ਗੁਰਦਾਸਪੁਰ, 22 ਅਗਸਤ (ਸਰਬਜੀਤ ਸਿੰਘ)–ਚੰਡੀਗੜ੍ਹ ਵਿੱਚ ਕੱਲ ਤੋ ਹੜਾਂ ਦਾ ਮੁਆਵਜ਼ਾ ਲੈਣ ਲਈ ਅੰਦੋਲਨ ਕਰਨ ਵਾਲੀਆਂ 16 ਕਿਸਾਨ ਯੂਨੀਅਨਾਂ ਦੇ ਆਗੂਆ ਨੂੰ ਗਿਰਫਤਾਰ ਕਰਨ ਦੀ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਸਖਤ ਨਿਖੇਧੀ ਕਰਦੀ ਹੈ।
ਇਸ ਸਬੰਧੀ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਸਾਨ ਦੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਪਿਛਲੇ ਕਰੀਬ ਡੇਢ ਮਹੀਨੇ ਤੋਂ ਪੰਜਾਬ ਵਿੱਚ ਹੜਾਂ ਨੇ ਤਬਾਹੀ ਮਚਾਈ ਹੋਈ ਹੈ। ਲੋਕਾਂ ਨੂੰ ਹੜਾਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੇ ਅਗੇਤੇ ਪ੍ਰਬੰਧ ਨਹੀਂ ਕੀਤੇ ਅਤੇ ਹੜ੍ਹਾਂ ਦੌਰਾਨ ਵੀ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਉਣ ਵਿਚ ਵੀ ਪੰਜਾਬ ਸਰਕਾਰ ਫੇਲ ਸਾਬਿਤ ਹੋਈ ਹੈ। ਪੰਜਾਬ ਦੇ ਲੋਕ ਆਪਸੀ ਭਾਈਚਾਰੇ ਦਾ ਸਬੂਤ ਦਿੰਦੇ ਹੋਏ ਹੜ੍ਹ ਪੀੜਤਾਂ ਦਾ ਦੁੱਖ ਵੰਡਾ ਰਹੇ ਹਨ ਅਤੇ ਸੰਭਵ ਸਹਾਇਤਾ ਕਰ ਰਹੇ ਹਨ। ਇਥੋਂ ਤੱਕ ਕਿ ਜੋ ਸਿੱਧੇ ਰੂਪ ਵਿੱਚ ਕਰਨ ਵਾਲੇ ਕੰਮ ਪੰਜਾਬ ਸਰਕਾਰ ਦੇ ਸਨ ਕਿ ਦਰਿਆਵਾਂ ਦੇ ਟੁਟੇ ਹੋਏ ਬੰਨ ਵੀ ਲੋਕਾਂ ਨੇ ਆਪ ਬੰਨ ਕੇ ਦੁਨੀਆਂ ਦੇ ਉੱਤੇ ਮਿਸਾਲਾਂ ਕਾਇਮ ਕੀਤੀਆਂ ਹਨ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਖਰਾਬ ਹੋਈਆਂ ਫਸਲਾਂ ਅਤੇ ਹੋਰ ਹੋਏ ਨੁਕਸਾਨ ਦਾ ਮੁਆਵਜ਼ਾ 15 ਅਗਸਤ ਤੋਂ ਪਹਿਲਾਂ ਦੇ ਦਿੱਤਾ ਜਾਵੇਗਾ। ਪਰ ਹਮੇਸ਼ਾ ਦੀ ਤਰਾਂ ਮੁੱਖ ਮੰਤਰੀ ਦੇ ਵਾਅਦੇ ਹਵਾਈ ਸਾਬਤ ਹੋਏ ਅਜੇ ਤੱਕ ਖਰਾਬ ਹੋਈਆਂ ਫਸਲਾਂ ਦੀਆਂ ਗਿਰਦਾਵਰੀਆ ਸ਼ੁਰੂ ਹੀ ਨਹੀਂ ਹੋਈਆਂ। ਦਰਿਆ ਬਿਆਸ ਦੇ ਨਾਲ ਨਾਲ ਵੱਸਦੇ ਕਾਂਗੜਾ, ਗੁਰਦਾਸਪੁਰ,ਹੁਸ਼ਿਆਰਪੁਰ, ਕਪੂਰਥਲਾ,ਤਰਨਤਾਰਨ ਅਤੇ ਫਿਰੋਜ਼ਪੁਰ ਦੇ ਪ੍ਰਭਾਵਿਤ ਲੋਕਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਦੁਬਾਰਾ ਪਾਣੀ ਛੱਡਿਆ ਗਿਆ ਤਾਂ ਪ੍ਰਸ਼ਾਸਨ ਨੇ ਵਿਧੀਬੱਧ ਢੰਗ ਨਾਲ ਲੋਕਾਂ ਸੂਚਨਾ ਨਹੀਂ ਦਿੱਤੀ। ਜਿਸ ਨਾਲ ਲੋਕਾਂ ਦਾ ਜਾਨੀ ਅਤੇ ਮਾਲੀ ਭਾਰੀ ਨੁਕਸਾਨ ਹੋਇਆ ਹੈ। ਹੁਣ ਫਿਰ ਸਾਰੇ ਦਰਿਆ ਦੋਬਾਰਾ ਲੋਕਾਂ ਦਾ ਭਾਰੀ ਨੁਕਸਾਨ ਕਰ ਰਹੇ ਹਨ।
ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਲਗਾਤਾਰ ਖਰਾਬ ਹੋਈਆਂ ਚਾਰ ਫਸਲਾਂ ਦਾ ਮੁਆਵਜ਼ਾ ਪੰਜਾਬ ਸਰਕਾਰ ਵੱਲ ਬਕਾਇਆ ਖੜ੍ਹਾ ਹੈ। ਪਰ ਸਰਕਾਰ ਟਾਲ ਮਟੋਲ ਵਾਲੀ ਨੀਤੀ ਅਪਣਾ ਰਹੀ ਹੈ। ਹੁਣ ਕੁਝ ਜਥੇਬੰਦੀਆਂ ਮੁਆਵਜ਼ਾ ਲੈਣ ਲਈ 22 ਨੂੰ ਚੰਡੀਗੜ੍ਹ ਧਰਨਾਂ ਦੇਣਾਂ ਸੀ ਤਾਂ ਕਿਸਾਨ ਆਗੂਆਂ ਨੂੰ ਪੰਜਾਬ ਸਰਕਾਰ ਨੇ ਗਿਰਫ਼ਤਾਰ ਕਰਕੇ ਬੁਜ਼ਦਿਲੀ ਦਾ ਸਬੂਤ ਦਿੱਤਾ ਹੈ ਅਤੇ ਪੰਜਾਬ ਤੇ ਕੇਂਦਰ ਸਰਕਾਰ ਕਿਸਾਨਾਂ ਦਾ ਅੰਦੋਲਨ ਕਰਨ ਦਾ ਸੰਵਿਧਾਨਿਕ ਅਧਿਕਾਰ ਖੋਹ ਰਹੀਆ ਹਨ।ਸਰਕਾਰ ਗਿਰਫਤਾਰ ਕੀਤੇ ਕਿਸਾਨ ਆਗੂਆ ਨੂੰ ਰਿਹਾਅ ਕਰੇ।ਸਰਕਾਰ ਨੇ ਜੇਕਰ ਅੰਦੋਲਨ ਰੋਕਨਾਂ ਹੈ ਤਾਂ ਹੜਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਤੁਰੰਤ ਜਾਰੀ ਕੀਤਾ ਜਾਵੇ।


