ਭਗਵੰਤ ਮਾਨ ਸਰਕਾਰ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਪੂਰੇ ਭਾਅ ’ਤੇ ਖਰੀਦਣ ਦੇ ਕੀਤੇ ਵਿਸ਼ੇਸ਼ ਪ੍ਰਬੰਧ – ਚੇਅਰਮੈਨ ਜਗਰੂਪ ਸੇਖਵਾਂ
ਗੁਰਦਾਸਪੁਰ, 22 ਅਪ੍ਰੈਲ (ਸਰਬਜੀਤ ਸਿੰਘ)-ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਵੱਲੋਂ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੀਆਂ ਭੈਣੀ ਮੀਆਂ ਖਾਂ, ਕਾਹਨੂੰਵਾਨ ਅਤੇ ਲਾਧੂਪੁਰ ਦਾਣਾ ਮੰਡੀਆਂ ਦਾ ਵਿਸ਼ੇਸ਼ ਦੌਰਾ ਕਰਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ।
ਇਸ ਮੌਕੇ ਮੰਡੀਆਂ ਵਿੱਚ ਫਸਲ ਵੇਚਣ ਆਏ ਕਿਸਾਨਾਂ ਨਾਲ ਗੱਲ ਕਰਦਿਆਂ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਕਣਕ ਦੀ ਖਰੀਦ ਦੇੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਮੰਡੀਆਂ ਅੰਦਰ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖਰੀਦੀ ਗਈ ਫਸਲ ਦੀ ਅਦਾਇਗੀ 24 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਪੈ ਰਹੀ ਹੈ ਅਤੇ ਮੰਡੀ ਅੰਦਰੋਂ ਫਸਲ ਦੀ ਢੋਆ ਢੁਆਈ ਦੇ ਪ੍ਰਬੰਧ ਵੀ ਮੁਕੰਮਲ ਕੀਤੇ ਗਏ ਹਨ।
ਚੇਅਰਮੈਨ ਸੇਖਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੀ ਖਰੀਦ ਉੱਪਰ ਜੋ ਵੈਲਯੂ ਕੱਟ ਲਗਾਇਆ ਗਿਆ ਹੈ ਇਹ ਮੋਦੀ ਸਰਕਾਰ ਦਾ ਕਿਸਾਨ ਵਿਰੋਧੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮੌਸਮ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਹੋਰ ਕਸਾਰਾ ਨਾ ਲੱਗੇ ਇਸ ਲਈ ਵੈਲਯੂ ਕੱਟ ਨਾਲ ਜੋ ਘਾਟਾ ਕਿਸਾਨ ਨੂੰ ਪੈਣਾ ਸੀ ਉਸਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਆਪਣੇ ਖਰਚੇ ਉੱਪਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਔਖੇ ਵੇਲੇ ਬਾਂਹ ਫੜ੍ਹ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਦਾ ਸੱਚਾ ਪੁੱਤਰ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਨੂੰ ਬਿਨ੍ਹਾਂ ਕਿਸੇ ਦੇਰੀ ਉਨ੍ਹਾਂ ਦੀ ਫਸਲ ਦਾ ਖਰਾਬਾ ਦਿੱਤਾ ਗਿਆ ਹੋਵੇ। ਮੰਡੀਆਂ ਦੇ ਦੌਰੇ ਦੌਰਾਨ ਚੇਅਰਮੈਨ ਸ. ਸੇਖਵਾਂ ਨੇ ਮੰਡੀ ਬੋਰਡ, ਫੂਡ ਸਪਲਾਈ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਣਕ ਦੀ ਖਰੀਦ ਵਿੱਚ ਹੋਰ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ।