ਵਹਿਮ ਜੋ ਮਰਜੀ ਪਾਲਦੇ ਰਹੋ ਪਰ ਤਾਕਤ ਦੀ ਡੰਗੋਰੀ ਆਮ ਲੋਕਾਂ ਨੇ ਹੀ ਦੇਣੀ ਹੁੰਦੀ-ਕਾਮਰੇਡ ਰਾਜਵਿੰਦਰ ਸਿੰਘ ਰਾਣਾ
ਸਰਕਾਰ ਭਗੌੜੇ ਅਫਸਰਾਂ ਨੂੰ ਫੜਨ ਦੀ ਥਾਂ ਨਿੱਕੇ ਮੋਟੇ ਨਸ਼ੇੜੀਆਂ ਨੂੰ ਫੜ੍ਹ ਫੜ ਬਣਾ ਰਹੀ ਹੈ ਨੰਬਰ : ਬਾਬਾ ਪਰਦੀਪ ਖਾਲਸਾ
ਮਾਨਸਾ, ਗੁਰਦਾਸਪੁਰ, 1 ਅਕਤੂਬਰ (ਸਰਬਜੀਤ ਸਿੰਘ)– ਪੱਕੇ ਮੋਰਚੇ ‘ਤੇ ਬੈਠੀ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੁਰਿੰਦਰਪਾਲ ਸ਼ਰਮਾ ਤੇ ਬਾਬਾ ਪ੍ਰਦੀਪ ਸਿੰਘ ਖਾਲਸਾ ਨੇ ਕਿਹਾ ਸਰਕਾਰ ਰਾਜਨੀਕ ਲਾਹੇ ਲਈ ਜੁਮਲੇ ਤੇ ਵਿਖਾਵੇ ਵਾਲੀਆਂ ਕਾਰਵਾਈਆਂ ਬੰਦ ਕਰੇ। ਰਾਜਨੀਤਿਕ ਦ੍ਰਿਸ਼ਟੀ ਵਾਲੀਆਂ ਐਨਕਾਂ ਉਤਾਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਸਲੀ ਸਮਗਲਰਾਂ ਦੀ ਪੈੜ ਨੱਪੇ ਤੇ ਨਸ਼ੇ ਦੀ ਦਲਦਲ ਵਿੱਚ ਗਰਕ ਰਹੀ ਜਵਾਨੀ ਨੂੰ ਬਚਾਵੇ। ਉਨ੍ਹਾਂ ਕਿਹਾ ਇੱਕ ਪਾਸੇ ਮਾਨਸਾ ਵਿੱਚ ਸ਼ਰੇਆਮ ਮੈਡੀਕਲ ਨਸ਼ਾ ਵੇਚਣ ਵਾਲੇ ਮਾਨਸਾ ਮੈਡੀਕੋਜ ਨੂੰ ਬੰਦ ਕਰਵਾਉਂਣ ਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਂਣ ਲਈ ਹਜਾਰਾਂ ਲੋਕ ਪਿਛਲੇ ਸਵਾ ਦੋ ਮਹੀਨੇ ਤੋਂ ਧਰਨਾ ਲਾ ਕੇ ਬੈਠੇ ਹਨ ਪਰ ਪੁਲਸ ਨੇ ਉਨ੍ਹਾਂ ਨੂੰ ਥਾਨੇ ਵਿੱਚ ਵੀ ਨਹੀਂ ਬੁਲਾਇਆ ਜਦੋਂ ਕਿ ਨਸ਼ਾ ਬੰਦੀ ਦੀ ਗੱਲ ਕਰਨ ਵਾਲਿਆਂ ਨੂੰ ਦੋ ਦੋ ਮਹੀਨੇ ਜੇਲ੍ਹ ਵਿੱਚ ਸੁੱਟੀਂ ਰੱਖਿਆ। ਕਾਮਰੇਡ ਸੁਰਿੰਦਰਪਾਲ ਨੇ ਕਿਹਾ ਭਗੌੜੇ ਪੁਲਸ ਅਧਿਆਕਾਰੀ ਰਾਜਜੀਤ ਸਿੰਘ ਨੂੰ ਫੜ੍ਹਨ ‘ਚ ਨਕਾਮ ਹੋਈ ਸਰਕਾਰ ਅੱਕੀਂ ਪਲਾਹੀਂ ਹੱਥ ਮਾਰਕੇ ਲੋਕਾਂ ਨੂੰ ਭਰੋਸਾ ਕਰਾ ਦੇਣ ਦਾ ਭਰਮ ਨਾ ਪਾਲੇ । ਅੱਜ ਸਰਕਾਰ ਸਾਹਮਣੇ ਆਪਣੇ ਧੀਆਂ ਪੁੱਤਾਂ ਨੂੰ ਬਚਾ ਲੈਣ ਦੀਆਂ ਅਪੀਲਾਂ ਕਰਨ ਵਾਲਿਆਂ ਨੇ ਵੋਟਾਂ ਵੇਲੇ ਤੁਹਾਡੇ ਤੋਂ ਹਿਸਾਬ ਮੰਗਣਾ ਹੈ। ਤੁਹਾਡੇ ਜੁਮਲੇ ਤੇ ਚੁਟਕਲੇ ਅਖਬਾਰਾਂ ਦੀ ਖਬਰ ਤਾਂ ਬਣ ਸਕਦੇ ਹਨ ਪਰ ਲੋਕ ਭਲਾਈ ਦਾ ਕਾਰਜ ਨਹੀਂ ਕਰ ਸਕਦੇ ਇਸ ਲਈ ਝੂਠੇ ਵਾਅਦਿਆਂ ਦੀ ਫਿਲਮ ਬੰਦ ਕਰਕੇ ਹਕੀਕਤ ਸੁਣੋ ਤੇ ਸੁਣਾਓ।
ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਲੋਕ ਨਸਲਾਂ ਦੀ ਲੜਾਈ ਲੜ ਰਹੇ ਹਨ ਤੇ ਜਿਹੜੇ ਲੋਕ ਤਾਕਤ ਦੇ ਅਤੇ ਪੈਸੇ ਦੇ ਨਸ਼ੇ ‘ਚ ਅੱਜ ਉਨ੍ਹਾਂ ਦੀਆਂ ਨਸਲਾਂ ਮਾਰ ਰਹੇ ਹਨ ਉਨ੍ਹਾਂ ਨੇ ਕਿਸੇ ਵੀ ਮੰਤਰੀ ਜਾਂ ਵਿਧਾਇਕ ਨੂੰ ਮੁਆਫ ਨਹੀਂ ਕਰਨਾ। ਵਹਿਮ ਜੋ ਮਰਜੀ ਪਾਲਦੇ ਰਹੋ ਪਰ ਤਾਕਤ ਦੀ ਡੰਗੋਰੀ ਆਮ ਲੋਕਾਂ ਨੇ ਹੀ ਦੇਣੀ ਹੁੰਦੀ ਹੈ, ਜੇਕਰ ਆਪ ਸਰਕਾਰ ਲੋਕਾਂ ਵੱਲੋਂ ਦਿੱਤੇ ਮੌਕੇ ਨੂੰ ਆਪਣੀ ਵਿਸ਼ੇਸ਼ ਯੋਗਤਾ ਤੇ ਹੱਕ ਮੰਨ ਬੈਠੀ ਹੈ ਤਾਂ ਇਹ। ਵੱਡੀ ਗਲਤੀ ਹੋਵੇਗੀ। ਲੋਕ ਪੱਚੀ ਸਾਲ ਦਾ ਦਾਅਵਾ ਕਰਨ ਵਾਲੇ ਘਾਗ ਸਿਆਸਤਦਾਨਾਂ ਨੂੰ ਵੀ ਮਿੱਟੀ ਵਿੱਚ ਰੋਲ ਦੇਣ ਦੀ ਉਦਾਹਰਨ ਪੈਦਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਜਿਹੜੇ ਮੁੱਖ ਮੰਤਰੀ ਨੂੰ ਸਿਆਸਤ ਤੋਂ ਦੂਰ ਹੁੰਦਿਆਂ ਹਰ ਬੰਦੇ ਦਾ ਦੁੱਖ ਦਰਦ ਪਤਾ ਸੀ ਤੇ ਉਹ ਹਾਸਰਸ ਰਾਹੀਂ ਪ੍ਰਗਟ ਕਰਦਾ ਹੁੰਦਾ ਸੀ ਤਾਕਤ ਹੱਥ ਆਉਂਦਿਆਂ ਵਿਸਾਰ ਕਿਉਂ ਬੈਠਾ ਹੈ । ਇਸ ਮੌਕੇ ਇੱਕ ਕਾਮਰੇਡ ਗੁਰਦੇਵ ਸਿੰਘ ਦਲੇਲ ਵਾਲਾ ਸਮੇਤ ਦਰਜਨ ਦੇ ਕਰੀਬ ਬੁਲਾਰਿਆਂ ਨੇ ਨਸ਼ਾਬੰਦੀ ਖਿਲਾਫ ਵਿੱਢੇ ਸੰਘਰਸ਼ ਦੀ ਹਮਾਇਤ ਕਰਦਿਆਂ ਸਰਕਾਰ ਨੂੰ ਅਸਲੀ ਸਰਕਾਰਾਂ ਵਾਲੇ ਕਾਰਜ ਕਰਨ ਦੀ ਸਲਾਹ ਦਿੱਤੀ।