ਗੁਰਦਾਸਪੁਰ, 12 ਅਗਸਤ (ਸਰਬਜੀਤ ਸਿੰਘ) – ਡਾਇਰੈਕਟਰ ਜਨਰਲ ਪੁਲਸ, ਪੰਜਾਬ, ਡਿਪਟੀ ਇੰਸਪੈਕਟਰ ਜਨਰਲ ਪੁਲਸ, ਬਾਰਡਰ ਰੇਂਜ, ਅੰਮ੍ਰਿਤਸਰ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰਦਾਸਪੁਰ ਪੁਲਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਹੈ। ਫੜੇ ਗਏ ਮੁਲਾਜ਼ਮਾਂ ਦੀ ਪਹਿਚਾਣ ਸਰਬਜੀਤ ਸਿੰਘ ਉਰਫ਼ ਸਾਬੀ ਪੁੱਤਰ ਸੁੱਚਾ ਸਿੰਘ ਵਾਸੀ ਪੱਬਾਂਰਾਲੀ ਥਾਣਾ ਡੇਰਾ ਬਾਬਾ ਨਾਨਕ ਅਤੇ ਲਵਪ੍ਰੀਤ ਸਿੰਘ ਉਰਫ਼ ਲਵ ਪੁੱਤਰ ਹਰਦੇਵ ਸਿੰਘ ਵਾਸੀ ਰੋਡ ਖੈਹਿਰਾ ਥਾਣਾ ਕਿਲ੍ਹਾ ਲਾਲ ਸਿੰਘ ਵਜੋਂ ਹੋਈ ਹੈ।
ਆਦਿੱਤਯ, ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਸ, ਗੁਰਦਾਸਪੁਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11.08.2025 ਨੂੰ ਸਵੇਰੇ 09 ਵਜੇ ਦੇ ਕਰੀਬ ਮੈਡੀਕਲ ਸਟੋਰ, ਵਡਾਲਾ ਬਾਂਗਰ ਵਿਖੇ ਅਣਪਛਾਤੇ ਵਿਅਕਤੀ ਵੱਲੋਂ 02 ਹਵਾਈ ਫਾਇਰ ਕੀਤੇ ਸਨ। ਜਿਸ ਤੇ ਨਾ-ਮਾਲੂਮ ਦੇ ਖ਼ਿਲਾਫ਼ ਮੁਕੱਦਮਾ ਨੰਬਰ 108, ਮਿਤੀ 11.08.2025 ਜੁਰਮ 125, 308(2), 351(3), 324(4) ਬੀ.ਐੱਨ.ਐੱਸ 25-54-59 ਅਸਲਾ ਐਕਟ ਥਾਣਾ ਕਲਾਨੌਰ ਵਿਖੇ ਦਰਜ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਕਰਨ ਲਈ ਕਪਤਾਨ ਪੁਲਸ ਇੰਨਵੈਸਟੀਗੇਸ਼ਨ, ਉਪ ਕਪਤਾਨ ਪੁਲਸ ਕਲਾਨੌਰ ਦੀ ਨਿਗਰਾਨੀ ਅਧੀਨ ਸਪੈਸ਼ਲ ਬਰਾਂਚ, ਸੀ.ਆਈ.ਏ. ਸਟਾਫ਼ ਅਤੇ ਮੁੱਖ ਅਫ਼ਸਰ ਥਾਣਾ ਕਲਾਨੌਰ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ/ਖ਼ੁਫ਼ੀਆ ਸੂਤਰਾਂ ਰਾਹੀਂ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਮੁਕੱਦਮਾ ਦੇ 02 ਦੋਸ਼ੀਆਂ ਨੂੰ 18 ਘੰਟੇ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਵਾਰਦਾਤ ਵਿੱਚ ਵਰਤੇ ਗਏ 02 ਪਿਸਟਲ ਸਮੇਤ ਮੈਗਜ਼ੀਨ ਤੇ 08 ਰੋਂਦ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਦੀ ਸਖ਼ਤੀ ਨਾਲ ਪੁੱਛ-ਗਿੱਛ ਤੇ ਉਨ੍ਹਾਂ ਨੇ ਦੱਸਿਆ ਕਿ ਮਿਤੀ 11.08.2025 ਨੂੰ ਮੈਡੀਕਲ ਸਟੋਰ, ਅੱਡਾ ਦਾਲਮ (ਪੁਲਸ ਜ਼ਿਲ੍ਹਾ ਬਟਾਲਾ) ਵਿਖੇ ਵੀ ਮੈਡੀਕਲ ਸਟੋਰ ਦੇ ਮਾਲਕ ਨੂੰ ਮਾਰ ਦੇਣ ਦੀ ਨਿਯਤ ਨਾਲ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਦੇ ਸਬੰਧ ਵਿੱਚ ਇਹਨਾਂ ਦੋਸ਼ੀਆਂ ਦੇ ਖ਼ਿਲਾਫ਼ ਪੁਲਸ ਜ਼ਿਲ੍ਹਾ ਬਟਾਲਾ ਵੱਲੋਂ ਵੱਖ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਦਾ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਦੇ ਬੈਕਵਰਡ ਲਿੰਕਜ਼ ਨੂੰ ਵੈਰੀਫਾਈ ਕੀਤਾ ਜਾਵੇਗਾ। ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ।
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਪੁਲਸ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਸ ਪੂਰੀ ਤਰ੍ਹਾਂ ਵਚਨਬੱਧ ਹੈ।


