ਵੋਟਰ ਸੂਚੀਆਂ `ਚ ਸੁਧਾਈ ਲਈ ਬੀ.ਐਲ.ਓਜ 21 ਜੁਲਾਈ ਤੋਂ ਘਰ-ਘਰ ਜਾ ਕੇ ਕਰਨਗੇ ਸਰਵੇ

ਗੁਰਦਾਸਪੁਰ

ਗੁਰਦਾਸਪੁਰ ਜ਼ਿਲ੍ਹੇ ਦੇ ਨਿਵਾਸੀ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੀ ਪ੍ਰਕਿਰਿਆ `ਚ ਸਹਿਯੋਗ ਕਰਨ  : ਜ਼ਿਲ੍ਹਾ ਚੋਣ ਅਫ਼ਸਰ

ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦਾ ਹਿੱਸਾ ਬਣਨ ਲਈ ਨੌਜਵਾਨ ਆਪਣੀ ਵੋਟ ਜਰੂਰ ਬਣਾਉਣ

ਗੁਰਦਾਸਪੁਰ, 22 ਜੁਲਾਈ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ `ਤੇ ਯੋਗਤਾ ਮਿਤੀ 01 ਜਨਵਰੀ 2024 ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਤੋਂ ਪਹਿਲਾ ਪ੍ਰੀ-ਰਵੀਜਨ ਐਕਟੀਵਿਟੀ ਦੇ ਪ੍ਰੋਗਰਾਮ ਅਨੁਸਾਰ 01 ਜਨਵਰੀ 2024 ਦੀ ਯੋਗਤਾ ਦੇ ਆਧਾਰ ’ਤੇ ਫ਼ੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਮਿਤੀ 21 ਜੁਲਾਈ 2023 ਤੋਂ ਮਿਤੀ 21 ਅਗਸਤ 2023 ਤੱਕ ਵੋਟਰਾਂ ਦੇ ਵੇਰਵਿਆਂ ਦੀ ਵੈਰੀਫਿਕੇਸ਼ਨ ਕਰਨ ਲਈ ਬੂਥ ਲੈਵਲ ਅਫ਼ਸਰਾਂ ਵੱਲੋਂ ਘਰ-ਘਰ ਜਾ ਕੇ ਸਰਵੇ ਕੀਤਾ ਜਾਵੇਗਾ ਅਤੇ 01 ਜਨਵਰੀ, 2024 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣ ਵਾਲੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਫਾਰਮ ਵੀ ਇਕੱਤਰ ਕੀਤੇ ਜਾਣਗੇ।

ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਆਫ਼ ਇਲੈਕਟਰਸ ਵਿੱਚ ਸੋਧ ਕਰਨ ਉਪਰੰਤ ਹੁਣ 01 ਅਗਸਤ 2022 ਤੋਂ ਚਾਰ ਯੋਗਤਾ ਮਿਤੀਆਂ 01 ਜਨਵਰੀ, 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ ਦੀ ਵਿਵਸਥਾ ਕੀਤੀ ਗਈ ਹੈ ਹੁਣ ਰਜਿਸਟ੍ਰੇਸ਼ਨ ਨਿਯਮ ਵਿੱਚ ਸੋਧ ਨਾਲ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਦੇ 1 ਸਾਲ ਵਿੱਚ 4 ਮੌਕੇ ਮਿਲਣਗੇ। ਜਿਹੜੇ ਨਾਗਰਿਕ ਜਨਵਰੀ ਵਿੱਚ 18 ਸਾਲ ਪੂਰੇ ਨਹੀਂ ਕਰਦੇ, ਉਹ ਐਡਵਾਂਸ ਵਿੱਚ ਅਪਲਾਈ ਕਰ ਸਕਦੇ ਹਨ।

