ਸੀਪੀਆਈ ਐਮਐਲ ਲਿਬਰੇਸ਼ਨ ਦੀ ਸੂਬਾ ਪੱਧਰੀ ਟੀਮ ਨੇ ਖਨੌਰੀ ਬਾਰਡਰ ਦੇ ਮੋਰਚੇ ਦੀ ਹਿਮਾਇਤ ਕਰਨ ਸਬੰਧੀ ਖਨੌਰੀ ਦਾ ਕੀਤਾ ਦੌਰਾ
ਖਨੌਰੀ,ਗੁਰਦਾਸਪੁਰ, 19 ਦਸੰਬਰ (ਸਰਬਜੀਤ ਸਿੰਘ)– ਸੀਪੀਆਈ ਐਮਐਲ ਲਿਬਰੇਸ਼ਨ ਦੀ ਸੂਬਾ ਪੱਧਰੀ ਟੀਮ ਨੇ ਖਨੌਰੀ ਬਾਰਡਰ ਦੇ ਮੋਰਚੇ ਦੀ ਹਿਮਾਇਤ ਕਰਨ ਸਬੰਧੀ ਖਨੌਰੀ ਦਾ ਦੌਰਾ ਕੀਤਾ । ਇਸ ਟੀਮ ਵਿੱਚ ਕੇਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ ,ਸਟੈਡਿੰਗ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰੂੜੇਕੇ ,ਜਸਬੀਰ ਕੌਰ ਨੱਤ , ਅਸ਼ਵਨੀ ਕੁਮਾਰ ਲੱਖਣਕਲਾਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਸ਼ਾਮਿਲ ਸਨ। ਦੌਰੇ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਆਗੂਆਂ ਨੇ ਕਿਹਾ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਗੰਭੀਰ ਬਣ ਚੁੱਕੀ ਹੈ , ਬੇਸ਼ਕ ਸਾਡੀ ਪਾਰਟੀ ਮਰਨ ਵਰਤ ਨੂੰ ਦਰੁਸਤ ਨਹੀਂ ਸਮਝਦੀ ਪਰ ਜੇਕਰ ਸੰਯੁਕਤ ਕਿਸਾਨ ਮੋਰਚਾ ,ਗੈਰ ਰਾਜਨੀਤਿਕ, ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਦਾ ਪੈਂਤੜਾ ਲਿਆ ਹੈ ਤਾਂ ਕੇਂਦਰ ਸਰਕਾਰ ਨੂੰ ਲਾਜ਼ਮੀ ਉਹਨਾਂ ਦੀ ਜਥੇਬੰਦੀ ਨਾਲ ਗੱਲਬਾਤ ਕਰਕੇ ਮਸਲੇ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਣਾ ਚਾਹੀਦਾ ਸੀ ਪਰ ਅਫਸੋਸ ਦੀ ਗੱਲ ਹੈ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆ 24 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਕਿਸਾਨੀ ਮੰਗਾ ਬਾਬਤ ਗੱਲਬਾਤ ਕਰਨ ਲਈ ਟਸ ਤੋਂ ਮਸ ਨਹੀਂ ਹੋਈ। ਜੇਕਰ ਡੱਲੇਵਾਲ ਦੀ ਮੌਤ ਹੋ ਜਾਂਦੀ ਹੈ ਇਸ ਲਈ ਮੁੱਖ ਤੌਰ ਤੇ ਕੇਂਦਰ ਸਰਕਾਰ ਜਿੰਮੇਵਾਰ ਹੋਵੇਗੀ।
ਲਿਬਰੇਸ਼ਨ ਦਾ ਇਹ ਵੀ ਮੰਨਣਾ ਹੈ ਕਿ ਜਿਹੜੀਆਂ ਮੰਗਾਂ ਉੱਪਰ ਡੱਲੇਵਾਲ ਨੇ ਮਰਨ ਵਰਤ ਰੱਖਿਆ ਹੋਇਆ ਹੈ ਉਹ ਮੰਗਾਂ ਲੰਬੇ ਅਤੇ ਵਿਸ਼ਾਲ ਏਕੇ ਤੇ ਸੰਘਰਸ਼ ਨਾਲ ਹੱਲ ਹੋਣ ਵਾਲੀਆਂ ਹਨ ,ਜਿੰਨਾ ਮੰਗਾਂ ਦਾ ਸਬੰਧ ਸੰਸਾਰ ਵਪਾਰ ਸੰਸਥਾ, ਅੰਤਰਰਾਸ਼ਟਰੀ ਮੁਦਰਾ ਕੋਸ਼ ਅਤ ਸੰਸਾਰ ਬੈਂਕ ਵਰਗੀਆਂ ਦਿਊਂਕੱਦ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ ਜਿਨਾਂ ਵਿਰੁੱਧ ਲੜਨ ਲਈ ਕੌਮੀ ਤੇ ਕੌਮਾਂਤਰੀ ਪੱਧਰ ਦੇ ਸੰਘਰਸ਼ ਦੀ ਜਰੂਰਤ ਹੈ ।ਇਹ ਸੰਘਰਸ਼ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਸੰਘਰਸ਼ ਕਿਹਾ ਜਾ ਸਕਦਾ ਹੈ। ਲਿਬਰੇਸ਼ਨ ਆਗੂਆਂ ਕਿਹਾ ਕਿ ਖਨੌਰ ਅਤੇ ਸ਼ੰਭੂ ਬਾਰਡਰ ਤੇ ਮੋਰਚਾ ਲਾਉਣ ਵਾਲੇ ਆਗੂਆਂ ਨੂੰ ਆਪਣੇ ਮੋਰਚੇ ਬਾਰੇ ਮੁੜ ਰਿਵਿਊ ਕਰਨਾ ਚਾਹੀਦਾ ਅਤੇ ਦਿੱਲੀ ਵਿੱਚ ਲੜੇ ਗਏ ਮੋਰਚੇ ਦੀ ਤਰਜ ਉੱਪਰ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦਾ ਵਿਸ਼ਾਲ ਫਰੰਟ ਉਸਾਰਿਆ ਜਾਣਾ ਚਾਹੀਦਾ ਹੈ ਤਾਂ ਹੀ ਤਾਕਤ ਦੁਸ਼ਮਣ ਨੂੰ ਹਾਰ ਦਿੱਤੀ ਜਾ ਸਕਦੀ ਹੈ। ਲਿਬਰੇਸ਼ਨ ਟੀਮ ਵਿੱਚ ਡਾਕਟਰ ਸਿਕੰਦਰ ਸਿੰਘ, ਸੁਰਿੰਦਰ ਸ਼ਰਮਾਂ, ਸੁਰਜੀਤ ਗਿੱਲ, ਹਰਦਿਆਲ ਸਿੰਘ ਬੱਖਤਪੁਰਾ ਅਤੇ ਗੋਰਾ ਲਾਲ ਸ਼ਾਮਲ ਸਨ।