ਮਾਨਸਾ, ਗੁਰਦਾਸਪੁਰ, 19 ਦਸੰਬਰ (ਸਰਬਜੀਤ ਸਿੰਘ)– ਅੱਜ ਜ਼ਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ),ਪੀ ਐੱਸ ਯੂ,ਦਲਿਤ ਮਨੁੱਖੀ ਅਧਿਕਾਰ ਸਭਾ,ਪੰਜਾਬ ਕਿਸਾਨ ਯੂਨੀਅਨ,ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਅਤੇ ਬਹੁਜਨ ਮੁਕਤੀ ਪਾਰਟੀ ਵੱਲੋਂ ਜ਼ਿਲ੍ਹਾ ਲਾਇਬ੍ਰੇਰੀ ਨੂੰ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਦੀ ਮਜਬੂਤੀ ਲਈ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਵਿੱਚ ਮੀਟਿੰਗ ਕੀਤੀ ਗਈ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਇਸਾ ਵੱਲੋਂ ਸੁਖਜੀਤ ਸਿੰਘ ਰਾਮਾਨੰਦੀ,ਜ਼ਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ ਵੱਲੋਂ ਸੁਰਿੰਦਰ ਸਿੰਘ ਮਾਨਸਾ,ਪੀ ਐੱਸ ਯੂ ਵੱਲੋਂ ਅਰਵਿੰਦਰ ਕੌਰ,ਦਲਿਤ ਮਨੁੱਖੀ ਅਧਿਕਾਰ ਸਭਾ ਵੱਲੋਂ ਐਡਵੋਕੇਟ ਅਜਾਇਬ ਸਿੰਘ ਗੁਰੂ,ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਕਾਮਰੇਡ ਸੁਰਿੰਦਰਪਾਲ ਸ਼ਰਮਾ,ਬਹੁਜਨ ਮੁਕਤੀ ਪਾਰਟੀ ਵੱਲੋਂ ਜਸਵੰਤ ਸਿੰਘ ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਸੁਖਚਰਨ ਸਿੰਘ ਦਾਨੇਵਾਲੀਆ ਨੇ ਕਿਹਾ ਮਾਮਲਾ ਮਹਿਜ਼ ਸਿਰਫ ਜ਼ਿਲਾ ਲਾਇਬ੍ਰੇਰੀ ਨੂੰ ਬਚਾਉਣ ਦਾ ਹੀ ਨਹੀਂ ਹੈ,ਸਗੋਂ ਪੂਰੇ ਦੇ ਪੂਰੇ ਸਿੱਖਿਆ ਤੰਤਰ ਨੂੰ ਮੁਨਾਫ਼ੇ ਖੋਰਾਂ ਦਾ ਹੱਥ ਠੋਕਾ ਬਣਾਏ ਜਾਣ ਤੋਂ ਬਚਾਉਣ ਦਾ ਹੈ। ਪੂਰੇ ਦੇ ਪੂਰੇ ਸਿੱਖਿਆ ਤੰਤਰ ਅੰਦਰ ਵਿਦਿਆਰਥੀ ਵਿਰੋਧੀ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਵਿੱਦਿਅਕ ਸੰਸਥਾਵਾਂ ਨੂੰ ਆਟੋਨੋਮਸ ਕਰਦਿਆਂ ਮਾਨਸਾ ਜ਼ਿਲ੍ਹੇ ਦੀ ਸਰਕਾਰੀ ਲਾਇਬ੍ਰੇਰੀ ਨੂੰ ਖ਼ਤਮ ਕਰਕੇ ਅੰਬੇਦਕਰ ਭਵਨ ਮਾਨਸਾ ਵਿੱਚ ਜ਼ਿਲਾ ਰੈੱਡ ਕਰਾਸ ਸੁਸਾਇਟੀ ਤੋਂ ਲਾਇਬ੍ਰੇਰੀ ਬਣਵਾ ਕੇ ਵਿਦਿਆਰਥੀਆਂ ਦੀਆਂ ਜੇਬਾਂ ਉੱਪਰ ਫੀਸਾਂ ਦਾ ਬੋਝ ਵਧਾਉਂਦਿਆਂ, ਸਰਕਾਰੀ ਲਾਇਬ੍ਰੇਰੀਆਂ ਨੂੰ ਚਲਾਉਣ ਤੋਂ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ,ਜ਼ੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਕਰਨਯੋਗ ਨਹੀਂ ਹੈ।ਆਗੂਆਂ ਨੇ ਮੰਗ ਕੀਤੀ ਕਿ ਸ਼ਹਿਰ ਅੰਦਰ ਅੰਬੇਦਕਰ ਭਵਨ ਵਿੱਚ ਹੀ ਜ਼ਿਲਾ ਲਾਇਬ੍ਰੇਰੀ ਨੂੰ ਬਹਾਲ ਕੀਤਾ ਜਾਵੇ,ਜ਼ਿਲਾ ਲਾਇਬ੍ਰੇਰੀ ਲਈ ਸਰਕਾਰ ਵੱਲੋਂ ਪਿਛਲੇ ਸਾਲ ਦਿੱਤੇ ਗਏ ਕੰਪਿਊਟਰਾਂ ਸਮੇਤ ਸਾਰਾ ਇਨਫਰਾਸਟਰੱਕਚ ਉਸੇ ਬਿਲਡਿੰਗ ਵਿੱਚ ਹੀ ਪਹਿਲਾਂ ਦੀ ਤਰ੍ਹਾਂ ਉਪਲੱਬਧ ਕਰਵਾਇਆ ਜਾਵੇ,ਡਾਕਟਰ ਅੰਬੇਦਕਰ ਭਵਨ ਮਾਨਸਾ ਵਿੱਚ ਜ਼ਿਲਾ ਲਾਇਬ੍ਰੇਰੀ ਦੀ ਵਿਵਸਥਾ ਪੱਕੇ ਹੁਕਮਾਂ ਅਧੀਨ ਕੀਤੀ ਜਾਵੇ,ਲਾਇਬ੍ਰੇਰੀ ਅੰਦਰ ਆਧੁਨਿਕ ਸਹੂਲਤਾਂ ਦਿੱਤੀਆਂ ਜਾਣ ਅਤੇ ਲਾਇਬ੍ਰੇਰੀ ਖੁੱਲੀ ਰਹਿਣ ਦਾ ਸਮਾਂ ਵਧਾਉਂਦੇ ਹੋਏ ਲਾਇਬ੍ਰੇਰੀ ਨੂੰ ਦਿਨ ਰਾਤ ਖੋਲਣ ਦੀ ਵਿਵਸਥਾ ਕੀਤੀ ਜਾਵੇ,ਜ਼ਿਲਾ ਲਾਇਬ੍ਰੇਰੀ ਵਿੱਚ ਲਾਇਬ੍ਰੇਰੀਅਨ,ਕਲਰਕ ਅਤੇ ਰੀਸਟੋਰਰ ਦੀਆਂ ਆਸਾਮੀਆਂ ਲਈ ਪੱਕੀ ਭਰਤੀ ਕੀਤੀ ਜਾਵੇ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਜ਼ਿਲਾ ਲਾਇਬ੍ਰੇਰੀ ਨੂੰ ਬਹਾਲ ਨਾਂ ਕੀਤਾ ਗਿਆ ਤਾਂ 27 ਦਸੰਬਰ ਨੂੰ ਜ਼ਿਲਾ ਕਚਹਿਰੀਆਂ ਤੋਂ ਲੈ ਕੇ ਸੇਵਾ ਸਿੰਘ ਠੀਕਰੀਵਾਲਾ ਚੌਂਕ ਤੱਕ ਰੋਸ ਮਾਰਚ ਕਰਕੇ ਐੱਮ ਐੱਲ ਏ ਹਲਕਾ ਮਾਨਸਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਆਗੂਆਂ ਨੇ ਭਰਾਤਰੀ ਜਥੇਬੰਦੀਆਂ ਨੂੰ ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਅਪੀਲ ਵੀ ਕੀਤੀ।ਇਸ ਮੌਕੇ ਜ਼ਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ ਵੱਲੋਂ ਅਮਨਦੀਪ ਕੌਰ,ਸਰਬਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।