ਨੌਜਵਾਨਾਂ ਦੇ ਸਮੂਹ ਵੱਲੋਂ ਖੇਤਾਂ ਵਿੱਚੋਂ ਪਰਾਲੀ ਨੂੰ ਬੇਲਰ ਦੀ ਮਦਦ ਨਾਲ ਗੱਠਾਂ ਬਣਾ ਕੇ ਚੁੱਕਿਆ ਜਾ ਰਿਹਾ
ਗੁਰਦਾਸਪੁਰ, 20 ਅਕਤੂਬਰ (ਸਰਬਜੀਤ ਸਿੰਘ) – ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੀਆਂ ਕੋਸ਼ਿਸ਼ਾਂ ਰੰਗ ਲਿਆ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰੇਰਨਾ ਤੇ ਸਹਿਯੋਗ ਨਾਲ ਕਿਸਾਨ ਇਸ ਵਾਰ ਝੋਨੇ ਦੀ ਪਰਾਲੀ ਨੂੰ ਸੰਭਾਲਣ ਦੇ ਵੱਖ-ਵੱਖ ਢੰਗ ਤਰੀਕੇ ਅਪਣਾਅ ਰਹੇ ਹਨ। ਧਾਰੀਵਾਲ ਦੇ ਅਗਾਂਵਧੂ ਨੌਜਵਾਨ ਤੇਜਬੀਰ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਵੀ ਪਰਾਲੀ ਦੀ ਸੰਭਾਲ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਨੌਜਵਾਨਾਂ ਵੱਲੋਂ ਰੋਜ਼ਾਨਾਂ ਕਰੀਬ 1000 ਏਕੜ ਝੌਨੇ ਦੀ ਪਰਾਲੀ ਨੂੰ ਬੇਲਰ ਮਸ਼ੀਨਾਂ ਦੀ ਮਦਦ ਨਾਲ ਸੰਭਾਲਿਆ ਜਾ ਰਿਹਾ ਹੈ।
ਤੇਜਬੀਰ ਸਿੰਘ ਅਤੇ ਉਸਦੇ ਸਾਥੀਆਂ ਕੋਲ 35 ਦੇ ਕਰੀਬ ਬੇਲਰ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਦੀਆਂ ਗੱਠਾਂ ਬਣਾ ਕੇ ਇਕੱਠੀਆਂ ਕਰ ਰਹੇ ਹਨ। ਇਨ੍ਹਾਂ ਨੌਜਵਾਨਾਂ ਵੱਲੋਂ ਪਰਾਲੀ ਇਕੱਠੀ ਕਰਨ ਦਾ ਕਿਸਾਨਾਂ ਕੋਲੋਂ ਕੋਈ ਖਰਚਾ ਨਹੀਂ ਲਿਆ ਜਾਂਦਾ। ਤੇਜਬੀਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਖੇਤਾਂ ਵਿਚ ਬੇਲਰ ਨਾਲ ਪਰਾਲੀ ਦੀਆਂ ਗੱਠਾਂ ਬਣਾਉਂਦੇ ਹਨ ਅਤੇ ਫਿਰ ਇਨ੍ਹਾਂ ਗੱਠਾਂ ਨੂੰ ਇਕੱਠਾ ਕਰਕੇ ਪਠਾਨਕੋਟ ਅਤੇ ਲੁਧਿਆਣਾ ਵਿਖੇ ਲਿਜਾ ਕੇ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਉਸਦੇ ਸਾਥੀ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚੋਂ ਪਰਾਲੀ ਨੂੰ ਇਕੱਠਾ ਕਰ ਰਹੇ ਹਨ ਅਤੇ ਕੋਈ ਵੀ ਕਿਸਾਨ ਆਪਣੇ ਖੇਤਾਂ ਵਿੱਚੋਂ ਪਰਾਲੀ ਨੂੰ ਚੁਕਾਉਣ ਲਈ ਉਨ੍ਹਾਂ ਦੇ ਨੰਬਰ 98552-22522 ’ਤੇ ਸੰਪਰਕ ਕਰ ਸਕਦਾ ਹੈ।
ਮੁੱਖ ਖੇਤੀਬਾੜੀ ਅਧਿਕਾਰੀ ਗੁਰਦਾਸਪੁਰ ਡਾ. ਕੰਵਲਪ੍ਰੀਤ ਸਿੰਘ ਨੇ ਤੇਜਬੀਰ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਕੀਤੀ ਜਾ ਰਹੀ ਇਸ ਪਹਿਲ ਕਦਮੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਹਾਈ ਹੋਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ ਬਲਕਿ ਵੱਖ-ਵੱਖ ਤਰੀਕਿਆਂ ਨੂੰ ਅਪਣਾਅ ਕੇ ਪਰਾਲੀ ਦਾ ਨਿਪਟਾਰਾ ਕਰਨ।


