ਗੁਰਦਾਸਪੁਰ, 14 ਮਾਰਚ (ਸਰਬਜੀਤ ਸਿੰਘ)—-ਖੇਤਾਂ ਅਤੇ ਟੂਟੀਆਂ ‘ਚ ਪਹੁੰਚਣ ਤੋਂ ਪਹਿਲਾਂ ਸਤਲੁਜ ਦੇ ਪਾਣੀਆ ‘ਚ ਡਿਗਦੀਆਂ ਹਨ ਸੀਵਰ, ਸਨਅਤੀ ਨਿਕਾਸ ਦੀਆਂ ਚਾਰ ਨਦੀਆਂ ਤੇ ਹੋਰ ਬਹੁਤ ਪ੍ਰਦੂਸ਼ਣ
👉ਸਤਲੁਜ ਦਰਿਆ ‘ਚ ਸਭ ਤੋਂ ਪਹਿਲਾਂ ਮਾਰ ਕਰਦੀ ਹੈ ਸਰਸਾ ਨਦੀ। ਇਹ ਨਦੀ ਹਿਮਾਚਲ ਦੇ ਬੱਦੀ-ਬਰੋਟੀਵਾਲਾ-ਨਾਲਾਗੜ੍ਹ ਸਨਅਤੀ ਹੱਬ ਦਾ ਸੀਵਰ ਅਤੇ ਸਨਅਤੀ ਨਿਕਾਸ ਲੈਕੇ ਰੋਪੜ ਤੋਂ ਪਹਿਲਾਂ ਸਤਲੁਜ ‘ਚ ਸਾਮਲ ਹੁੰਦੀ ਹੈ। ਮਾਲਵੇ ਦੇ ਵੱਡੇ ਖੇਤਰ ਦੀਆਂ ਜਲ ਜਰੂਰਤਾਂ ਪੂਰੀਆਂ ਕਰਨ ਵਾਲਾ ਸਰਹਿੰਦ ਨਹਿਰ ਸਿਸਟਮ ਸਰਸਾ ਨਦੀ ਰਾਹੀਂ ਪ੍ਰਦੂਸ਼ਿਤ ਕੀਤਾ ਪਾਣੀ ਹੀ ਢੋਹ ਰਿਹਾ ਹੈ।
👉ਇਸ ਤੋਂ ਬਾਅਦ ਲੁਧਿਆਣਾ ਸ਼ਹਿਰ ਦਾ ਸੀਵਰ, ਸਨਅਤੀ ਇਕਾਈਆਂ, ਡੇਅਰੀਆਂ ਦਾ ਨਿਕਾਸ ਲੈਕੇ ਬੁੱਢਾ ਨਾਲਾ ਸਤਲੁਜ ‘ਚ ਸ਼ਾਮਲ ਹੁੰਦਾ ਹੈ।
👉ਫਿਰ ਜਲੰਧਰ ਸ਼ਹਿਰ ਦਾ ਸੀਵਰ ਅਤੇ ਸਨਅਤੀ ਨਿਕਾਸ ਕਾਲਾ ਸੰਘਿਆ ਡਰੇਨ ਅਤੇ ਜਮਸ਼ੇਰ ਡਰੇਨ ਰਾਹੀਂ ਸਤਲੁਜ ‘ਚ ਡਿਗਦਾ ਹੈ।
👉ਸਤਲੁਜ ਦਰਿਆ ‘ਚ 54 ਕਸਬਿਆਂ/ ਸ਼ਹਿਰਾਂ, 336 ਪਿੰਡਾਂ ਅਤੇ 2423 ਫੈਕਟਰੀਆਂ ਦਾ ਸੀਵਰ ਅਤੇ ਸਨਅਤੀ ਨਿਕਾਸ ਸੁੱਟਿਆ ਜਾਂਦਾ ਹੈ। ਪੰਜਾਬ ਵਿਚੋਂ ਹੀ ਇਕੱਲਾ ਸੀਵਰ ਹੀ 2 ਲੱਖ ਲੀਟਰ ਰੋਜਾਨਾ ਸਤਲੁਜ ‘ਚ ਡਿਗਦਾ ਹੈ, ਸਨਅਤੀ ਨਿਕਾਸੀ ਅਲੱਗ ਹੈ। ਲੁਧਿਆਣਾ ਅਤੇ ਜਲੰਧਰ ਦੇ ਤਿੰਨ ਡੇਅਰੀ ਕੰਪਲੈਕਸ ਹਨ ਜਿਥੋਂ ਪਸੂਆਂ ਦੇ ਮਲ-ਮੂਤਰ ਦਾ ਵੀ ਸਤਲੁਜ ‘ਚ ਨਿਕਾਸ ਹੁੰਦਾ ਹੈ।

ਇਸ ਸਮੇਂ ਸਤਲੁਜ ਗਹਿਰੇ ਕਾਲੇ ਰੰਗ ਦੀ ਧਾਰਾ ‘ਚ ਵਟ ਜਾਂਦਾ ਹੈ ਅਤੇ ਜਦੋਂ ਹਰੀਕੇ ਜਾ ਕੇ ਇਸਦਾ ਪਾਣੀ ਬਿਆਸ ਦੇ ਮੁਕਾਬਲਤਨ ਸਾਫ ਪਾਣੀ ਨਾਲ ਮਿਲਦਾ ਹੈ ਤਾਂ ਪਾਣੀਆਂ ਦਾ ਅੰਤਰ ਤਸਵੀਰ ‘ਚ ਸਾਫ ਦੇਖਿਆ ਜਾ ਸਕਦਾ ਹੈ। ਹਾਲਾਂਕਿ ਬਿਆਸ ਦਾ ਪਾਣੀ ਵੀ ਪ੍ਰਦੂਸ਼ਣ ਤੋਂ ਮੁਕਤ ਨਹੀਂ ਹੈ। ਪਿਛਲੇ ਸਾਲ ਹੀ ਇਕ ਸ਼ਰਾਬ ਫੈਕਟਰੀ ਵਲੋਂ ਛੱਡੇ ਜਹਿਰੀਲੇ ਨਿਕਾਸ ਕਾਰਣ ਹਜਾਰਾਂ ਮੱਛੀਆਂ ਮਰ ਗਈਆ ਸਨ ਅਤੇ ਨਹਿਰਾਂ ਦਾ ਕਾਲਾ ਪਾਣੀ ਚਰਚਾ ਦਾ ਵਿਸ਼ਾ ਬਣਿਆ ਸੀ।
ਪਰ, ਸਤਲੁਜ ਤਾਂ ਬੇਹੱਦ ਪ੍ਰਦੂਸ਼ਿਤ ਹੈ। ਪੰਜਾਬ ‘ਚ ਐਂਟਰੀ ਵਕਤ ਹੀ ਸਰਸਾ ਨਦੀ ਦੇ ਪ੍ਰਦੂਸ਼ਣ ਕਾਰਣ ਸਤਲੁਜ ਦੇ ਪਾਣੀ ਦੀ ਕੁਆਲਟੀ “ਬੀ ਕਲਾਸ” ਹੋ ਜਾਂਦੀ ਹੈ ਜੋ ਹਰੀਕੇ ਤੱਕ ਪਹੁੰਚਦੇ ਪਹੁੰਚਦੇ “ਈ ਕਲਾਸ” ਹੋ ਜਾਂਦੀ ਹੈ।
ਵਿਗਿਆਨਕ ਮਾਰਕਾਂ ਅਨੁਸਾਰ ਇਸ ਸ਼੍ਰੇਣੀ ਦਾ ਪਾਣੀ ਮਨੁੱਖੀ ਵਰਤੋਂ, ਪੀਣ ਜਾਂ ਖੇਤੀ ਦੇ ਯੋਗ ਨਹੀਂ ਹੈ। ਸੋਧੇ ਜਾਣ ਤੋਂ ਬਾਅਦ ਵੀ ਇਹ ਵਰਤੋਂ ਯੋਗ ਨਹੀਂ ਰੰਹਿਦਾ।
ਪਰ ਹਰੀਕੇ ਤੋਂ ਜੌੜੀਆਂ ਨਹਿਰਾਂ ਨਿਕਲਦੀਆਂ ਹਨ। ਇੱਕ ਹੈ ਭਾਰਤ ਦੀ ਸਭ ਤੋਂ ਵੱਡੀ ਨਹਿਰ “ਇੰਦਰਾ ਗਾਂਧੀ ਕੈਨਾਲ” ਜੋ ਇਸ ਦੂਸ਼ਿਤ ਪਾਣੀ ਨੂੰ ਰਾਜਸਥਾਨ ‘ਚ ਥਾਰ ਦੇ ਦੂਰ ਦਰਾਜ ਇਲਾਕੇ ਤੱਕ ਲੈ ਜਾਂਦੀ ਹੈ। ਰਾਜਸਥਾਨ ਦੇ ਲੋਕ ਇਸ ਪਾਣੀ ਨੂੰ ਬਹੁਤ ਵਾਰ ਨਹਿਰ ਤੋਂ ਸਿੱਧਾ ਹੀ ਆਪਣੀ ਜਰੂਰਤਾਂ ਲਈ ਵਰਤਣ ਲਈ ਮਜਬੂਰ ਹਨ। ਹਰੀਕਿਆਂ ਤੋਂ ਦੂਸਰੀ ਨਹਿਰ ਫਰੀਦਕੋਟ, ਮੁਕਤਸਰ, ਅਬੋਹਰ ਜਿਲ੍ਹਿਆਂ ‘ਚ ਪਾਣੀ ਮੁਹਈਆ ਕਰਾਉਂਦੀ ਅੱਗੇ ਹਰਿਆਣਾ ‘ਚ ਜਾ ਮੁਕਦੀ ਹੈ। ਅੱਗੇ ਹੂਸੈਨੀਵਾਲਾ ਤੋਂ ਗੰਗ ਕਨਾਲ ਤੇ ਇਕ ਹੋਰ ਨਹਿਰ ਨਿਕਲਦੀ ਹੈ।
ਇਸ ਤਰ੍ਹਾਂ ਸਾਰਾ ਦੱਖਣੀ ਪੰਜਾਬ ਪੂਰੀ ਤਰ੍ਹਾਂ ਸਤੁਲਜ ਦੇ ਇਸ ਦੂਸ਼ਿਤ ਪਾਣੀ ਤੇ ਨਿਰਭਰ ਹੈ ਜਿੱਥੇ ਸਤਲੁਜ ‘ਚੋਂ ਨਿਕਲੀਆਂ ਨਹਿਰਾਂ ਅਤੇ ਇਹਨਾਂ ਦੀਆਂ ਸ਼ਖਾਵਾਂ ਦਾ ਜਾਲ ਪਸਰਿਆ ਹੋਇਆ ਹੈ। ਥਾਰ ਦੇ ਇਲਾਕੇ ਤੱਕ ਸਾਰਾ ਰਾਜਸਥਾਨ ਇਸੇ ਦੂਸ਼ਿਤ ਪਾਣੀ ‘ਤੇ ਨਿਰਭਰ ਹੈ। ਹਰਿਆਣਾ ਦਾ ਕੁਝ ਇਲਾਕਾ ਵੀ ਇਹ ਪਾਣੀ ਵਰਤਦਾ ਹੈ। ਇਸ ਤਰ੍ਹਾਂ ਹਿਮਾਚਲ ਪ੍ਰਦੇਸ਼ ਸਣੇ ਚਾਰ ਰਾਜਾਂ ਦੇ ਕਰੋੜਾਂ ਲੋਕ ਇਸ ਦੂਸ਼ਿਤ ਪਾਣੀ ਤੋਂ ਪੀੜਤ ਹਨ। ਸਤਲੁਜ ਦੇ ਪ੍ਰਦੂਸ਼ਣ ਦਾ ਮਸਲਾ ਚਾਰ ਰਾਜਾਂ ਦੇ ਸਭਨਾਂ ਲੋਕਾਂ ਦਾ ਸਾਂਝਾ ਮਸਲਾ ਹੈ।
☝️ਆਈਏਐਸ ਅਫਸਰ ਕੇਐਸ ਪੰਨੂ ਨੇ ਸਾਲ 2019 ਵਿਚ ਪ੍ਰੈਸ ਨੂੰ ਦੱਸਿਆ ਕਿ ਸਤਲੁਜ ਦੀ ਸਾਰੀ ਸਫਾਈ ਲਈ ਮਹਿਜ 1500 ਕਰੋੜ ਰੁਪਏ ਚਾਹੀਦੇ ਹਨ। ਚਾਹੇ ਕਿੰਨੇ ਵੀ ਚਾਹੀਦੇ ਹੋਣ, ਕੇਂਦਰ ਅਤੇ ਸੂਬਾਈ ਸਰਕਾਰਾਂ ਦਾ ਫਰਜ ਹੈ ਕਿ ਸਤਲੁਜ ਦੀ ਸਾਫ-ਸਫਾਈ ਲਈ ਢੁਕਵੇਂ ਬੰਦੋਬਸਤ ਕੀਤੇ ਜਾਣ।
