ਜ਼ਿਲ੍ਹੇ ਨੂੰ ਟੀ.ਬੀ. ਮੁਕਤ ਬਣਾਉਣ ਲਈ ਲੋਕਾਂ ਨੂੰ ਟੀ.ਬੀ. ਦੇ ਬਚਾਅ ਅਤੇ ਲੱਛਣਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ – ਡਿਪਟੀ ਕਮਿਸ਼ਨਰ

ਗੁਰਦਾਸਪੁਰ

ਗੁਰਦਾਸਪੁਰ, 23 ਮਾਰਚ (ਸਰਬਜੀਤ ਸਿੰਘ)–ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਨੂੰ ਟੀ.ਬੀ. ਮੁਕਤ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਦੇ ਬਚਾਅ ਅਤੇ ਲੱਛਣਾਂ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਅਸੀਂ ਕੋਵਿਡ ਵਰਗੀ ਮਹਾਂਮਾਰੀ ਨੂੰ ਹਰਾਇਆ ਸੀ, ਉਸੇ ਤਰ੍ਹਾਂ ਹੀ ਟੀ.ਬੀ. ਦਾ ਵੀ ਜ਼ਿਲ੍ਹੇ ਵਿੱਚੋਂ ਖ਼ਾਤਮਾ ਕਰਨ ਲਈ ਹੰਭਲਾ ਮਾਰਨ ਦੀ ਲੋੜ ਹੈ।

ਟੀ.ਬੀ. ਰੋਕਥਾਮ ਪ੍ਰੋਗਰਾਮ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਟੀ.ਬੀ. ਦਾ ਪੱਕੇ ਤੌਰ ’ਤੇ ਇਲਾਜ਼ ਸੰਭਵ ਹੈ। ਉਨ੍ਹਾਂ ਕਿਹਾ ਕਿ ਟੀ.ਬੀ. ਦੀ ਬਿਮਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਭਰਮ-ਭੁਲੇਖੇ ਪਾਏ ਜਾਂਦੇ ਸਨ, ਪਰੰਤੂ ਜਿਵੇਂ-ਜਿਵੇਂ ਮੈਡੀਕਲ ਸਾਇੰਸ ਨੇ ਤਰੱਕੀ ਕੀਤੀ ਹੈ ਇਸ ਬਿਮਾਰੀ ਦਾ ਪੱਕਾ ਇਲਾਜ ਡਾਟਸ ਪ੍ਰਣਾਲੀ ਰਾਹੀਂ ਕੀਤਾ ਜਾਣ ਲੱਗਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰ ਨੇ ਸੂਬੇ ਅਤੇ ਦੇਸ਼ ਨੂੰ 2025 ਤੱਕ ਟੀ.ਬੀ. ਮੁਕਤ ਕਰਨ ਦਾ ਟੀਚਾ ਮਿੱਥਿਆ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਸਿਹਤ ਵਿਭਾਗ ਨੂੰ ਸਖਤ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਸਿਹਤ ਕਰਮਚਾਰੀ ਅਤੇ ਆਸ਼ਾ ਵਰਕਰ ਘਰ-ਘਰ ਜਾ ਕੇ ਟੀ.ਬੀ.ਰੋਗ ਦੇ ਖਾਤਮੇਂ ਲਈ ਸਹਿਯੋਗ ਕਰਨਗੇ, ਟੀ.ਬੀ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਦੋ ਹਫਤਿਆਂ ਤੋਂ ਪੁਰਾਣੀ ਖੰਘ, ਰਾਤ ਸਮੇਂ ਬੁਖਾਰ, ਖੰਘ ਵਿਚ ਬਲਗਮ ਦਾ ਆਉਣਾ ਆਦਿ ਦੀ ਸ਼ਿਕਾਇਤ ਹੋਣ ਦੀ ਸੂਰਤ ਵਿੱਚ ਬਲਗਮ ਦੀ ਜਾਂਚ ਅਤੇ ਛਾਤੀ ਦਾ ਐਕਸਰੇ ਕਰਕੇ ਇਸ ਬਿਮਾਰੀ ਦਾ ਪਤਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਡਾਕਟਰ ਦੀ ਸਲਾਹ ਅਤੇ ਨਿਯਮਿਤ ਇਲਾਜ ਦੇ ਨਾਲ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲ ਸਕਦਾ ਹੈ।  

Leave a Reply

Your email address will not be published. Required fields are marked *