ਸਿਹਤ ਵਿਭਾਗ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

ਗੁਰਦਾਸਪੁਰ

ਗੁਰਦਾਸਪੁਰ, 11 ਫਰਵਰੀ (ਸਰਬਜੀਤ ਸਿੰਘ) – ਡਾਇਰੈਕਟਰ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਦੀਆਂ ਹਿਦਾਇਤਾਂ ਅਨੁਸਾਰ ਏ.ਐਨ.ਐਮ/ਜੀ.ਐਨ.ਐਮ ਟ੍ਰੇਨਿੰਗ ਸਕੂਲ ਬੱਬਰੀ ਗੁਰਦਾਸਪੁਰ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਵਿਸ਼ੇ ’ਤੇ ਸਮਾਗਮ ਕੀਤਾ ਗਿਆ। ਇਸ ਮੌਕੇ ਸਮੂਹ ਵਿਦਿਆਰਥੀਆਂ, ਹਾਜਰ ਮੈਂਬਰਾਂ ਅਤੇ ਅਧਿਕਾਰੀਆਂ ਨੇ ਸਹੁੰ ਚੁਕੀ ਕਿ ਉਹ ਕੁੜੀਆਂ ਦੀ ਜਨਮ ਦਰ ਵਧਾਉਣ ਲਈ ਯਤਨ ਕਰਨਗੇ, ਭਰੂਣ ਹੱਤਿਆ ਰੋਕਣਗੇ ਅਤੇ ਮੁਹਿੰਮ ਦੀ ਸਫਲਤਾ ਲਈ ਯਤਨ ਕਰਣਗੇ। ਜਨਮ ਦਰ ਦੇ ਕੁਦਰਤੀ ਆਂਕੜੇ ਨੂੰ ਹਾਸਲ ਕੀਤਾ ਜਾਵੇਗਾ। ਵਿਦਿਆਰਥੀਆਂ ਵਲੋਂ ਬੇਟੀ ਬਚਾਓ ਬੇਟੀ ਪੜਾਓ ਵਿਸ਼ੇ ਤੇ ਕਵਿਤਾਵਾਂ ਪੜੀਆਂ ਗਈਆਂ।

ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤੇਜਿੰਦਰ ਕੌਰ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਜਨਮ ਦਰ ਘੱਟ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਲਿੰਗ ਅਨੁਪਾਤ ਘੱਟ ਹੋਣ ਦਾ ਇਕ ਕਾਰਨ ਭਰੂਣ ਹਤਿਆ ਵੀ ਹੈ। ਉਨ੍ਹਾਂ ਕਿਹਾ ਸਿਹਤ ਵਿਭਾਗ ਇਸ ਕੁਰੀਤੀ ਨੂੰ ਰੋਕਣ ਲਈ ਤਿੱਖੀ ਨਜ਼ਰ ਰੱਖ ਰਿਹਾ ਹੈ ਅਤੇ ਲੋਕ ਜਾਗਰੂਕਤਾ ਲਈ ਸਿਹਤ ਵਿਭਾਗ ਕਾਫੀ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਸਿਹਤ ਮੁਲਾਜਮਾਂ ਨੂੰ ਵੀ ਵਿਸ਼ੇਸ਼ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਨੇ ਕਿਹਾ ਕਿ ਕੁੜੀਆਂ ਨੂੰ ਬੋਝ ਨਾ ਮੰਨਿਆ ਜਾਵੇ। ਉਨ੍ਹਾਂ ਕਿਹਾ ਕਿ  ਕੁੜੀਆਂ ਦੀ ਬਿਹਤਰੀ ਲਈ ਸਰਕਾਰ ਵੱਲੋਂ ਬਾਲੜੀ ਰਖਿਆ ਯੋਜਨਾ ਅਤੇ ਸੁਕੰਨਿਆ ਸਮਰਿਧੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਜੇਕਰ ਕੋਈ ਅਲਟਰਾਸਾਉਂਡ ਸਕੈਨ ਸੈਂਟਰ ਨਿਯਮਾਂ ਦੇ ਉਲਟ ਲਿੰਗ ਨਿਰਧਾਰਨ ਟੈਸਟ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਲੜਕੀਆਂ ਦੀ ਜਨਮ ਦਰ ਨੂੰ ਵਧਾਉਣ ਲਈ ਸਿਹਤ ਸਟਾਫ ਏਐਨਸੀ ਡੇ ਤਹਿਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਐਸਐਮਓ ਡਾ. ਚੇਤਨਾ, ਮਾਸ ਮੀਡੀਆ ਅਫਸਰ ਗੁਰਿੰਦਰ ਕੌਰ, ਹਰਦੇਵ ਠਾਕੁਰ ਆਦਿ ਹਾਜ਼ਰ ਸਨ।      

Leave a Reply

Your email address will not be published. Required fields are marked *