ਮੋਦੀ ਸਰਕਾਰ ਵੱਲੋਂ ਐਲਿਜਾਬੈਥ ਦੇ ਸਨਮਾਨ ਵਿੱਚ ਕੌਮੀ ਝੰਡਾ ਝੁਕਾਉਣ ਦਾ ਫੈਸਲਾ ਆਜਾਦੀ ਅੰਦੋਲਨ ਦੇ ਸਹੀਦਾਂ ਦਾ ਅਪਮਾਨ ਹੈ – ਸੁਖਦਰਸ਼ਨ ਸਿੰਘ ਨੱਤ

ਪੰਜਾਬ

ਮਹਾਰਾਣੀ ਐਲਿਜਾਬੈਥ ਬਸਤੀਵਾਦੀ ਸੋਸਣ, ਗੁਲਾਮੀ ਅਤੇ ਲੁੱਟ ਦੀ ਪ੍ਰਤੀਕ : ਦੀਪਾਂਕਰ ਭੱਟਾਚਾਰੀਆ
ਸਾਡਾ ਕੌਮੀ ਝੰਡਾ ਬਸਤੀਵਾਦ ਅਤੇ ਗੁਲਾਮੀ ਦੇ ਪ੍ਰਤੀਕ ਦੇ ਖਿਲਾਫ ਹਮੇਸਾ ਬੁਲੰਦ ਰਹੇਗਾ।
ਗੁਰਦਾਸਪੁਰ, 11 ਸਤੰਬਰ (ਸਰਬਜੀਤ ਸਿੰਘ) — ਸੀਪੀਆਈ (ਐਮ ਐਲ) ਲਿਬਰੇਸਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਦਸ਼ਨ ਸਿੰਘ ਨੱਤ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਇੰਡੀਆ ਗੇਟ ‘ਤੇ ਰਾਜਪੱਥ ਦਾ ਨਾਂ ਬਦਲ ਕੇ ਕਰਤੱਵ ਪੱਥ ਰੱਖਣ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ‘ਰਾਜਪਥ‘ ਨਾਂ ਗੁਲਾਮੀ ਦਾ ਪ੍ਰਤੀਕ ਸੀ। ਇਸੇ ਤਰਾਂ, ਪਿਛਲੇ ਹਫਤੇ ਆਈਐਨਐਸ ਵਿਕਰਾਂਤ ਨੂੰ ਨੇਵੀ ਦੇ ਸਪੁਰਦ ਕਰਨ ਦੌਰਾਨ, ਮੋਦੀ ਨੇ ਭਾਰਤੀ ਜਲ ਸੈਨਾ ਨੂੰ ਇੱਕ ਨਵਾਂ ਝੰਡਾ ਪ੍ਰਦਾਨ ਕੀਤਾ, ਜਿਸ ਵਿੱਚੋਂ ਯੂਨੀਅਨ ਜੈਕ ਵਿਚਲਾ ਸੇਂਟ ਜਾਰਜ ਕਰਾਸ ਹਟਾ ਕੇ ਇੱਕ ਨਵਾਂ ਚਿੰਨ ਜੋੜਿਆ ਗਿਆ ਸੀ। ਇਸ ਬਾਰੇ ਪ੍ਰਧਾਨ ਮੰਤਰੀ ਦਫਤਰ ਦਾ ਕਹਿਣਾ ਸੀ ਕਿ ਇਹ ਬਦਲਾਅ ਭਾਰਤ ਨੂੰ ਬਸਤੀਵਾਦੀ ਅਤੀਤ ਤੋਂ ਮੁਕਤ ਕਰਾਉਣ ਦੀ ਕੋਸ਼ਿਸ ਹੈ। ਪਰ ਇਸ ਦੇ ਅਗਲੇ ਹੀ ਦਿਨ, ਮੋਦੀ ਸਰਕਾਰ ਨੇ ਬਸਤੀਵਾਦ ਅਤੇ ਗੁਲਾਮੀ ਦੇ ਪ੍ਰਤੀਕਾਂ ਦੇ ਖਿਲਾਫ ਖੜੇ ਹੋਣ ਦਾ ਆਪਣਾ ਇਹ ਐਲਾਨ ਪੂਰੀ ਤਰਾਂ ਤਿਆਗ ਦਿੱਤਾ। ਮੋਦੀ ਸਰਕਾਰ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ 11 ਸਤੰਬਰ ਨੂੰ ਬਿ੍ਰਟੇਨ ਅਤੇ ਉੱਤਰੀ ਆਇਰਲੈਂਡ ਦੀ ਮਹਾਰਾਣੀ ਐਲਿਜਾਬੈਥ ਦੇ ਸਨਮਾਨ ਵਿੱਚ ਦੇਸ ਦਾ ਕੌਮੀ ਝੰਡਾ ਅੱਧਾ ਝੁਕਾਉਣ ਦਾ ਐਲਾਨ ਕਰ ਦਿੱਤਾ। ਜਦੋਂ ਕਿ ਇਹ ਉਹ ਮਰਹੂਮ ਹਸਤੀ ਹੈ, ਜੋ ਸੰਸਾਰ ਭਰ ਵਿੱਚ ਸੈਂਕੜੇ ਸਾਲਾਂ ਦੇ ਬਸਤੀਵਾਦੀ ਸੋਸਣ, ਗੁਲਾਮੀ ਅਤੇ ਲੁੱਟ ਦੀ ਪ੍ਰਤੀਕ ਹੈ।

ਬਿਆਨ ਵਿਚ ਕਿਹਾ ਗਿਆ ਹੈ ਕਿ ਐਲਿਜਾਬੈਥ , ਜਿਸਨੂੰ 1953 ਵਿੱਚ ਬਰਤਾਨਵੀ ਸਾਮਰਾਜ ਦਾ ਤਾਜ ਪਹਿਨਾਇਆ ਗਿਆ ਸੀ, ਬਿ੍ਰਟੇਨ ਦੀ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਸੀ, ਜੋ ਨਾ ਸਿਰਫ ਬਸਤੀਵਾਦੀ ਯੁੱਗ ਦੀ ਪ੍ਰਤੀਕ ਸੀ, ਸਗੋਂ ਜੋ ਸੰਸਾਰ ਭਰ ਚ ਫੈਲੇ ਜਾਬਰ ਬਰਤਾਨਵੀ ਸਾਮਰਾਜ ਦੀ ਇੱਕ ਸਰਗਰਮ ਹੁਕਮਰਾਨ ਸੀ। ਆਪਣੇ ਸਾਸਨ ਦੌਰਾਨ, ਬਿ੍ਰਟੇਨ ਨੇ 1950 ਅਤੇ 1960 ਦੇ ਦਹਾਕੇ ਵਿੱਚ ਦੁਨੀਆ ਭਰ ਵਿੱਚ ਬਸਤੀਵਾਦ ਵਿਰੋਧੀ ਸੰਘਰਸਾਂ ਨੂੰ ਬੇਰਹਿਮੀ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ।
ਭਾਰਤ ਵਿੱਚ, 1857 ਦੇ ਕ੍ਰਾਂਤੀਕਾਰੀਆਂ ਦਾ ਕਤਲੇਆਮ, ਬੰਗਾਲ ਦਾ ਕਾਲ, ਜਲਿਆਂਵਾਲਾ ਬਾਗ ਦਾ ਕਤਲੇਆਮ, ਭਗਤ ਸਿੰਘ ਅਤੇ ਅਨੇਕਾਂ ਹੋਰ ਦੇਸਭਗਤ ਕ੍ਰਾਂਤੀਕਾਰੀਆਂ ਨੂੰ ਦਿੱਤੀ ਫਾਂਸੀ, ਭਾਰਤ ਛੱਡੋ ਅੰਦੋਲਨ ਅਤੇ ਸਮੁੱਚੇ ਆਜਾਦੀ ਸੰਘਰਸ ਦੌਰਾਨ ਅਨੇਕਾਂ ਵਹਿਸੀ ਜਾਬਰ ਕਾਂਡ ਬਰਤਾਨਵੀ ਰਾਜ ਦੇ ਕੁਝ ਵੱਡੇ ਬਸਤੀਵਾਦੀ ਅਪਰਾਧ ਸਨ। ਉੱਘੀ ਅਰਥ ਸਾਸਤਰੀ ਉਤਸਾ ਪਟਨਾਇਕ ਨੇ ਅੰਦਾਜਾ ਲਗਾਇਆ ਹੈ ਕਿ ਬਿ੍ਰਟੇਨ ਨੇ 1765 ਤੋਂ 1938 ਦਰਮਿਆਨ ਭਾਰਤ ਤੋਂ 45 ਟਿ੍ਰਲੀਅਨ ਡਾਲਰ ਚੋਰੀ ਕੀਤੇ ਸਨ। ਇਹ ਉਹੀ ਸਾਮਰਾਜਸਾਹੀ ਹੈ ਜਿਸ ਨੂੰ ਮਹਾਰਾਣੀ ਐਲਿਜਾਬੈਥ ਨੇ ਬਿਨਾਂ ਕਿਸੇ ਪਛਤਾਵੇ, ਮੁਆਵਜੇ ਜਾਂ ਮੁਆਫੀ ਦੇ ਬੇਸਰਮੀ ਨਾਲ ਅੱਗੇ ਵਧਾਇਆ। ਬਸਤੀਵਾਦ ਦੀ ਇਸ ਕੇਂਦਰੀ ਸੰਸਥਾ ਦੇ ਸਨਮਾਨ ਵਿੱਚ ਅਸੀਂ ਆਜਾਦੀ ਦੇ ਸੰਘਰਸ ਦੇ ਪ੍ਰਤੀਕ ਆਪਣੇ ਕੌਮੀ ਝੰਡੇ ਨੂੰ ਕਿਵੇਂ ਨੀਵਾਂ ਕਰ ਸਕਦੇ ਹਾਂ? ਇਥੇ ਖਾਸ ਤੌਰ ‘ਤੇ ਜਿਕਰਯੋਗ ਹੈ ਕਿ ਮਹਾਰਾਣੀ ਐਲਿਜਾਬੈਥ 1997 ਵਿਚ ਜਦੋਂ ਅਪਣੇ ਪਤੀ ਸਮੇਤ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਤੇ ਜਲਿਆਂ ਵਾਲੇ ਬਾਗ ਦੇ ਦੌਰੇ ‘ਤੇ ਆਈ ਸੀ , ਤਾਂ ਉਸ ਨੇ ਜਲਿਆਂਵਾਲਾ ਬਾਗ ‘ਚ 13 ਅਪ੍ਰੈਲ 1919 ਨੂੰ ਬਰਤਾਨਵੀ ਹਕੂਮਤ ਵਲੋਂ ਕਰਵਾਏ ਭਿਆਨਕ ਕਤਲੇਆਮ ਲਈ ਮਾਫੀ ਮੰਗਣਾ ਤਾਂ ਦੂਰ ਸਰਸਰੀ ਅਫਸੋਸ ਵੀ ਪ੍ਰਗਟ ਨਹੀਂ ਸੀ ਕੀਤਾ। ਭਾਰਤ ਨੇ ਆਪਣੇ ਆਪ ਨੂੰ 1947 ਵਿਚ ਬਿ੍ਰਟਿਸ ਬਸਤੀਵਾਦ ਦੇ ਪੰਜੇ ਤੋਂ ਆਜਾਦ ਕਰ ਲਿਆ, ਪਰ ਦੁਨੀਆ ਭਰ ਦੇ ਕਈ ਦੇਸਾਂ ਨੇ ਮਹਾਰਾਣੀ ਐਲਿਜਾਬੈਥ ਦੇ ਸਾਸਨ ਨੂੰ ਲਾਗੂ ਕਰਨ ਵਾਲੀਆਂ ਬਿ੍ਰਟਿਸ ਫੌਜਾਂ ਦੇ ਹੱਥੋਂ ਹਿੰਸਾ ਅਤੇ ਨਸਲਕੁਸੀ ਦਾ ਸਾਹਮਣਾ ਕਰਦੇ ਹੋਏ ਅਗਲੇ ਪੰਜ ਦਹਾਕਿਆਂ ਤੱਕ ਸੰਘਰਸ ਜਾਰੀ ਰੱਖਿਆ। ਉਸਦੇ ਸਾਸਨ ਅਧੀਨ, ਕੀਨੀਆ ਵਿੱਚ ਮਾਊ ਮਾਊ ਆਜਾਦੀ ਅੰਦੋਲਨ ਨੂੰ 1950 ਦੇ ਦਹਾਕੇ ਦੌਰਾਨ ਬੇਰਹਿਮੀ ਨਾਲ ਦਬਾਇਆ ਗਿਆ ਸੀ, ਜਿਸ ਵਿੱਚ ਹਜਾਰਾਂ ਲੋਕਾਂ ਦਾ ਕਤਲੇਆਮ ਕੀਤਾ ਗਿਆ ਸੀ। ਬਿ੍ਰਟਿਸ ਬਸਤੀਵਾਦੀ ਅਧਿਕਾਰੀਆਂ ਦੁਆਰਾ 20,000 ਤੋਂ ਵੱਧ ਲੋਕਾਂ ਨੂੰ ਮੌਤ ਦੀ ਸਜਾ ਦਿੱਤੀ ਗਈ ਸੀ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਤਸੱਦਦ ਕੈਂਪਾਂ ਵਿੱਚ ਭੇਜਿਆ ਗਿਆ ਸੀ। ਇਨਾਂ ਕੈਂਪਾਂ ਵਿੱਚ ਬਲਾਤਕਾਰ ਅਤੇ ਭਿਆਨਕ ਤਸੱਦਦ ਤੋਂ ਬਚੀਆਂ ਔਰਤਾਂ ਅੱਜ ਵੀ ਇਨਸਾਫ ਦੀ ਮੰਗ ਕਰ ਰਹੀਆਂ ਹਨ।
ਮਹਾਰਾਣੀ ਨੂੰ ਆਧੁਨਿਕ ਬਿ੍ਰਟੇਨ ਦੀ ‘ਚਟਾਨ‘ ਵਜੋਂ ਪੇਸ ਕਰਕੇ ਉਸ ਦੇ ਬਸਤੀਵਾਦੀ ਅਪਰਾਧਾਂ ਨੂੰ ਛੁਪਾਉਣ ਅਤੇ ਅਲੱਗ-ਥਲੱਗ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਪਰ ਬਿ੍ਰਟਿਸ ਰਾਜਸਾਹੀ (ਜੋ ਕੋਈ ਵੀ ਇਸ ਤਖਤ ਉਤੇ ਬੈਠਦਾ ਹੈ) ਦੇ ਸਿੰਘਾਸਣ ਵਲੋਂ ਸੰਸਾਰ ਭਰ ਵਿੱਚ ਬਸਤੀਵਾਦੀ ਅੱਤਿਆਚਾਰਾਂ ਦੇ ਸਮਿਆਂ ਵਿਚ ਬੇਰਹਿਮੀ ਨਾਲ ਡੋਲੇ ਅਥਾਹ ਲਹੂ ਨੂੰ ਧੋਤਾ ਨਹੀਂ ਜਾ ਸਕਦਾ। ਅੱਜ ਅਸੀਂ ਬਸਤੀਵਾਦ ਵਿਰੁੱਧ ਸਾਨਦਾਰ ਆਜਾਦੀ ਸੰਗਰਾਮ ਦੇ ਸਨਮਾਨ ਵਿੱਚ ਆਜਾਦੀ ਦੀ 75ਵੀਂ ਵਰੇਗੰਢ ਮਨਾ ਰਹੇ ਹਾਂ। ਅਜਿਹੇ ਸਮੇਂ ਵਿੱਚ ਮਹਾਰਾਣੀ ਦੇ ਸਨਮਾਨ ਵਿੱਚ ਕੌਮੀ ਝੰਡਾ ਝੁਕਾਉਣ ਦਾ ਹੁਕਮ ਸਾਡੇ ਆਜਾਦੀ ਘੁਲਾਟੀਆਂ ਦੀ ਕੁਰਬਾਨੀ ਦਾ ਅਪਮਾਨ ਹੈ, ਜਿਨਾਂ ਨੇ ਬਸਤੀਵਾਦੀ ਬੰਧਨਾਂ ਨੂੰ ਤੋੜਨ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਅਜਿਹਾ ਕਰਕੇ, ਮੋਦੀ ਸਰਕਾਰ ਇੱਕ ਵਾਰ ਫਿਰ ਆਪਣੇ ਆਪ ਨੂੰ ਬਸਤੀਵਾਦੀ ਸਾਸਕਾਂ ਦੇ ਵਫਾਦਾਰ ਉੱਤਰਾਧਿਕਾਰੀ, ‘ਭੂਰੇ ਅੰਗਰੇਜਾਂ‘ ਵਜੋਂ ਪੇਸ ਕਰ ਰਹੀ ਹੈ ਜਿਸ ਬਾਰੇ ਸਾਨੂੰ ਸਹੀਦ ਭਗਤ ਸਿੰਘ ਨੇ ਆਪਣੀ ਫਾਂਸੀ ਤੋਂ ਪਹਿਲਾਂ ਸੁਚੇਤ ਕੀਤਾ ਸੀ।

Leave a Reply

Your email address will not be published. Required fields are marked *