ਅਬਜ਼ਰਵਰਾਂ ਨੇ ਸਾਰੀ ਪ੍ਰੀਕ੍ਰਿਆ ਨੂੰ ਪਾਰਦਰਸ਼ੀ ਅਤੇ ਨਿਯਮਾਂ ਅਨੁਸਾਰ ਦੱਸਿਆ
ਗੁਰਦਾਸਪੁਰ, 19 ਅਕਤੂਬਰ (ਸਰਬਜੀਤ ਸਿੰਘ) – ਪੰਜਾਬ ਸਰਕਾਰ ਦੀ ਹਦਾਇਤਾਂ ’ਤੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ। ਮੰਡੀਆਂ ਵਿੱਚ ਝੋਨੇ ਦੀ ਫਸਲ ਨੂੰ ਜਿਥੇ ਨਾਲੋ-ਨਾਲ ਖਰੀਦਿਆ ਜਾ ਰਿਹਾ ਹੈ ਓਥੇ ਲਿਫਟਿੰਗ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖਰੀਦ ਏਜੰਸੀਆਂ ਵੱਲੋਂ ਜਾਰੀ ਕੀਤੇ ਜਾਂਦੇ ਆਰ.ਓ. (ਰਲੀਜ਼ ਆਰਡਰ) ਵਿੱਚ ਪਾਰਦਰਸ਼ਤਾ ਲਿਆਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਤਾਇਨਾਤ ਕੀਤੇ ਅਬਜ਼ਰਵਰਾਂ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਆਰ.ਓ. ਰਲੀਜ ਕਰਨ ਦੀ ਨਿਗਰਾਨੀ ਲਈ ਲਗਾਏ ਗਏ ਅਬਜ਼ਰਵ ਡਿਪਟੀ ਡਾਇਰੈਕਟਰ ਬਾਗਾਬਨੀ ਵਿਭਾਗ ਗੁਰਦਾਸਪੁਰ ਸ. ਗੁਰਜੀਤ ਸਿੰਘ ਵੱਲੋਂ ਅੱਜ ਮੈਨੇਜਰ ਵੇਅਰ ਹਾਊਸ, ਗੁਰਦਾਸਪੁਰ ਦਾ ਰਿਕਾਰਡ ਚੈੱਕ ਕੀਤਾ ਗਿਆ। ਆਰ.ਓ. ਦੀ ਰੀਪੋਰਟ ਲੈਣ ਤੋਂ ਬਾਅਦ ਡਿਪਟੀ ਡਾਇਰੈਕਟਰ ਨੇ ਦੱਸਿਆ ਹੈ ਕਿ ਅੱਜ ਮਿਤੀ 18 ਅਕਤੂਬਰ ਨੂੰ ਵੇਅਰ ਹਾਊਸ ਵੱਲੋਂ 7 ਆਰ.ਓ. ਰਲੀਜ਼ ਕੀਤੇ ਗਏ ਹਨ ਅਤੇ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ। ਇਸ ਦੌਰਾਨ ਕਿਸੇ ਵੱਲੋਂ ਕਿਸੇ ਤਰਾਂ ਦੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ।
ਇਸੇ ਤਰਾਂ ਦੂਸਰੇ ਅਬਜ਼ਰਵ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸ. ਕਸ਼ਮੀਰ ਸਿੰਘ ਵੱਲੋਂ ਅੱਜ ਪਨਸਪ ਖਰੀਦ ਏਜੰਸੀ ਦਾ ਰਿਕਾਰਡ ਚੈੱਕ ਕੀਤਾ ਗਿਆ। ਡਿਪਟੀ ਡਾਇਰੈਕਟਰ ਨੇ ਆਪਣੀ ਰੀਪੋਰਟ ਵਿੱਚ ਦੱਸਿਆ ਹੈ ਕਿ ਪਨਸਪ ਏਜੰਸੀ ਵੱਲੋਂ ਅੱਜ 1 ਆਰ.ਓ. 250 ਐੱਮ.ਟੀ. ਲੰਗਾਹ ਮੰਡੀ ਨੂੰ ਭੇਜਿਆ ਗਿਆ ਹੈ ਅਤੇ ਇਹ ਸਾਰੀ ਕਾਰਵਾਈ ਨਿਯਮਾਂ ਅਨੁਸਾਰ ਪੂਰੀ ਤਰਾਂ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ।
ਤੀਸਰੇ ਅਬਜ਼ਰਵਰ ਡਿਪਟੀ ਡਾਇਰੈਕਟਰ ਮੱਛੀ ਪਾਲਣ ਸ. ਸਰਵਣ ਸਿੰਘ ਸੰਧੂ ਵੱਲੋਂ ਅੱਜ ਮਾਰਕਫੈਡ ਏਜੰਸੀ ਦਾ ਰਿਕਾਰਡ ਚੈੱਕ ਕੀਤਾ ਗਿਆ ਜਿਸ ਦੌਰਾਨ ਪਾਇਆ ਗਿਆ ਕਿ ਮਾਰਕਫੈਡ ਵੱਲੋਂ ਅੱਜ 12 ਆਰ.ਓ. ਰਲੀਜ਼ ਕੀਤੇ ਗਏ ਹਨ। ਆਰ.ਓ. ਰਲੀਜ਼ ਕਰਨ ਦੀ ਸਾਰੀ ਕਾਰਵਾਈ ਪੂਰੀ ਤਰਾਂ ਪਾਰਦਰਸ਼ੀ ਸੀ ਅਤੇ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ।
ਚੌਥੇ ਅਬਜ਼ਰਵਰ ਉਪ ਮੰਡਲ ਭੂਮੀ ਰੱਖਿਆ ਅਫ਼ਸਰ ਗੁਰਦਾਸਪੁਰ ਸ. ਹਰਚਰਨ ਸਿੰਘ ਕੰਗ ਵੱਲੋਂ ਪਨਗਰੇਨ ਦੇ ਜ਼ਿਲ੍ਹਾ ਦਫ਼ਤਰ ਦੀ ਰੀਪੋਰਟ ਲਈ ਗਈ ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਪਨਗ੍ਰੇਨ ਵੱਲੋਂ ਅੱਜ ਸ਼ਾਮ 6:15 ਵਜੇ ਤੱਕ 18 ਆਰ.ਓ. (ਰਲੀਜ਼ ਆਰਡਰ) ਜਾਰੀ ਕੀਤੇ ਗਏ ਹਨ। ਇਹ ਸਾਰੀ ਕਾਰਵਾਈ ਪੂਰੀ ਤਰਾਂ ਪਾਰਦਰਸ਼ੀ ਅਤੇ ਨਿਯਮਾਂ ਅਨੁਸਾਰ ਕੀਤੀ ਗਈ ਹੈ ਅਤੇ ਕਿਸੇ ਤਰਾਂ ਦੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ।


