ਗੁਰਦਾਸਪੁਰ, 11 ਸਤੰਬਰ (ਸਰਬਜੀਤ ਸਿੰਘ)–ਸੀਪੀਆਈ (ਐਮ ਐਲ) ਲਿਬਰੇਸਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਦਸ਼ਨ ਸਿੰਘ ਨੱਤ ਨੇ ਭਾਰਤ ਤੇ ਚੀਨ ਦੇ ਫੌਜੀ ਅਧਿਕਾਰੀਆਂ ਦੀਆਂ ਸਾਂਝੀਆਂ ਮੀਟਿੰਗਾਂ ਵਿਚ ਬਣੀ ਸਹਿਮਤੀ ਤੋਂ ਬਾਦ ਜਿਥੇ ਪੂਰਬੀ ਲਦਾਖ ਦੇ ਕੁਝ ਹਿਸਿਆਂ ਵਿਚੋਂ ਦੋਵੇਂ ਦੇਸਾਂ ਦੀਆਂ ਫੌਜਾਂ ਦੇ ਪਿੱਛੇ ਹੱਟਣ ਦਾ ਸਵਾਗਤ ਕੀਤਾ ਹੈ, ਉਥੇ ਕਿਹਾ ਹੈ ਕਿ ਇਸ ਸਬੰਧ ਵਿਚ ਬੀਤੇ ਵਿਚ ਗਲਤ ਬਿਆਨੀ ਕਰਕੇ ਦੇਸ ਦੀ ਜਨਤਾ ਨੂੰ ਗੁੰਮਰਾਹ ਕਰਨ ਬਦਲੇ ਪ੍ਰਧਾਨ ਮੰਤਰੀ ਦੇਸ ਦੀ ਜਨਤਾ ਤੋਂ ਮਾਫੀ ਮੰਗਣ।
ਲਿਬਰੇਸਨ ਦੇ ਸੂਬਾਈ ਬੁਲਾਰੇ ਵਲੋਂ ਇਥੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਦੋਂ ਕਰੀਬ ਢਾਈ ਸਾਲ ਪਹਿਲਾਂ ਚੀਨ ਕੰਟਰੋਲ ਰੇਖਾ ਪਾਰ ਕਰਕੇ ਵਲੋਂ ਭਾਰਤ ਦੇ ਇਲਾਕੇ ਵਿਚ ਘੁਸਪੈਠ ਦੀਆਂ ਖਬਰਾਂ ਵੱਡੇ ਪੱਧਰ ‘ਤੇ ਚਰਚਾ ਵਿਚ ਆਈਆਂ ਸਨ , ਤਾਂ ਇਸ ਉਤੇ ਪਰਦਾਪੋਸੀ ਕਰਦਿਆਂ ਮੋਦੀ ਜੀ ਨੇ ਕੈਮਰਿਆਂ ਸਾਹਮਣੇ ਬੜੇ ਧੜੱਲੇ ਨਾਲ ਐਲਾਨ ਕੀਤਾ ਸੀ ਕਿ ‘ਉਥੇ ਨਾ ਕੋਈ ਭਾਰਤੀ ਇਲਾਕੇ ਵਿਚ ਆਇਆ ਹੈ, ਨਾ ਕੋਈ ਉਥੇ ਹੈ ਅਤੇ ਨਾ ਕੋਈ ਆ ਸਕਦਾ ਹੈ!‘ ਪਰ ਹੁਣ ਚੀਨੀ ਫੌਜਾਂ ਦੀ ‘ਵਾਪਸੀ‘ ਦਾ ਸਰਕਾਰੀ ਤੌਰ ‘ਤੇ ਐਲਾਨ ਕਰਨ ਨਾਲ ਇਹ ਸਚਾਈ ਸਾਹਮਣੇ ਆ ਗਈ ਹੈ ਕਿ ਉਸ ਵਕਤ ਪ੍ਰਧਾਨ ਮੰਤਰੀ ਵਲੋਂ ਦਿੱਤਾ ਬਿਆਨ ਗਲਤ ਤੇ ਗੁੰਮਰਾਹ ਕਰਨ ਵਾਲਾ ਸੀ, ਜਿਸ ਦੇ ਲਈ ਉਨਾਂ ਨੂੰ ਦੇਸ ਦੀ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ।