ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ, ਕਿਸਾਨਾਂ ਅਤੇ ਮੀਡੀਆ ਦੀ ਹਾਜ਼ਰੀ ਵਿੱਚ ਲੱਕੀ ਡਰਾਅ ਦੀ ਸਮੁੱਚੀ ਪ੍ਰੀਕ੍ਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ ਗਿਆ
ਗੁਰਦਾਸਪੁਰ, 31 ਅਗਸਤ ( ਸਰਬਜੀਤ ਸਿੰਘ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋ ਕਿਸਾਨਾਂ ਨੂੰ ਸਾਲ 2022 ਵਿੱਚ ਖੇਤੀ ਸੰਦ ਸਬਸਿਡੀ ’ਤੇ ਮੁਹੱਈਆ ਕਰਵਾਉਣ ਲਈ ਆਨ-ਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਜਿਸ ਤਹਿਤ ਪ੍ਰਾਪਤ ਅਰਜ਼ੀਆਂ ਦੇ ਲੱਕੀ ਡਰਾਅ ਅੱਜ ਦੁਪਹਿਰ ਸਥਾਨਕ ਪੰਚਾਇਤ ਭਵਨ ਵਿਖੇ ਕੱਢੇ ਗਏ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਪਰਮਜੀਤ ਕੌਰ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ, ਡਾ. ਸਤਿੰਦਰ ਕੌਰ ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਕੰਵਲਪ੍ਰੀਤ ਸਿੰਘ, ਖੇਤੀਬਾੜੀ ਅਫ਼ਸਰ ਡਾ. ਰਣਧੀਰ ਸਿੰਘ ਠਾਕੁਰ, ਇੰਜੀ: ਦੀਪਕ ਖੇਤੀਬਾੜੀ ਇੰਜੀਨੀਅਰ, ਡਾ. ਪ੍ਰਭਜੋਤ ਸਿੰਘ ਡੀ.ਪੀ.ਓ, ਜੀ.ਓ.ਜੀ. ਟੀਮ ਦੇ ਮੁਖੀ ਸ. ਜੀ.ਐੱਸ. ਕਾਹਲੋਂ, ਅਗਾਂਹਵਧੂ ਕਿਸਾਨ ਦਿਲਬਾਗ ਸਿੰਘ ਚੀਮਾ ਬਰਿਆਰ, ਗੁਰਦਿਆਲ ਸਿੰਘ ਸੱਲੋਪੁਰ ਸਮੇਤ ਹੋਰ ਕਿਸਾਨਾਂ ਅਤੇ ਮੀਡੀਆ ਦੀ ਹਾਜ਼ਰੀ ਵਿੱਚ ਸਬਸਿਡੀ ’ਤੇ ਦਿੱਤੇ ਜਾਣ ਵਾਲੇ ਖੇਤੀ ਸੰਦਾਂ ਲਈ ਕਿਸਾਨਾਂ ਦੇ ਨਾਵਾਂ ਦੇ ਲੱਕੀ ਕੱਢੇ ਗਏ। ਲੱਕੀ ਡਰਾਅ ਕੱਢਣ ਦੀ ਸਾਰੀ ਪ੍ਰੀਕਿ੍ਰਆ ਨੂੰ ਪੂਰੀ ਤਰਾਂ ਪਾਰਦਰਸ਼ੀ ਸੀ ਅਤੇ ਕਿਸਾਨਾਂ ਵੱਲੋਂ ਖੁਦ ਵਾਰੋ-ਵਾਰੀ ਲੱਕੀ ਡਰਾਅ ਦੀਆਂ ਪਰਚੀਆਂ ਕੱਢੀਆਂ ਗਈਆਂ। ਇਸ ਮੌਕੇ ਸਮੁੱਚੀ ਪ੍ਰੀਕ੍ਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ।
ਲੱਕੀ ਡਰਾਅ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ’ਤੇ ਖੇਤੀ ਸੰਦ ਦੇਣ ਲਈ ਵਿਅਕਤੀਗਤ ਪੱਧਰ, ਸਹਿਕਾਰੀ ਸਭਾ, ਪੰਚਾਇਤ ਅਤੇ ਐੱਫ.ਪੀ.ਓ. ਕੈਟਾਗਰੀਆਂ ਵਿੱਚ ਆਨ ਲਾਈਨ ਅਰਜ਼ੀਆਂ ਮੰਗੀਆਂ ਗਈਆਂ ਸਨ ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਿਸਾਨਾਂ ਵੱਲੋਂ ਕੁੱਲ 2962 ਅਰਜ਼ੀਆਂ ਪ੍ਰਾਪਤ ਹੋਈਆਂ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਸਹਿਕਾਰੀ ਸਭਾ, ਪੰਚਾਇਤ ਅਤੇ ਐੱਫ.ਪੀ.ਓ. ਕੈਟਾਗਰੀਆਂ ਵਿੱਚ ਕੁੱਲ 119 ਖੇਤੀ ਸੰਦ ਦਿੱਤੇ ਜਾਣੇ ਹਨ ਜਦਕਿ ਇਸ ਲਈ ਅਰਜ਼ੀ ਕੇਵਲ 90 ਪ੍ਰਾਪਤ ਹੋਈਆਂ ਸਨ। ਇਸੇ ਤਰਾਂ ਨਿੱਜੀ ਕਿਸਾਨ (ਐੱਸ.ਸੀ. ਕੈਟਾਗਰੀ ਵਿੱਚ) ਵਿੱਚ 344 ਖੇਤੀ ਸੰਦਾਂ ਦਾ ਟਾਰਗੇਟ ਸੀ ਜਦਕਿ ਸਿਰਫ 16 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਸ ਲਈ ਉਪਰੋਕਤ ਕੈਟਾਗਰੀਆਂ ਵਿੱਚ ਅਰਜ਼ੀਆਂ ਘੱਟ ਹੋਣ ਕਾਰਨ ਸਾਰਿਆਂ ਨੂੰ ਸਬਸਿਡੀ ਉੱਪਰ ਸੰਦ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਨਿੱਜੀ ਕਿਸਾਨ (ਜਨਰਲ ਕੈਟਾਗਰੀ) ਤਹਿਤ 413 ਖੇਤੀ ਸੰਦ ਸਬਸਿਡੀ ’ਤੇ ਦਿੱਤੇ ਜਾਣੇ ਹਨ ਜਦਕਿ ਇਸ ਲਈ 2825 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਨਾਂ ਕਿਹਾ ਕਿ ਅਰਜ਼ੀਆਂ ਵੱਧ ਹੋਣ ਕਾਰਨ ਅੱਜ ਲੱਕੀ ਡਰਾਅ ਕੱਢਿਆ ਗਿਆ ਹੈ ਅਤੇ ਲੱਕੀ ਡਰਾਅ ਵਿੱਚ 413 ਕਿਸਾਨਾਂ ਦੇ ਨਾਮ ਚੁਣੇ ਗਏ ਹਨ। ਉਨ੍ਹਾਂ ਕਿਹਾ ਕਿ ਲੱਕੀ ਡਰਾਅ ਦੀ ਸਮੁੱਚੀ ਪ੍ਰੀਕ੍ਰਿਆ ਕਿਸਾਨਾਂ ਅਤੇ ਮੀਡੀਆ ਦੀ ਹਾਜ਼ਰੀ ਵਿੱਚ ਪੂਰੀ ਤਰਾਂ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤੀ ਗਈ ਹੈ ਅਤੇ ਕਿਸਾਨ ਇਸ ਤੋਂ ਪੂਰੀ ਤਰਾਂ ਸੰਤੁਸ਼ਟ ਹਨ।


