਕੇ ਚੋਣਾਂ ਵਾਲੇ ਸੂਬਿਆਂ ਦੇ ਲੋਕਾਂ ਨੂੰ ਗ਼ਲਤ ਤਰੀਕੇ ਨਾਲ ਪ੍ਰਭਾਵਿਤ ਕਰਨਾ ਹੈ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਕੈਗ ਨੂੰ ਨਿਊਜ਼ ਲਾਂਡਰੀ ਦੇ ਖ਼ੁਲਾਸੇ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਅਤੇ ਪੰਜਾਬ ਦੇ ਟੈਕਸਦਾਤਾਵਾਂ ਦੇ ਪੈਸੇ ਦੀ ਦੁਰਵਰਤੋਂ ਦਾ ਵਿਸ਼ੇਸ਼ ਆਡਿਟ ਕਰਵਾਉਣਾ ਚਾਹੀਦਾ ਹੈ।
ਨਿਊਜ਼ ਲਾਂਡਰੀ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਬਾਰੇ ਵੱਖ-ਵੱਖ ਹਿੰਦੀ ਨਿਊਜ਼ ਚੈਨਲਾਂ ਦੀਆਂ ਰਿਪੋਰਟਾਂ ਵਿੱਚ ਇੱਕੋ ਜਿਹੀ ਸਮੱਗਰੀ ਵਰਤੀ ਗਈ ਜਿਸ ਵਿੱਚ ਸਥਾਨਕ ਕਿਸਾਨਾਂ ਦੀਆਂ ਇੰਟਰਵਿਊਆਂ, ਵੀਡੀਓ ਫੁਟੇਜ, ਸਕ੍ਰਿਪਟਾਂ ਦਿਖਾਈਆਂ ਗਈਆਂ ਸਨ, ਜੋ ਇਨ੍ਹਾਂ ਰਿਪੋਰਟਾਂ ਦੀ ਪ੍ਰਮਾਣਿਕਤਾ ‘ਤੇ ਗੰਭੀਰ ਸਵਾਲ ਖੜੇ ਕਰਦੀਆਂ ਹਨ। ‘ਆਪ’ ਸਰਕਾਰ ਨੇ ਇਨ੍ਹਾਂ ਰਿਪੋਰਟਾਂ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਸਾਂਝਾ ਕੀਤਾ ਹੈ।
ਨਿਊਜ਼ ਲਾਂਡਰੀ ਦੀ ਇਸ ਜਾਂਚ ਰਿਪੋਰਟ ਦੇ ਅਨੁਸਾਰ, ਉਹ ਵਿਸ਼ੇਸ਼ ਸਥਾਨ ਜਿੱਥੋਂ ਖ਼ਬਰ ਰਿਪੋਰਟ ਕੀਤੀ ਗਈ ਸੀ, ਗ਼ਾਇਬ ਸੀ। ਬਾਜਵਾ ਨੇ ਕਿਹਾ ਕਿ ਇਨ੍ਹਾਂ ਰਿਪੋਰਟਾਂ ਵਿਚ ਦਿਖਾਏ ਗਏ ਟਰੈਕਟਰਾਂ ਦੇ ਰਜਿਸਟ੍ਰੇਸ਼ਨ ਨੰਬਰ ਵੀ ਗ਼ਾਇਬ ਸਨ।
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਅਸਫਲ ਦਿੱਲੀ ਮਾਡਲ ਨਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਪਾਰਟੀ (ਆਪ) ਹੁਣ ਅਜਿਹੀਆਂ ਪੇਡ ਨਿਊਜ਼ ਰਾਹੀਂ ਪੰਜਾਬ ਦੀ ‘ਆਪ’ ਸਰਕਾਰ ਦੀ ਝੂਠੀ ਕਾਰਗੁਜ਼ਾਰੀ ਨਾਲ ਦੂਜੇ ਸੂਬਿਆਂ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਤਿਆਰੀ ਕਰ ਰਹੀ ਹੈ।