ਪੰਜਾਬ ਦੇ ਸਿੱਖਿਆ ਖੇਤਰ ਨੂੰ ਦੇਸੀ- ਬਦੇਸ਼ੀ ਕਾਰੋਬਾਰੀਆਂ ਦੇ ਦਖ਼ਲ ਤੋਂ ਦੂਰ ਰੱਖਣ ਦੀ ਮੰਗ
ਚੰਡੀਗੜ੍ਹ, ਗੁਰਦਾਸਪੁਰ, 14 ਮਾਰਚ (ਸਰਬਜੀਤ ਸਿੰਘ)— ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਤੇ ਨੌਜਵਾਨ ਭਾਰਤ ਸਭਾ ਦੇ ਵੱਲੋਂ ਸੰਗਰੂਰ ਵਿਖੇ ਮੀਟਿੰਗ ਕਰਕੇ ਬੀ ਕੇ ਯੂ ਉਗਰਾਹਾਂ ਵੱਲੋਂ 15 ਮਾਰਚ ਨੂੰ ਅੰਮ੍ਰਿਤਸਰ ‘ਚ ਹੋ ਰਹੇ ਜੀ-20 ਸੰਮੇਲਨ ਦੇ ਖਿਲਾਫ ਕੀਤੇ ਜਾ ਰਹੇ ਰੋਸ ਮੁਜ਼ਾਹਰੇ ‘ਚ ਸ਼ਾਮਲ ਹੋਣ ਦਾ ਫੈਂਸਲਾ ਕੀਤਾ ਹੈ ਅਤੇ ਪ੍ਰਦਰਸ਼ਨ ‘ਚ ਸ਼ਾਮਲ ਹੁੰਦਿਆਂ ਮੰਗ ਕੀਤੀ ਜਾਵੇਗੀ ਕਿ ਦੇਸ਼ ਤੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਇਹਨਾਂ ਸਾਮਰਾਜੀ ਲੁਟੇਰੇ ਮੰਤਵਾਂ ਦੇ ਪ੍ਰਛਾਵੇਂ ਤੋਂ ਦੂਰ ਰੱਖਿਆ ਜਾਵੇ ਤੇ ਸੰਸਾਰ ਵਪਾਰ ਸੰਸਥਾ ਵਰਗੇ ਸਾਮਰਾਜੀ ਅਦਾਰਿਆਂ ਦੇ ਇਸ਼ਾਰਿਆਂ ‘ਤੇ ਮੁਲਕ ‘ਚ ਲਾਗੂ ਕੀਤੀ ਜਾ ਰਹੀ ਲੋਕ ਵਿਰੋਧੀ ਨਵੀਂ ਸਿੱਖਿਆ ਨੀਤੀ ਨੂੰ ਰੱਦ ਕੀਤਾ ਜਾਵੇ।
ਪ੍ਰੈਸ ਦੇ ਨਾਮ ਬਿਆਨ ਜਾਰੀ ਦੋਵਾਂ ਜਥੇਬੰਦੀਆਂ ਦੇ ਸੂਬਾਈ ਆਗੂਆਂ ਅਸ਼ਵਨੀ ਘੁੱਦਾ ਤੇ ਹੁਸ਼ਿਆਰ ਸਿੰਘ ਨੇ ਕਿਹਾ ਕਿ ਦੇਸ਼ ਅੰਦਰ ਜੀ-20 ਦੀਆਂ ਮੀਟਿੰਗਾਂ ਹੋ ਰਹੀਆਂ ਹਨ ਤੇ ਇਹਨਾਂ ਦੇ ਏਜੰਡਿਆਂ ‘ਚੋਂ ਸਿੱਖਿਆ ਅਤੇ ਲੇਬਰ ਮੁੱਦਿਆਂ ‘ਤੇ ਹੋਣ ਵਾਲੀਆਂ ਮੀਟਿੰਗਾਂ ਪੰਜਾਬ ਅੰਦਰ ਅੰਮ੍ਰਿਤਸਰ ਵਿੱਚ ਕਰਵਾਈਆਂ ਜਾਣੀਆਂ ਹਨ। ਉਹਨਾਂ ਕਿਹਾ ਕਿ ਦੁਨੀਆਂ ਦੇ ਵੱਡੇ ਸਾਮਰਾਜੀ ਮੁਲਕਾਂ ਦੀ ਸ਼ਮੂਲੀਅਤ ਤੇ ਮੋਹਰੀ ਭੂਮਿਕਾ ਵਾਲਾ ਇਹ 20 ਦੇਸ਼ਾਂ ਦਾ ਗਰੁੱਪ ਸਾਮਰਾਜੀ ਮੁਲਕਾਂ ਦੇ ਲੁਟੇਰੇ ਮੰਤਵਾਂ ਨੂੰ ਅੱਗੇ ਵਧਾਉਣ ਲਈ ਬਣਾਇਆ ਗਿਆ ਹੈ। ਇਸ ਮੰਚ ਰਾਹੀਂ ਸੰਸਾਰ ਸਾਮਰਾਜੀ ਸੰਸਥਾਵਾਂ ਜਿਵੇਂ ਸੰਸਾਰ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼ ਤੇ ਸੰਸਾਰ ਬੈਂਕ ਆਦਿ ਦੇ ਲੁਟੇਰੇ ਏਜੰਡਿਆਂ ਨੂੰ ਪਛੜੇ ਮੁਲਕਾਂ ‘ਤੇ ਮੜ੍ਹਿਆ ਜਾਂਦਾ ਹੈ। ਭਾਰਤ ਵਰਗੇ ਮੁਲਕਾਂ ਦੀ ਸਿੱਖਿਆ ਖੇਤਰ ਚ ਸਾਮਰਾਜੀ ਕੰਪਨੀਆਂ ਤੇ ਮੁਲਕਾਂ ਦੀ ਪੁੱਗਤ ਹੋਰ ਵਧੇਰੇ ਮਜ਼ਬੂਤ ਕਰਨ ਦੀਆਂ ਵਿਉਂਤਾਂ ਬਣਾਈਆਂ ਜਾਂਦੀਆਂ ਹਨ। ਦੇਸ਼ ਦੇ ਕੁਦਰਤੀ ਸੋਮਿਆਂ ਤੇ ਕਿਰਤ ਸ਼ਕਤੀ ਨੂੰ ਸਾਮਰਾਜੀਆਂ ਵੱਲੋਂ ਲੁੱਟਣ ਦੀਆਂ ਵਿਉਤਾਂ ਇਹਨਾਂ ਮੰਚਾਂ ਰਾਹੀਂ ਘੜੀਆਂ ਤੇ ਲਾਗੂ ਕੀਤੀਆਂ ਜਾਂਦੀਆਂ ਹਨ। ਇਹ ਦੇਸ਼ ਨੂੰ ਸਾਮਰਾਜੀਆਂ ਕੋਲ ਗਹਿਣੇ ਧਰਨ ਦਾ ਪਲੇਟਫਾਰਮ ਹੈ।
ਆਗੂਆਂ ਨੇ ਕਿਹਾ ਕਿ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਤ ਪੰਜਾਬ ਦੇ ਸਰਕਾਰੀ ਕਾਲਜ ਵੱਡੇ ਵਿੱਤੀ ਸੰਕਟ ਚ ਹਨ ਇਨ੍ਹਾਂ ਨੂੰ ਸੰਕਟ ‘ਚ ਧੱਕਣ ਲਈ ਜੀ-20 ਵਰਗੇ ਸਾਮਰਾਜੀ ਸੰਸਥਾਵਾਂ ਵੱਲੋਂ ਬਣਾਈਆਂ ਨਵੀਆਂ ਆਰਥਿਕ ਨੀਤੀਆਂ ਹੀ ਜ਼ਿੰਮੇਵਾਰ ਹਨ ਅਤੇ ਹੁਣ ਪੰਜਾਬ ‘ਚ ਬਹਿ ਕੇ ਵੀ ਇਨ੍ਹਾਂ ਮੰਚਾਂ ਰਾਹੀਂ ਬਚੀ ਖੁਚੀ ਸਿੱਖਿਆ ਦਾ ਕੀਰਤਨ ਸੋਹਿਲਾ ਪੜਨ ਦੀਆਂ ਵਿਉਂਤਾਂ ਬਣਨੀਆਂ ਹਨ। ਮੁਲਕ ਦੇ ਵਿਦਿਆਰਥੀਆਂ ਤੋਂ ਸਸਤੀ ਤੇ ਮਿਆਰੀ ਸਿੱਖਿਆ ਖੋਹਣ ਲਈ ਲਿਆਂਦੀ ਨਵੀਂ ਸਿੱਖਿਆ ਨੀਤੀ 2020 ਸੰਸਾਰ ਵਪਾਰ ਸੰਸਥਾ ਜਿਹੀਆਂ ਸਾਮਰਾਜੀ ਸੰਸਥਾਵਾਂ ਤੇ ਜੀ-20 ਜਿਹੇ ਮੰਚਾਂ ਰਾਹੀਂ ਹੀ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦਾ ਵਾਅਦਾ ਕਰਕੇ ਸੱਤਾ ‘ਚ ਆਈ ਆਪ ਪਾਰਟੀ ਦੀ ਸਰਕਾਰ ਵੱਲੋਂ ਬਜਟ ‘ਚ ਪੰਜਾਬੀ ਯੂਨੀਵਰਸਿਟੀ ਦੀ ਗ੍ਰਾਂਟ ‘ਤੇ ਕੱਟ ਲਾ ਕੇ ਸਾਮਰਾਜੀ ਸੰਸਥਾਵਾਂ ਦੇ ਇਸ਼ਾਰਿਆਂ ‘ਤੇ ਚੱਲਦਿਆਂ ਸਰਕਾਰੀ ਸਿੱਖਿਆ ਖੋਹਣ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਉਚੇਰੀ ਸਿੱਖਿਆ ਖੇਤਰ ਨੂੰ ਸੰਕਟਾਂ ‘ਚ ਧੱਕਣ ਲਈ ਜ਼ਿੰਮੇਵਾਰ ਸਾਮਰਾਜੀ ਮੁਲਕਾਂ ਦੇ ਨੁਮਾਇੰਦਿਆਂ ਦਾ ਪੰਜਾਬ ‘ਚ ਸਵਾਗਤ ਕੀਤਾ ਜਾ ਰਿਹਾ ਹੈ। ਇਨ੍ਹਾਂ ਦੀ ਮੇਜ਼ਬਾਨੀ ‘ਚ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਚੋਂ 100 ਕਰੋੜ ਰੁਪਇਆ ਖਰਚਿਆ ਜਾਣਾ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸਿੱਖਿਆ, ਸਿਹਤ, ਖੇਤੀ ਤੇ ਸਨਅਤ ਨੂੰ ਬਰਬਾਦ ਕਰਨ ਵਾਲੇ ਸਾਮਰਾਜੀ ਗਰੁੱਪਾਂ ਦੇ ਸਵਾਗਤ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਨੇ ਦਰਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਵੀ ਸਾਮਰਾਜ ਭਗਤੀ ਦੀ ਨੀਤੀ ‘ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਚ ਵਿਰੋਧ ਪ੍ਰਦਰਸ਼ਨ ਰਾਹੀਂ ਮੰਗ ਕੀਤੀ ਜਾਵੇਗੀ ਕਿ ਮੁਲਕ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼ ਤੇ ਸੰਸਾਰ ਬੈਂਕ ਜਿਹੀਆਂ ਸਾਮਰਾਜੀ ਸੰਸਥਾਵਾਂ ਚੋਂ ਬਾਹਰ ਆਵੇ ਤੇ ਇਨ੍ਹਾਂ ਨਾਲ ਕੀਤੀਆਂ ਸੰਧੀਆਂ ਰੱਦ ਕਰੇ। ਸਾਮਰਾਜੀ ਕੰਪਨੀਆਂ ਤੇ ਦੇਸੀ ਕਾਰਪੋਰੇਟਾਂ ਨੂੰ ਸਿੱਖਿਆ ਖੇਤਰ ਚੋਂ ਬਾਹਰ ਰੱਖੇ।
ਉਨ੍ਹਾਂ ਕਿਹਾ ਕਿ ਅੱਜ ਸ਼ਹੀਦ ਭਗਤ ਸਿੰਘ ਵੱਲੋਂ ਲਾਏ ਇਨਕਲਾਬ ਜ਼ਿੰਦਾਬਾਦ ਤੇ ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਨੂੰ ਬੁਲੰਦ ਕਰਦਿਆਂ ਪੰਜਾਬ ਦੇ ਵਿੱਦਿਅਕ ਖੇਤਰ ਸਮੇਤ, ਖੇਤੀ, ਸਨਅਤ ਤੇ ਕਿਰਤ ਨੂੰ ਲੁੱਟਣ ਦੀਆਂ ਵਿਉਂਤਾਂ ਬਣਾਉਣ ਲਈ ਜੁੜ ਰਹੇ ਸਾਮਰਾਜੀਆਂ ਦੇ ਵਿਰੋਧ ‘ਚ ਨਿੱਤਰਨਾ ਚਾਹੀੰਦਾ ਹੈ। ਉਨ੍ਹਾਂ ਨੌਜਵਾਨਾਂ ਵਿਦਿਆਰਥੀਆਂ ਨੂੰ 15 ਮਾਰਚ ਨੂੰ ਅੰਮ੍ਰਿਤਸਰ ਚ ਸਾਮਰਾਜੀ ਸੰਸਥਾਵਾਂ ਤੇ ਮੁਲਕਾਂ ਦੇ ਖਿਲਾਫ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਅੱਜ ਦੀ ਮੀਟਿੰਗ ਚ ਦੋਵਾਂ ਜਥੇਬੰਦੀਆਂ ਦੇ ਵਿਦਿਆਰਥੀ ਨੁਮਾਇੰਦੇ ਬਲਕਰਨ ਬਠਿੰਡਾ, ਅਮਿਤੋਜ ਮੌੜ, ਕੋਮਲ ਖਨੌਰੀ, ਰਮਨ ਕਾਲਾਝਾੜ, ਬਲਵਿੰਦਰ ਸੋਨੀ, ਗੁਰਪਾਲ ਗੁਰੀ, ਬਿੰਦਰ ਬਠਿੰਡਾ ਤੇ ਸੁਨੀਲ ਚੂਲੜ ਹਾਜ਼ਰ ਸਨ।