ਗੁਰਦਾਸਪੁਰ, 5 ਮਈ (ਸਰਬਜੀਤ ਸਿੰਘ)–ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਜੰਤ੍ਰ ਮੰਤ੍ਰ ਨਵੀਂ ਦਿੱਲੀ ਵਿਖੇ ਯੌਨ ਸ਼ੋਸ਼ਣ ਦੇ ਸਵਾਲ ਨੂੰ ਲੈ ਕੇ ਕੌਮਾਂਤਰੀ ਪੱਧਰ ਦੀਆਂ ਮਹਿਲਾ ਪਹਿਲਵਾਨਾਂ ਦੇ ਚਲ ਰਹੇ ਧਰਨੇ ਦੀ ਹਮਾਇਤ ਕਰਦਿਆਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਫੌਰੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਇਸ ਬਾਬਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਕਈ ਹਫ਼ਤਿਆਂ ਤੋਂ ਚਲ ਰਹੇ ਇਸ ਧਰਨੇ ਬਾਬਤ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜ਼ਬਾਨ ਤੱਕ ਨਹੀਂ ਖੋਲੀ ਉਲਟਾ ਪਹਿਲਵਾਨਾਂ ਨੂੰ ਡਰਾਉਣ ਲਈ ਉਨ੍ਹਾਂ ਉਪਰ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਆਈਆਂ ਦਿਲੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਸ਼ਰਾਬੀ ਹਾਲਤ ਵਿੱਚ ਪੁਲੀਸ ਦੁਆਰਾ ਕੀਤੀ ਗਈ ਕੁਟਮਾਰ, ਧੂਹ ਘਸੀਟ ਅਤੇ ਬਦਸਲੂਕੀ ਕਰਨ ਦੀ ਕਾਰਵਾਈ ਅਤਿ ਨਿੰਦਣਯੋਗ ਅਤੇ ਦੇਸ਼ ਨੂੰ ਸ਼ਰਮਸ਼ਾਰ ਕਰ ਦੇਣ ਵਾਲੀ ਹੈ।ਉਨ੍ਹਾਂ ਕਿਹਾ ਕਿ ਯੋਨ ਸ਼ੋਸ਼ਣ ਦਾ ਦੋਸ਼ੀ ਜਾਣਿਆ ਜਾਂਦਾ ਇਕ ਅਪਰਾਧੀ ਵਿਅਕਤੀ ਹੈ ਜਿਸ ਵਿਰੁੱਧ ਐਫ ਆਈ ਆਰ ਦਰਜ ਹੋਂਣ ਦੇ ਬਾਵਜੂਦ ਵੀ ਉਹ ਖੁਲਾ ਘੁਮ ਰਿਹਾ ਹੈ ਕਿਉਂਕਿ ਉਹ ਭਾਜਪਾ ਦਾ ਐਮ ਪੀ ਹੈ। ਹੈਰਾਨੀ ਦੀ ਗੱਲ ਹੈ ਕਿ ਵਿਰੋਧੀਆਂ ਦੀ ਲਗਾਤਾਰ ਪੈੜ ਨੱਪਣ ਵਾਲੀਆਂ ਸਰਕਾਰ ਦੀਆਂ ਕੇਂਦਰੀ ਏਜੰਸੀਆਂ ਹੁਣ ਇਸ ਸੰਜੀਦਾ ਸਵਾਲ ਉਪਰ ਕਿਉਂ ਨਹੀਂ ਜਾਂਚ ਕਰ ਰਹੀਆਂ। ਬੱਖਤਪੁਰਾ ਨੇ ਕਿਹਾ ਕਿ ਮੋਦੀ ਅਤੇ ਸ਼ਾਹ ਦੀ ਸਰਕਾਰ ਨੇ ਜਨਤਾ ਦੇ ਸੰਵਿਧਾਨਕ ਹੱਕਾਂ ਨੂੰ ਕੁਚਲਣ ਦਾ ਰਾਹ ਅਖਤਿਆਰ ਕਰਕੇ ਇਹ ਸਾਬਤ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਦੇਸ਼ ਵਿਚ ਭਾਜਪਾ ਸਰਕਾਰ ਤੋਂ ਦੇਸ਼ ਦੀ ਜਮਹੂਰੀਅਤ ਨੂੰ ਭਿਆਨਕ ਖਤਰਾ ਦਰਪੇਸ਼ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਇਹ ਫਾਸੀ ਖਤਰਾ ਦੇਸ਼ ਦੀ ਜਨਤਾ ਸਾਹਮਣੇ ਇਕ ਵਡਾ ਚੈਲਿਜ ਹੈ ਜਿਸ ਵਿਰੁੱਧ ਸਮਾਜ ਦੇ ਹਰ ਵਰਗ ਨੂੰ ਸੰਘਰਸ਼ ਦਾ ਪਿੜ ਮਲਣਾ ਪਵੇਗਾ।