☝️ਸਤਲੁਜ ਕਿਨਾਰੇ ਵਸੇ ਸਾਰੇ ਪਿੰਡਾਂ, ਕਸਬਿਆਂ ਸ਼ਹਿਰਾਂ ਦਾ ਸੀਵਰ ਸਤਲੁਜ ‘ਚ ਪੈਣੋ ਰੋਕਿਆ ਜਾਵੇ। ਸੀਵਰ ਟਰੀਟਮੈਂਟ ਪਲਾਂਟ ਲਗਾ ਕੇ ਮੁੜ ਇਹ ਪਾਣੀ ਵਰਤੋਂ ‘ਚ ਲਿਆਂਦਾ ਜਾਵੇ।
☝️ਹਿਮਾਚਲ ਅਤੇ ਪੰਜਾਬ ਦੀਆਂ ਹਜਾਰਾਂ ਸਨਅਤਾਂ ਦਾ ਨਿਕਾਸ ਸੋਧਣ ਦਾ ਬੰਦੋਬਸਤ ਯਕੀਨੀ ਕੀਤਾ ਜਾਵੇ। ਨਿੱਜੀ ਮੁਨਾਫਿਆਂ ਨੂੰ ਵਾਤਾਵਰਣ ਤੋਂ ਤਰਜੀਹ ਦੇਣੀ ਬੰਦ ਹੋਵੇ।
☝️ਪਹਿਲਾਂ ਮੌਜੂਦ ਸੀਵਰ ਸੋਧੂ ਪਲਾਂਟਾਂ ਦੀ ਕਾਰਜਗੁਜਾਰੀ ਸੁਧਾਰੀ ਜਾਵੇ। ਇਹਨਾਂ ਮਹਿਕਮਿਆਂ ‘ਚ ਮੌਜੂਦ ਭ੍ਰਿਸ਼ਟਾਚਾਰ ਤੇ ਨੱਥ ਪਾਈ ਜਾਵੇ।
☝️ਸਤਲੁਜ ਪਾਣੀ ਸੋਧਣ ਦੀ ਪ੍ਰਕਿਰਿਆ ਲਈ ਢੁਕਵਾਂ ਜਨਤਕ ਨਿਵੇਸ਼ ਕੀਤਾ ਜਾਵੇ। ਜਨਤਕ ਖਜਾਨਿਆਂ ਦਾ ਮੂੰਹ ਕਾਰਪੋਰੇਟਾਂ ਦੇ ਟੈਕਸ ਮਾਫ ਕਰਨ ਦੀ ਬਜਾਇ ਅਜਿਹੇ ਅਹਿਮ ਮਸਲਿਆਂ ਦੇ ਹੱਲ ਲਈ ਖੋਹਲਿਆ ਜਾਵੇ।
✊ਜਲ ਪ੍ਰਦੂਸ਼ਣ ਨੂੰ ਠੱਲ੍ਹਣ ਦਾ ਮਸਲਾ ਤਾਂ ਹੀ ਹੱਲ ਕੀਤਾ ਜਾ ਸਕਦਾ ਹੈ ਜੇ ਇਹ ਮਸਲੇ ਪੰਜਾਬ ਦੀ ਅਤੇ ਚਾਰੇ ਰਾਜਾਂ ਦੀ ਜਨਤਾ ਦੀ ਸੁਰਤ ਮਲ੍ਹਣ। ਇਸ ਲਈ ਆਓ, ਇਸ ਸਬੰਧੀ ਲੋਕਾਂ ‘ਚ ਜਾਣਕਾਰੀ ਅਤੇ ਜਨ-ਚੇਨਤਾ ਸੰਚਾਰ ਲਈ ਆਪਣਾ ਬਣਦਾ ਰੋਲ ਅਦਾ ਕਰੀਏ।