ਜ਼ਿਲ੍ਹਾ ਗੁਰਦਾਸਪੁਰ ਦੇ ਨਿਵਾਸੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੀ ਪ੍ਰਕਿਰਿਆ `ਚ ਸਹਿਯੋਗ ਕਰਨ ਦੀ ਅਪੀਲ ਕਰਦਿਆ ਉਨ੍ਹਾਂ ਕਿਹਾ ਕਿ ਇਸ ਸਰਵੇ ਦੌਰਾਨ ਬੀ.ਐਲ.ਓਜ਼. ਵੱਲੋਂ ਵੋਟਰ ਸੂਚੀਆਂ ਵਿੱਚ ਦਰਜ਼ ਵੋਟਰਾਂ ਦੀ ਅਤੇ ਉਹਨਾਂ ਦੇ ਵੇਰਵਿਆਂ ਦੀ ਪੜਤਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਜਿਹੇ ਨੌਜਵਾਨ ਜਿਨ੍ਹਾਂ ਦੀ ਵੋਟ ਅਜੇ ਨਹੀਂ ਬਣੀ, ਭਵਿੱਖ ਵਿੱਚ ਬਣਨ ਵਾਲੇ ਯੋਗ ਵੋਟਰ, ਮਰ ਚੁੱਕੇ/ਸ਼ਿਫ਼ਟ ਹੋ ਚੁੱਕੇ/ਮਲਟੀਪਲ ਇੰਦਰਾਜ ਅਤੇ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਦੀ ਦਰੁਸਤੀ ਸਬੰਧੀ ਡਾਟਾ ਬੀ.ਐਲ.ਓ. ਵੱਲੋਂ ਇਕੱਤਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਬੀ.ਐਲ.ਓ. ਪਾਸ ਮੋਬਾਇਲ ਤੇ ਸਰਵੇ ਰਜਿਸਟਰ ਹੋਵੇਗਾ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਐਨ.ਵੀ.ਐਸ.ਪੀ ਪੋਰਟਲ (www.nvsp.in), ਵੋਟਰ ਹੈਲਪ ਲਾਈਨ ਐਪ, ਸੀ.ਐਸ.ਸੀ ਸੈਂਟਰ ਅਤੇ ਆਫ਼ ਲਾਈਨ ਮੋਡ ਜਿਸ ਵਿੱਚ ਵਿੱਦਿਅਕ ਅਦਾਰਿਆਂ, ਸਵੀਪ ਨਾਲ ਸਬੰਧੀ ਏਜੰਸੀਆਂ, ਐਨ.ਜੀ.ਓਜ, ਯੁਵਕ ਸੇਵਾਵਾਂ ਵਿਭਾਗ ਰਾਹੀਂ ਵੀ ਆਪਣੀ ਨਵੀਂ ਵੋਟ ਬਣਾਉਣ (ਫਾਰਮ 6), ਵੋਟ ਕਟਾਉਣ (ਫਾਰਮ 7), ਵੋਟ ਦੀ ਦਰੁਸਤੀ ਅਤੇ ਸ਼ਿਫਟਿੰਗ ਲਈ (ਫਾਰਮ 8) ਨਿਰਧਾਰਿਤ ਫਾਰਮਾਂ ਵਿੱਚ ਬਿਨੈ ਕੀਤਾ ਜਾ ਸਕਦਾ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ-2024 ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਜ਼ਿਲ੍ਹਾ ਵਾਸੀ ਆਪਣਾ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਦੀ ਵੋਟ ਅਜੇ ਤੱਕ ਨਹੀਂ ਬਣੀ ਹੋਈ, ਉਹ ਆਪਣਾ ਨਾਮ ਲਾਜ਼ਮੀ ਤੌਰ `ਤੇ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਅਤੇ ਭਾਰਤ ਦੇ ਲੋਕਤੰਤਰ ਦਾ ਹਿੱਸਾ ਬਣਨ। ਇਸ ਤੋਂ ਇਲਾਵਾ ਬੀ.ਐਲ.ਓਜ. ਵੱਲੋਂ ਘਰ-ਘਰ ਜਾ ਕੇ ਕੀਤੇ ਜਾ ਰਹੇ ਸਰਵੇ ਵਿਚ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਸਹੀ ਵੇਰਵੇ ਦੱਸੇ ਜਾਣ ਤਾਂ ਜੋ ਇੱਕ ਸ਼ੁੱਧ ਅਤੇ ਤਰੁੱਟੀ ਰਹਿਤ ਵੋਟਰ ਸੂਚੀ ਤਿਆਰ ਕੀਤੀ ਜਾ ਸਕੇ।  

Leave a Reply

Your email address will not be published. Required fields are marked *